ਦਿੱਲੀ ਦਰਬਾਰ ਦੀ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖਲ-ਅੰਦਾਜੀ ਵਿਰੁੱਧ ਅਕਾਲ ਤਖ਼ਤ ਸਾਹਿਬ ਸਖ਼ਤ ਸਟੈਂਡ ਲਵੇ

ਦਿੱਲੀ ਦਰਬਾਰ ਦੀ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖਲ-ਅੰਦਾਜੀ ਵਿਰੁੱਧ ਅਕਾਲ ਤਖ਼ਤ ਸਾਹਿਬ ਸਖ਼ਤ ਸਟੈਂਡ ਲਵੇ

*ਪ੍ਰਧਾਨ ਮੰਤਰੀ ਵੱਲੋਂ ਵੀਰ ਬਾਲ ਦਿਵਸ ਐਲਾਨਣ ਦਾ ਮਾਮਲਾ 

*ਨੌਜਵਾਨਾਂ ਨੇ ਬੀ.ਜੇ.ਪੀ ਤੇ ਆਰ.ਐੱਸ.ਐੱਸ. ਦੇ ਹਿੰਦੁਤਵ ਏਜੰਡੇ ਵਿਰੁੱਧ ਡਟਣ ਦਾ ਲਿਆ ਫ਼ੈਸਲਾ

*ਬਾਦਲ ਤੋਂ ਬਾਅਦ ਕੈਪਟਨ-ਢੀਂਡਸਾ ਹਿੰਦੂਤਵ ਦੇ ਰੱਥ 'ਤੇ ਹੋਏ ਸਵਾਰ

*ਗੁਰਨਾਮ ਸਿੰਘ ਮੂਨਕਾਂ ਬਣੇ ਸਿੱਖ ਯੂਥ ਆਫ਼ ਪੰਜਾਬ ਦੇ ਨਵੇਂ ਪ੍ਰਧਾਨ

*ਸਵੈ-ਨਿਰਣੇ ਦੇ ਹੱਕ ਤੋਂ ਬਿਨਾਂ ਖਿੱਤੇ ਵਿੱਚ ਸ਼ਾਂਤੀ ਮੁਮਕਿਨ ਨਹੀਂ

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ ( ਕੰਵਰਪਾਲ ਸਿੰਘ  ): ਸਿੱਖ ਯੂਥ ਆਫ਼ ਪੰਜਾਬ ਵੱਲੋਂ ਅੱਜ ਸੰਜੋਗ ਹੋਟਲ 'ਚ ਨੌਜਵਾਨਾਂ ਦੀ ਇੱਕ ਇਕੱਤਰਤਾ ਸੱਦੀ ਗਈ ਜਿਸ ਵਿੱਚ ਭਾਰਤੀ ਸਟੇਟ ਦੀ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਸਿੱਧੀ ਦਖਲਅੰਦਾਜੀ, ਗ਼ੈਰ-ਸਰਕਾਰੀ ਅਨਸਰਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਉੱਤੇ ਹਮਲੇ ਤੇ ਬੇਅਦਬੀਆਂ, ਆਰ.ਐੱਸ.ਐੱਸ/ਭਾਜਪਾ ਵੱਲੋਂ ਪੰਜਾਬ ਦੀ ਫਿਜਾ ਨੂੰ ਹਿੰਦੁਤਵ ਰੰਗ ਵਿੱਚ ਰੰਗਣ ਦੀ ਸੋਚ ਤੇ ਕੋਸ਼ਿਸ਼ਾਂ, ਨਿੱਤ ਦਿਨ ਸਿੱਖ ਨੌਜਵਾਨਾਂ ਦੀਆਂ ਕਾਲੇ ਕਾਨੂੰਨ ਯੂ.ਏ.ਪੀ.ਏ ਤਹਿਤ ਗ੍ਰਿਫਤਾਰੀਆਂ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਰਾਜਸੀ ਕੈਦੀਆਂ ਨਾਲ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਤਕਰੇ ਸੰਬੰਧੀ ਬੰਦੀ ਸਿੰਘਾਂ ਦੇ ਵਕੀਲ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਐਡਵੋਕੇਟ ਸਿਮਰਨਜੀਤ ਸਿੰਘ, ਦਲ ਖ਼ਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਕੰਵਰ ਚੜ੍ਹਤ ਸਿੰਘ ਨੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ। 

ਇਸ ਮੌਕੇ ਸਿੱਖ ਯੂਥ ਆਫ ਪੰਜਾਬ ਦੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਵੀ ਕੀਤਾ ਗਿਆ ਅਤੇ ਗੁਰਨਾਮ ਸਿੰਘ ਮੂਨਕਾਂ ਨੂੰ ਸਰਬ-ਸੰਮਤੀ ਨਾਲ ਅਗਲੇ 2 ਸਾਲ ਲਈ ਜਥੇਬੰਦੀ ਦਾ ਪ੍ਰਧਾਨ ਚੁਣਿਆ ਗਿਆ। ਗੁਰਨਾਮ ਸਿੰਘ ਦੀ ਕਿਸਾਨ ਸੰਘਰਸ਼ ਦੌਰਾਨ ਬਹੁਤ ਅਹਿਮ ਭੂਮਿਕਾ ਰਹੀ ਹੈ। ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਕੰਵਰਪਾਲ ਸਿੰਘ ਨੇ ਚੁਣੇ ਹੋਏ ਪ੍ਰਧਾਨ ਗੁਰਨਾਮ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਉਹਨਾਂ ਨੌਜਵਾਨਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜਨੀਤਿਕ, ਜਮਹੂਰੀ ਅਤੇ ਜੁਝਾਰੂ ਤਰੀਕਿਆਂ ਨਾਲ 1980ਵੇ ਦਹਾਕਿਆਂ ਤੋਂ ਅਰੰਭ ਹੋਇਆ ਸਿੱਖ ਅਜ਼ਾਦੀ ਦਾ ਸੰਘਰਸ਼ ਜਾਰੀ ਹੈ। ਉਹਨਾਂ ਕਿਹਾ ਕਿ ਚੋਣਾਂ ਦੇ ਇਸ ਮੌਸਮ ਵਿੱਚ ਪੰਜਾਬ ਵਿੱਚ ਚੱਲ ਰਹੇ ਵੱਡੇ ਰਾਜਨੀਤਿਕ ਫੇਰਬਦਲ ਦੌਰਾਨ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਹਿੰਦੁਤਵੀ ਸੋਚ ਨੂੰ ਪੰਜਾਬ ਅੰਦਰ ਜੜ੍ਹਾਂ ਲਾਉਣ ਲਈ ਭਾਜਪਾ ਦਾ ਸਾਥ ਦਿੱਤਾ, ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਸੰਯੁਕਤ ਦੇ ਮੁਖੀ ਸੁਖਦੇਵ ਸਿੰਘ ਢੀਂਡਸਾ ਇਹਨਾਂ ਜੜ੍ਹਾਂ ਨੂੰ ਪਾਣੀ ਦੇ ਕੇ ਮਜ਼ਬੂਤ ਕਰਨ ਦੇ ਰਾਹ ਤੁਰੇ ਹਨ। ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਇਹ ਸਾਰੇ ਕੈਦੀ ਖਾਲਿਸਤਾਨ ਦੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਹਨ। ਇਹਨਾਂ ਦੀ ਰਿਹਾਈ ਦੇ ਤਾਲੇ ਦੀ ਚਾਬੀ ਨਰਿੰਦਰ ਮੋਦੀ ਸਰਕਾਰ ਕੋਲ ਹੈ। 

ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਭਾਰਤੀ ਸਟੇਟ ਦੇ ਦੋਹਰੇ ਮਾਪ-ਦੰਡ ਜੱਗ ਜਾਹਰ ਹੈ, ਦੇਸ਼ ਭਗਤੀ ਦੀ ਆੜ ਹੇਠ ਉਮਰ ਕੈਦ ਵਾਲੇ ਸਜਾਯਾਫਤਾ ਪੁਲਿਸ ਅਧਿਕਾਰੀ ਪੰਜ-ਸੱਤ ਸਾਲ ਬਾਅਦ ਰਿਹਾਅ ਕੀਤੇ ਗਏ ਪਰ ਕੌਮ-ਪ੍ਰਸਤਾਂ ਨੂੰ ਵੀਹ ਸਾਲ ਬਾਅਦ ਵੀ ਸਲਾਖ਼ਾਂ ਪਿੱਛੇ ਰੱਖਿਆ ਹੋਇਆ ਹੈ। ਸਿੱਖ ਯੂਥ ਆਫ ਪੰਜਾਬ ਦੇ ਸੱਦੇ ਤੇ ਆਯੋਜਿਤ ਨੌਜਵਾਨਾਂ ਦੀ ਇਕੱਤਰਤਾ ਵਿੱਚ ਪਾਸ ਕੀਤੇ ਮਤਿਆਂ ਵਿੱਚ ਪਿਛਲੇ ਦਿਨੀਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਅਜ਼ੀਮ ਸ਼ਹਾਦਤ ਨੂੰ ਸਮਰਪਿਤ 26 ਦਸੰਬਰ ਨੂੰ ਹਰ ਵਰ੍ਹੇ ਬਾਲ ਦਿਵਸ ਵਜੋਂ ਮਨਾਉਣ ਦੇ ਫੈਸਲੇ ਨੂੰ ਰੱਦ ਕਰਦਿਆਂ ਕਿਹਾ ਗਿਆ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਬਾਰੇ ਫ਼ੈਸਲਾ ਕਰਨ ਦਾ ਹੱਕ ਖਾਲਸਾ ਪੰਥ ਦੀਆਂ ਸਮੂਹਿਕ ਭਾਵਨਾਵਾਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਰਾਖਵਾਂ ਹੈ ਅਤੇ ਇਸ ਸੰਬੰਧੀ ਨੌਜਵਾਨਾਂ ਵੱਲੋਂ ਇਕ ਪਟੀਸ਼ਨ ਵੀ ਅਕਾਲ ਤਖਤ ਸਾਹਿਬ ਤੇ ਦਾਖਲ ਕਰਵਾਈ ਜਾਵੇਗੀ ਜਿਸ ਵਿੱਚ ਮੰਗ ਕੀਤੀ ਜਾਵੇਗੀ ਕਿ ਦਿੱਲੀ ਸਟੇਟ ਦੀ ਧਾਰਮਿਕ ਮਾਮਲਿਆਂ ਦੀ ਦਖਲ-ਅੰਦਾਜੀ ਨੂੰ ਰੋਕਣ ਲਈ ਅਕਾਲ ਤਖ਼ਤ ਸਾਹਿਬ ਤੋਂ ਸਖਤ ਸੰਦੇਸ਼ ਦਿੱਤੇ ਜਾਣ।

ਦੂਜੇ ਮਤੇ ਰਾਹੀਂ ਬਰਗਾੜੀ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਹਿੰਦੁਸਤਾਨੀ ਅੱਤਵਾਦੀਆਂ (ਗ਼ੈਰ-ਸਟੇਟ ਅਨਸਰਾਂ) ਅਤੇ ਨਕਲੀ ਗੁਰੂਡੰਮ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਅਤੇ ਸਿੱਖ ਕੌਮ ਦੇ ਸਵੈਮਾਣ ਉੱਤੇ ਵਿਉਂਤੇ ਗਏ ਹਮਲੇ ਦੱਸਿਆ ਗਿਆ ਅਤੇ ਭਵਿੱਖ ਵਿੱਚ ਵੀ ਅਜਿਹੇ ਹਮਲਿਆਂ ਨੂੰ ਠੱਲ੍ਹ ਪਾਉਣ ਲਈ ਵਧੇਰੇ ਚੌਕਸ, ਇਕਮੁੱਠ ਤੇ ਲਾਮਬੰਦ ਹੋਣ ਦਾ ਸੱਦਾ ਦਿੱਤਾ ਗਿਆ।

ਤੀਜੇ ਮਤੇ ਵਿੱਚ ਐਲਾਨ ਕੀਤਾ ਗਿਆ ਕਿ ਪੰਜਾਬ ਹਿੰਦੂ ਰਾਸ਼ਟਰ ਦਾ ਹਿੱਸਾ ਨਾ ਹੈ ਅਤੇ ਨਾ ਬਣੇਗਾ ਅਤੇ ਨੌਜਵਾਨ ਪੰਜਾਬ ਦੀ ਪਹਿਰੇਦਾਰੀ ਕਰਦੇ ਹੋਏ ਆਰ.ਐੱਸ.ਐੱਸ/ ਭਾਜਪਾ ਦੇ ਨਾਪਾਕ ਇਰਾਦਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।

ਚੌਥੇ ਮਤੇ ਵਿੱਚ ਕਿਹਾ ਗਿਆ ਕਿ ਖਾਲਿਸਤਾਨ ਦੀ ਵਕਾਲਤ ਕਰਨ ਵਾਲੇ ਨੌਜਵਾਨਾਂ ਦੀਆਂ ਕਾਲ਼ੇ ਕਾਨੂੰਨ ਯੂ.ਏ.ਪੀ.ਏ. ਅਤੇ ਦੇਸ਼-ਧ੍ਰੋਹ ਤਹਿਤ ਗ੍ਰਿਫਤਾਰੀਆਂ ਚਿੰਤਾ ਦਾ ਵਿਸ਼ਾ ਹਨ।ਮਤੇ ਰਾਹੀ ਭਾਰਤ ਸਰਕਾਰ ਨੂੰ ਇਸ ਖਿੱਤੇ ਦੀ ਤਰੱਕੀ ਤੇ ਖੁਸ਼ਹਾਲੀ ਅਤੇ ਸ਼ਾਂਤੀ ਲਈ ਪੰਜਾਬ ਸਮੱਸਿਆ ਜੋ ਕਿ ਪਿਛਲੇ ਚਾਰ ਦਹਾਕਿਆਂ ਤੋ ਲਮਕਦੀ ਆ ਰਹੀ ਹੈ ਦਾ ਸਨਮਾਨਯੋਗ ਹੱਲ ਕੱਢਣ ਲਈ ਕਿਹਾ ਅਤੇ ਪੰਜਾਬ ਦੇ ਲੋਕਾਂ ਨੂੰ ਸਵੈ ਨਿਰਣੇ ਦਾ ਹੱਕ ਦੇਣ ਦੀ ਵਕਾਲਤ ਕੀਤੀ ਗਈ। ਇਸ ਮੌਕੇ ਰਣਵੀਰ ਸਿੰਘ, ਪਰਮਜੀਤ ਸਿੰਘ ਟਾਂਡਾ, ਗੁਰਪ੍ਰੀਤ ਸਿੰਘ ਖੁੱਡਾ, ਪ੍ਰਭਜੀਤ ਸਿੰਘ ਹਸਨਪੁਰ, ਗਗਨਦੀਪ ਸਿੰਘ ਸੁਲਤਾਨਵਿੰਡ, ਕਰਨਪ੍ਰੀਤ ਸਿੰਘ ਵੇਰਕਾ, ਸਤਬੀਰ ਸਿੰਘ, ਮਾਨ ਸਿੰਘ, ਸੁਖਜਿੰਦਰ ਸਿੰਘ, ਜਗਰੂਪ ਸਿੰਘ ਆਦਿ ਸ਼ਾਮਲ ਸਨ।