ਈਡੀ ਦੇ ਡਰੋਂ ਦਰਿਆ ਸਤਲੁਜ ਵਿਚੋਂ ਖਣਨ ਠੱਪ

ਈਡੀ ਦੇ ਡਰੋਂ ਦਰਿਆ ਸਤਲੁਜ ਵਿਚੋਂ ਖਣਨ ਠੱਪ

ਲੋਕ ਚਿਰਾਂ ਤੋਂ ਕਰ ਰਹੇ ਸਨ ਨਾਜਾਇਜ਼ ਖਣਨ ਦਾ ਵਿਰੋਧ

ਅੰਮ੍ਰਿਤਸਰ ਟਾਈਮਜ਼

ਚਮਕੌਰ ਸਾਹਿਬ: ਬੇਸ਼ੱਕ ਪੰਜਾਬ ਸਰਕਾਰ ਨਾਜਾਇਜ਼ ਖਣਨ ਨੂੰ ਮੁੱਢੋਂ ਰੱਦ ਕਰਦੀ ਰਹੀ ਹੈ, ਪਰ ਵਿਰੋਧੀ ਧਿਰਾਂ ਇਸ ਦਾਅਵੇ ਤੇ ਸਵਾਲ ਖੜ੍ਹੇ ਕਰਦੀਆਂ ਰਹੀਆਂ ਹਨ। ਕਸਬਾ ਬੇਲਾ ਨੇੜੇ ਦਰਿਆ ਸਤਲੁਜ ਵਿੱਚ ਚੱਲ ਰਿਹਾ ਖਣਨ ਦਾ ਕੰਮ ਹਮੇਸ਼ਾ ਚਰਚਾ ਵਿੱਚ ਰਿਹਾ ਹੈ ਪਰ ਇਹ ਸਰਕਾਰੀ ਤੰਤਰ ਦੀਆਂ ਅੱਖਾਂ ਵਿੱਚ ਕਦੇ ਨਹੀਂ ਰੜਕਿਆ। ਬੀਤੇ ਦਿਨੀਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਰੇਤ ਮਾਫ਼ੀਆ ਤੇ ਗ਼ੈਰਕਾਨੂੰਨੀ ਖਣਨ ਨਾਲ ਜੁੜੇ ਕੇਸਾਂ ਦੇ ਸਬੰਧ ਵਿਚ ਵੱਖ-ਵੱਖ ਥਾਵਾਂ ਤੇ ਛਾਪੇ ਮਾਰ ਕੇ ਕਰੋੜਾਂ ਰੁਪਏ ਜ਼ਬਤ ਕੀਤੇ ਗਏ। ਇਨ੍ਹਾਂ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦਾ ਨਾਂ ਆਉਣ ’ਤੇ ਦਰਿਆ ਸਤਲੁਜ ਵਿੱਚੋਂ ਨਾਜਾਇਜ਼ ਖਣਨ ਦਾ ਕੰਮ ਬੰਦ ਹੋ ਗਿਆ ਹੈ।ਦਰਿਆ ਸਤਲੁਜ ਵਿੱਚ ਵੱਖ-ਵੱਖ ਥਾਵਾਂ ਡੀ-ਸਿਲਟਿੰਗ ਲਈ ਮੁਕੱਰਰ ਥਾਂ ਤੋਂ ਹਟ ਕੇ ਚਲਦੇ ਪਾਣੀ ਵਿੱਚ ਕਿਸ਼ਤੀਆਂ ਰਾਹੀਂ ਕੱਢੀ ਜਾ ਰਹੀ ਰੇਤ ਦੇ ਕੰਮ ਨਾਲ ਜੁੜੇ ਬੰਦਿਆਂ ਦੇ ਘਰਾਂ ਅਤੇ ਦਫ਼ਤਰਾਂ ਵਿੱਚ ਪਏ ਈਡੀ ਦੇ ਛਾਪਿਆਂ ਦੇ ਡਰੋਂ ਖਣਨ ਦਾ ਕੰਮ ਬੰਦ ਹੋ ਗਿਆ ਹੈ। ਬੇਲਾ ਕਸਬੇ ਦੀ ਅਨਾਜ ਮੰਡੀ ਸਣੇ ਹੋਰ ਥਾਵਾਂ ਤੇ ਖਾਲੀ ਟਿੱਪਰਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਸਤਲੁਜ ਦਰਿਆ ਵਿੱਚ ਖਣਨ ਵਾਲੀ ਥਾਂ ’ਤੇ ਸੁੰਨ ਪੱਸਰੀ ਹੋਈ ਹੈ।ਵਣ ਵਿਭਾਗ ਦੀ ਜ਼ਮੀਨ ਵਿਚ ਹੁੰਦੀ ਖਣਨ ਤੇ ਵੀ ਪ੍ਰਸ਼ਾਸਨ ਵੱਲੋਂ ਅੱਜ ਤਕ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ। ਇਸ ਖ਼ਿਲਾਫ਼ ਇਲਾਕੇ ਦੇ ਲੋਕਾਂ ਵੱਲੋਂ ਕਿਸਾਨ ਯੂਨੀਅਨਾਂ ਦੇ ਸਹਿਯੋਗ ਨਾਲ ਸੜਕਾਂ ਤੇ ਧਰਨੇ ਲਗਾ ਕੇ ਸਰਕਾਰ ਤੇ ਪ੍ਰਸ਼ਾਸਨ ਤੋਂ ਖਣਨ ਬੰਦ ਕਰਵਾਉਣ ਦੀ ਮੰਗ ਕੀਤੀ ਗਈ ਸੀ।