ਐਸਐਸਪੀ ਸਾਹਿਬ ਸਾਡੇ ਘਰਾਂ ਦੇ ਅੱਧੇ ਭਾਂਡੇ ਵਿੱਕ ਗਏ, ਕਿਰਪਾ ਕਰਕੇ ਪਿੰਡ ਵਿਚੋਂ ਨਸ਼ੇ ਖਤਮ ਕਰੋ 

ਐਸਐਸਪੀ ਸਾਹਿਬ ਸਾਡੇ ਘਰਾਂ ਦੇ ਅੱਧੇ ਭਾਂਡੇ ਵਿੱਕ ਗਏ, ਕਿਰਪਾ ਕਰਕੇ ਪਿੰਡ ਵਿਚੋਂ ਨਸ਼ੇ ਖਤਮ ਕਰੋ 

*ਪਿੰਡ ਬੀੜ ਤਾਲਾਬ ਦੀਆਂ ਬੀਬੀਆਂ ਐਸਐਸਪੀ ਨੂੰ ਮਿਲੀਆਂ

*ਆਪ ਦੀ ਸਰਕਾਰ ਦੌਰਾਨ ਡਰਗ ਮਾਫੀਆ ਭਾਰੂ

ਅੰਮ੍ਰਿਤਸਰ ਟਾਈਮਜ਼

ਬਠਿੰਡਾ ; ਐਸਐਸਪੀ ਸਾਹਿਬ ਸਾਡੇ ਘਰਾਂ ਦੇ ਭਾਂਡੇ ਵਿਕ ਗਏ ਅਤੇ ਜੇਕਰ ਤੁਸੀਂ ਪਿੰਡ ਵਿੱਚੋਂ ਨਸ਼ਾ ਖਤਮ ਨਾ ਕੀਤਾ ਤਾਂ ਸਾਡਾ ਸਾਰਾ ਕੁੱਝ ਵਿਕ ਜਾਵੇਗਾ। ਪਿੰਡ ਵਿਚ ਵਿਕ ਰਹੇ ਨਸ਼ਿਆਂ ਕਾਰਨ ਸਾਡੇ ਪਰਿਵਾਰਾਂ ਦਾ ਬੁਰਾ ਹਾਲ ਹੋ ਗਿਆ ਹੈ। ਹਾਲਾਤ ਅਜਿਹੇ ਹਨ ਕਿ ਘਰ ਵਿਚ ਰੋਟੀ ਬਣਾਉਣੀ ਵੀ ਸੰਭਵ ਨਹੀਂ ਹੈ। ਇਹ ਗੱਲਾਂ ਐਸਐਸਪੀ ਨੂੰ ਮਿਲਣ ਆਈਆਂ ਪਿੰਡ ਬੀੜ ਤਾਲਾਬ ਦੀਆਂ ਬੀਬੀਆਂ ਨੇ ਕਹੀਆਂ। ਉਹ ਸ਼ਰੇਆਮ ਵਿਕ ਰਹੇ ਨਸ਼ੇ ਨੂੰ ਬੰਦ ਕਰਵਾਉਣ ਲਈ ਐਸਐਸਪੀ ਨੂੰ ਸ਼ਿਕਾਇਤ ਕਰਨ ਪਹੁੰਚੀਆਂ ਹੋਈਆਂ ਸਨ। ਉਹਨਾਂ ਐਸਐੱਸਪੀ ਨੂੰ ਅਪੀਲ ਕੀਤੀ ਕਿ ਪਿੰਡ 'ਚੋਂ ਕਿਸੇ ਨਾ ਕਿਸੇ ਤਰਾਂ ਨਸ਼ਾ ਖਤਮ ਕੀਤਾ ਜਾਵੇ। ਪੇ੍ਸ਼ਾਨ ਬੀਬੀਆਂ ਨੇ ਐੱਸਐੱਸਪੀ ਨੂੰ ਸ਼ਿਕਾਇਤ ਦਿੰਦੇ ਹੋਏ ਨਸ਼ਾ ਤਸਕਰਾਂ ਦੇ ਨਾਵਾਂ ਦਾ ਵੀ ਪਰਦਾਫਾਸ਼ ਕੀਤਾ। ਉਹਨਾਂ ਵਲੋਂ 20 ਨਸ਼ਾ ਤਸਕਰਾਂ ਦੇ ਨਾਵਾਂ ਦੀ ਸੂਚੀ ਐੱਸਐੱਸਪੀ ਨੂੰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਐਸਐਸਪੀ ਜੇ ਇਲੇਨਚੇਜ਼ੀਅਨ ਨੇ ਔਰਤਾਂ ਨੂੰ ਭਰੋਸਾ ਦਿਵਾਇਆ ਕਿ ਪਿੰਡ ਵਿੱਚੋਂ ਨਸ਼ਾ ਖਤਮ ਕਰਨ ਲਈ ਪੁਲਿਸ ਆਪਣੀ ਭੂਮਿਕਾ ਨਿਭਾਵੇਗੀ। ਗੌਰਤਲਬ ਹੈ ਕਿ ਸੂਬੇ ਵਿਚ ਆਪ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਨੌਜਵਾਨਾਂ ਦੀ ਨਸ਼ਿਆਂ ਕਾਰਨ ਮੌਤਾਂ ਹੋ ਰਹੀਆਂ ਹਨ। ਜ਼ਿਲ੍ਹੇ ਵਿਚ ਪਿਛਲੇ ਦੋ ਮਹੀਨਿਆਂ ਦੌਰਾਨ 10 ਤੋਂ ਵੱਧ ਨੌਜਵਾਨਾਂ ਦੀ ਨਸ਼ਿਆਂ ਕਾਰਨ ਮੌਤ ਹੋ ਚੁੱਕੀ ਹੈ। ਜਦੋਂਕਿ ਪਿੰਡ ਬੀੜ ਤਾਲਾਬ ਵਿਚ ਪਿਛਲੇ ਡੇਢ ਸਾਲ ਵਿਚ 10 ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਕੇ ਆਤਮ ਹੱਤਿਆ ਕਰ ਚੁੱਕੇ ਹਨ। ਹੁਣ ਬੀਬੀਆਂ ਨੇ ਇਹ ਯਕੀਨੀ ਬਣਾਉਣ ਲਈ ਕਦਮ ਚੁੱਕੇ ਹਨ ਕਿ ਪਿੰਡ ਵਿਚ ਨਸ਼ਿਆਂ ਕਾਰਨ ਕੋਈ ਮੌਤ ਨਾ ਹੋਵੇ। ਇਸ ਦੀ ਸ਼ੁਰੂਆਤ ਪਿੰਡ ਦੀਆਂ ਬੀਬੀਆਂ ਵੱਲੋਂ ਐਸਐਸਪੀ ਨੂੰ ਸ਼ਿਕਾਇਤ ਦੇ ਕੇ ਕੀਤੀ ਗਈ ਸੀ। ਇਸ ਦੇ ਨਾਲ ਹੀ ਬੀਬੀਆਂ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਉਹਨਾਂ ਨੂੰ ਕੋਈ ਨਸ਼ਾ ਵੇਚਦਾ ਪਾਇਆ ਗਿਆ ਤਾਂ ਉਹ ਆਪਣੀ ਹਾਲਤ ਦੀ ਖੁਦ ਜ਼ਿੰਮੇਵਾਰ ਹੋਵੇਗਾ। ਪਿੰਡ ਦੀਆਂ ਬੀਬੀਆਂ ਨੇ ਸ਼ਿਕਾਇਤ ਦੀ ਕਾਪੀ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਪੰਜਾਬ ਅਤੇ ਬਠਿੰਡਾ ਦਿਹਾਤੀ ਦੇ ਵਿਧਾਇਕ ਨੂੰ ਵੀ ਭੇਜੀ ਹੈ। 

ਬੀਬੀਆਂ ਨੇ ਪੁਲਿਸ 'ਤੇ ਵੀ ਦੋਸ਼ ਲਾਏ

ਪਿੰਡ ਦੀਆਂ ਬੀਬੀਆਂ ਜੀਤੋ ਕੌਰ, ਪ੍ਰਰੀਤਮ ਕੌਰ, ਜੀਤ ਕੌਰ, ਬੰਤੋ ਬਾਈ, ਛਿੰਦੋ ਬਾਈ, ਮੀਤੋ ਬਾਈ, ਵੀਰਪਾਲ ਕੌਰ, ਪਰਮਜੀਤ ਕੌਰ, ਸੋਮਾ ਕੌਰ ਨੇ ਐੱਸਐੱਸਪੀ ਨੂੰ ਦੱਸਿਆ ਕਿ ਉਹਨਾਂ ਦੇ ਪਿੰਡ ਦੀਆਂ 8-10 ਬੀਬੀਆਂ ਅਤੇ 10-12 ਮਰਦ ਕਾਫੀ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ। ਪਰ ਅਫਸੋਸ ਦੀ ਗੱਲ ਹੈ ਕਿ ਇਲਾਕੇ ਦੀ ਪੁਲਿਸ ਨੂੰ ਪਤਾ ਹੋਣ ਦੇ ਬਾਵਜੂਦ ਵੀ ਨਸ਼ਾ ਤਸਕਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇੱਥੋਂ ਤਕ ਕਿ ਪੁਲਿਸ ਦੇ ਕਈ ਉੱਚ ਅਧਿਕਾਰੀ ਵੀ ਨਸ਼ਾ ਵੇਚਣ ਵਾਲਿਆਂ ਦਾ ਪੱਖ ਲੈ ਕੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਕਾਰਨ ਉਨ੍ਹਾਂ ਵੱਲੋਂ ਝੂਠੀ ਕਹਾਣੀ ਬਣਾ ਕੇ ਆਪਣੇ ਉੱਚ ਅਧਿਕਾਰੀਆਂ ਨੂੰ ਪੇਸ਼ ਕੀਤੀ ਜਾਂਦੀ ਹੈ ਤੇ ਨਸ਼ੇ ਦੀ ਜਾਣਕਾਰੀ ਦੇਣ ਵਾਲਿਆਂ ਨੂੰ ਝੂਠੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਬੀਬੀਆਂ ਨੇ ਇਹ ਵੀ ਦੱਸਿਆ ਕਿ ਵੱਡੀਆਂ ਕੋਠੜੀਆਂ ਵਿਚ ਰਹਿਣ ਤੋਂ ਇਲਾਵਾ ਨਸ਼ੇ ਦੇ ਸੌਦਾਗਰ ਵੱਡੀਆਂ ਗੱਡੀਆਂ 'ਤੇ ਘੁੰਮਦੇ ਹਨ, ਜਿਸ ਕਾਰਨ ਬੇਰੁਜ਼ਗਾਰ ਤੇ ਦਿਹਾੜੀਦਾਰ ਬੀਬੀਆਂ ਨਸ਼ਾ ਵੇਚਣ ਦੇ ਧੰਦੇ ਵੱਲ ਆਕ੍ਸ਼ਿਤ ਹੋ ਕੇ ਨਸ਼ੇ ਵੇਚਣ ਦੇ ਰਾਹ ਪੈ ਰਹੀਆਂ ਹਨ। ਉਹਨਾਂ ਦੇ ਬੱਚੇ ਅਤੇ ਪਰਿਵਾਰਕ ਮੈਂਬਰ ਨਸ਼ਿਆਂ ਦੀ ਦਲਦਲ ਵਿਚ ਫਸਦੇ ਜਾ ਰਹੇ ਹਨ। ਤਸਕਰਾਂ ਨੇ ਪਿੰਡ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜੇਕਰ ਕੋਈ ਵਿਅਕਤੀ ਇਹਨਾਂ ਖ਼ਿਲਾਫ਼ ਸ਼ਿਕਾਇਤ ਕਰਦਾ ਹੈ ਤਾਂ ਉਸ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਧਮਕੀ ਦਿੱਤੀਆਂ ਜਾਂਦੀਆਂ ਹਨ, ਜਿਸ ਕਾਰਨ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਹੁੰਦਾ। ਪਰ ਹੁਣ ਉਹਨਾਂ ਨੇ ਇਕਜੁੱਟ ਹੋ ਕੇ ਨਸ਼ੇ ਨੂੰ ਪਿੰਡ ਵਿਚੋਂ ਖਤਮ ਕਰਨ ਦਾ ਤਹੱਈਆ ਕੀਤਾ ਹੈ। ਬੀਬੀਆਂ ਨੇ ਇਹ ਵੀ ਦੋਸ਼ ਲਾਇਆ ਕਿ ਪੁਲਿਸ ਵੱਲੋਂ ਨਸ਼ਿਆਂ ਨੂੰ ਰੋਕਣ ਲਈ ਬਣਾਈਆਂ ਗਈਆਂ ਟੀਮਾਂ ਵੀ ਨਾਕਾਮ ਸਾਬਤ ਹੋ ਰਹੀਆਂ ਹਨ। ਉਹਨਾਂ ਪਿੰਡਾਂ ਵਿੱਚੋਂ ਨਸ਼ੇ ਦਾ ਖਾਤਮਾ ਨਾ ਹੋਣ 'ਤੇ ਸੰਘਰਸ਼ ਵਿੱਢਣ ਦੀ ਚਿਤਾਵਨੀ ਵੀ ਦਿੱਤੀ ਹੈ।

ਇੱਥੇ ਵੀ ਮੋਰਚਾ ਜਾਰੀ ਹੈ

ਜ਼ਿਲੇ ਵਿਚ ਨਸ਼ਿਆਂ ਦੇ ਵਧ ਰਹੇ ਪ੍ਰਕੋਪ ਨੂੰ ਦੇਖਦਿਆਂ ਕਰੀਬ ਅੱਧੀ ਦਰਜ਼ਨ ਪੰਚਾਇਤਾਂ ਨੇ ਨਸ਼ਿਆਂ ਖਿਲਾਫ਼ ਮਤੇ ਪਾ ਕੇ ਪਹਿਰੇ ਲਗਾਏ ਸਨ ਜਿਸਦਾ ਚੰਗੇ ਨਤੀਜੇ ਵੀ ਸਾਹਮਣੇ ਆਏ ਹਨ। ਹੁਣ ਭੁੱਚੋ ਹਲਕੇ ਦੇ ਆਪ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਚ ਵੀ ਨਸ਼ਿਆਂ ਵਿਰੁੱਧ ਲੜਾਈ ਲੜ ਰਹੀ ਐਕਸ਼ਨ ਕਮੇਟੀ ਦੇ ਨੌਜਵਾਨਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਕਮੇਟੀ ਕੁਝ ਦਿਨਾਂ ਵਿਚ ਹੀ  9 ਨਸ਼ਾ ਤਸਕਰਾਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਚੁੱਕੀ ਹੈ।ਬੀਬੀਆਂ ਸਮੇਤ ਪਿੰਡ ਵਾਸੀਆਂ ਦਾ ਮੋਰਚਾ ਜਾਰੀ ਹੈ। ਜਿੱਥੇ ਨਸ਼ਿਆਂ ਵਿਰੁੱਧ ਚੱਲ ਰਹੀ, ਉਥੇ ਹੀ ਪਿੰਡ ਦੀਆਂ ਬੀਬੀਆਂ ਵੀ ਪਹਿਰੇ 'ਤੇ ਡਟੀਆਂ ਹੋੲਂਆਂ ਹਨ। ਐਕਸ਼ਨ ਕਮੇਟੀ ਦੇ ਆਗੂਆਂ ਕੁਲਜੀਤ ਸਿੰਘ ਅਤੇ ਸਿਮਰਜੀਤ ਸਿੰਘ ਨੇ ਕਿਹਾ ਕਿ ਪਿੰਡ ਨੂੰ ਨਸ਼ਾ ਮੁਕਤ ਹੋਣ ਤਕ ਸੰਘਰਸ਼ ਜਾਰੀ ਰਹੇਗਾ।