ਪੰਜਾਬ ਸਰਕਾਰ ਵਲੋਂ ਸ਼ੇਰੇ ਪੰਜਾਬ ਦੀ ਰਾਣੀ ਮੋਰਾਂ ਨੂੰ 'ਕੰਜਰੀ' ਸ਼ਬਦ ਨਾਲ ਸੰਬੋਧਨ ਕਰਨਾ ਨਿੰਦਨਯੋਗ ਕਾਰਵਾਈ
ਅੰਮ੍ਰਿਤਸਰ ਟਾਈਮਜ਼ ਬਿਊਰੋ
ਅੰਮਿ੍ਤਸਰ-ਪੰਜਾਬ ਸਰਕਾਰ ਵਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਮੋਰਾਂ ਨੂੰ 'ਕੰਜਰੀ' ਸ਼ਬਦ ਨਾਲ ਜਨਤਕ ਤੌਰ 'ਤੇ ਸੰਬੋਧਨ ਕੀਤਾ ਜਾ ਰਿਹਾ ਹੈ । ਸੂਬਾ ਸਰਕਾਰ ਦੀ ਇਸ ਸ਼ਰਮਸਾਰ ਕਰਨ ਵਾਲੀ ਕਾਰਵਾਈ ਵਿਰੁੱਧ ਵਿਰਾਸਤ ਪ੍ਰੇਮੀਆਂ ਅਤੇ ਇਤਿਹਾਸ ਚਿੰਤਕਾਂ ਵਲੋਂ ਵਾਰ-ਵਾਰ ਆਵਾਜ਼ ਬੁਲੰਦ ਕੀਤੇ ਜਾਣ ਦੇ ਬਾਵਜੂਦ ਅਜੇ ਵੀ ਸੂਬਾ ਸਰਕਾਰ ਵਲੋਂ ਪਿੰਡ ਧਨੋਏ ਕਲਾਂ ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ ਬਣਵਾਈ ਬਾਰਾਂਦਰੀ ਦੇ ਨਜ਼ਦੀਕ ਰਾਣੀ ਮੋਰਾਂ ਵਲੋਂ ਮਹਾਰਾਜਾ ਤੋਂ ਫ਼ਰਮਾਇਸ਼ ਕਰਕੇ ਬਣਵਾਏ ਪੁਲ ਵਾਲੇ ਸਥਾਨ 'ਤੇ ਮੋਰਾਂ ਨੂੰ ਇਤਰਾਜ਼ਯੋਗ ਸ਼ਬਦ 'ਕੰਜਰੀ' ਵਜੋਂ ਸੰਬੋਧਨ ਕਰਦਿਆਂ ਉਥੇ ਅੰਗਰੇਜ਼ੀ ਵਿਚ 'ਪੁਲ ਕੰਜਰੀ' ਲਿਖਿਆ ਸੂਚਨਾ ਬੋਰਡ ਲਗਾਇਆ ਗਿਆ ਹੈ ।ਇਸ ਮਾਮਲੇ ਨੂੰ ਲੈ ਕੇ ਭਾਰੀ ਵਿਰੋਧ ਉੱਠਣ ਅਤੇ ਵਿਰਾਸਤ ਪ੍ਰੇਮੀਆਂ ਦੀ ਲੰਬੀ ਜੱਦੋ-ਜਹਿਦ ਤੋਂ ਬਾਅਦ ਸੂਬੇ ਦੇ ਸੈਰ ਸਪਾਟਾ ਵਿਭਾਗ ਵਲੋਂ ਪਿੰਡ ਧਨੋਏ ਕਲਾਂ ਨੂੰ ਜਾਂਦੀ ਸੜਕ 'ਤੇ ਲਗਾਏ ਨਵੇਂ ਬੋਰਡ 'ਤੇ ਭਾਵੇਂ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਮੋਰਾਂ ਦੇ ਨਾਂਅ ਨਾਲੋ 'ਕੰਜਰੀ' ਸ਼ਬਦ ਹਟਾ ਕੇ 'ਪੁਲ ਮੋਰਾਂ' ਲਿਖ ਦਿੱਤਾ ਗਿਆ ਹੈ ਪਰ ਪਿੰਡ ਵਿਚ ਮੌਜੂਦ ਪੁਰਾਣੇ ਇਤਿਹਾਸਕ ਤਲਾਬ ਅਤੇ ਬੇ-ਆਬਾਦ ਸ਼ਿਵਾਲੇ ਦੇ ਇਤਿਹਾਸ ਬਾਰੇ ਲਿਖੇ ਬੋਰਡ ਸਮੇਤ ਕੁਝ ਹੋਰਨਾਂ ਸੂਚਨਾ ਬੋਰਡਾਂ 'ਤੇ ਅਜੇ ਵੀ ਰਾਣੀ ਮੋਰਾਂ ਨੂੰ 'ਕੰਜਰੀ' ਸ਼ਬਦ ਨਾਲ ਸੰਬੋਧਿਤ ਕੀਤਾ ਜਾ ਰਿਹਾ ਹੈ, ਜੋ ਕਿ ਸਿੱਖ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਵਾਲੀ ਇਕ ਨਿੰਦਣਯੋਗ ਕਾਰਵਾਈ ਹੈ ।ਇਥੇ ਇਹ ਵੀ ਦੱਸਣਯੋਗ ਹੈ ਕਿ ਪਿੰਡ ਧਨੋਏ ਕਲਾਂ ਵਿਚ ਮੌਜੂਦ ਭਾਰਤੀ ਸੁਰੱਖਿਆ ਬਲ ਦੀ ਚੌਕੀ ਦੇ ਬਾਹਰ ਲਗਾਏ ਗਏ ਬੋਰਡ 'ਤੇ ਬੀ.ਐਸ.ਐਫ. ਵਲੋਂ 'ਸੀਮਾ ਚੌਕੀ ਪੁਲ ਮੌਰਾਂ' ਲਿਖਿਆ ਹੋਇਆ ਹੈ । ਉਧਰ ਦੂਜੇ ਪਾਸੇ ਸਰਹੱਦ ਪਾਰ ਲਾਹੌਰ ਦੇ ਸ਼ਾਹ ਆਲਮ ਬਾਜ਼ਾਰ ਦੇ ਨਾਲ ਲਗਦੀ ਪਾਪੜ ਮੰਡੀ ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ ਰਾਣੀ ਮੋਰਾਂ ਦੇ ਨਾਂਅ 'ਤੇ ਉਸਾਰੀ ਮਸਜਿਦ ਨੂੰ 'ਮਾਈ ਮੋਰਾਂ' ਦੀ ਮਸੀਤ ਕਹਿ ਕੇ ਸੰਬੋਧਿਤ ਕੀਤਾ ਜਾ ਰਿਹਾ ਹੈ ।ਉਕਤ ਮਸਜਿਦ ਦੇ ਮੁੱਖ ਦਰਵਾਜ਼ੇ 'ਤੇ ਅਰਬੀ ਭਾਸ਼ਾ 'ਚ ਦਰਜ ਇਬਾਰਤ ਦੇ ਅਨੁਸਾਰ ਇਹ ਮਸਜਿਦ ਮਹਾਰਾਜਾ ਰਣਜੀਤ ਸਿੰਘ ਨੇ ਰਾਣੀ ਮੋਰਾਂ ਦੀ ਫ਼ਰਮਾਇਸ਼ 'ਤੇ ਸੰਨ 1809 ਵਿਚ ਬਣਵਾਈ ।ਉਕਤ ਇਲਾਕੇ ਦੇ ਦੁਕਾਨਦਾਰਾਂ ਵਲੋਂ ਆਪਣੇ ਖਰਚੇ 'ਤੇ ਮਸਜਿਦ ਦੇ ਅੰਦਰ ਪ੍ਰਾਰਥਨਾ ਲਈ ਇਕ ਵੱਡਾ ਕਮਰਾ ਅਤੇ ਉਸ ਦੇ ਨਾਲ ਲੱਗਦਿਆਂ ਕਮਰਿਆਂ ਵਿਚ ਇਕ ਲਾਇਬ੍ਰੇਰੀ ਅਤੇ ਮੁਫ਼ਤ ਕੰਪਿਊਟਰ ਸੈਂਟਰ ਸ਼ੁਰੂ ਕੀਤਾ ਗਿਆ ਹੈ ।ਪਾਪੜ ਮੰਡੀ ਬਾਜ਼ਾਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਾਈ ਮੋਰਾਂ ਇਕ ਨੇਕ ਦਿਲ ਔਰਤ ਸੀ ਅਤੇ ਉਸ ਨੇ ਲਾਹੌਰ ਵਿਚ ਨੇਕੀ ਦੇ ਕਈ ਕੰਮ ਕਰਵਾਏ, ਜਿਸ ਦੇ ਬਾਅਦ ਉਸ ਨੂੰ 'ਮਾਂ' (ਮਾਈ) ਕਹਿ ਕੇ ਸੰਬੋਧਿਤ ਕੀਤਾ ਜਾਣਾ ਹੀ ਉਚਿੱਤ ਹੈ ।
ਪਿੰਡ ਮੱਖਣਪੁਰ ਦੀ ਰਹਿਣ ਵਾਲੀ ਸੀ ਮੋਰਾਂ
ਅੰਮਿ੍ਤਸਰ ਦੇ ਸਰਹੱਦੀ ਪਿੰਡ ਮੱਖਣਪੁਰ ਦੀ ਰਹਿਣ ਵਾਲੀ ਮੋਰਾਂ ਨਾਲ ਮਹਾਰਾਜਾ ਨੇ ਸੰਨ 1802 ਵਿਚ ਪੂਰੇ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਅਤੇ ਉਸ ਨਾਲ ਵਿਆਹ ਕਰਨ ਤੋਂ ਬਾਅਦ ਉਹ ਉਸ ਨੂੰ ਲਾਹੌਰ ਲੈ ਗਏ ।ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦੇ ਪਿੰਡ ਧਨੋਏ ਕਲਾਂ ਦੇ ਜਿਸ ਹਿੱਸੇ ਨੂੰ 'ਪੁਲ ਮੋਰਾਂ' ਨਾਂਅ ਨਾਲ ਸੰਬੋਧਿਤ ਕੀਤਾ ਜਾ ਰਿਹਾ ਹੈ, ਦੇ ਬਿਲਕੁਲ ਨਾਲ ਮਹਾਰਾਜਾ ਰਣਜੀਤ ਸਿੰਘ ਵਲੋਂ ਬਣਵਾਈ ਗਈ ਆਲੀਸ਼ਾਨ ਬਾਰਾਂਦਰੀ ਵਿਚ ਉਹ ਲਾਹੌਰ ਤੋਂ ਅੰਮਿ੍ਤਸਰ ਆਉਣ-ਜਾਣ ਲੱਗਿਆ ਪੜਾਅ ਰੱਖਦੇ ਅਤੇ ਵਿਸ਼ਰਾਮ ਕਰਦੇ ਸਨ । ਇਸ ਬਾਰਾਂਦਰੀ ਦੇ ਉੱਤਰ ਵਲੋਂ ਇਕ ਛੋਟੀ ਨਹਿਰ ਲੰਘਦੀ ਸੀ, ਜੋ ਬਾਦਸ਼ਾਹ ਸ਼ਾਹ ਜਹਾਨ ਨੇ ਸ਼ਾਲਾਮਾਰ ਬਾਗ਼ ਦੀ ਸਿੰਚਾਈ ਲਈ ਮਾਧੋਪੁਰ ਵਿਚੋਂ ਕਢਵਾਈ ਸੀ ।ਇਸ ਨਹਿਰ 'ਤੇ ਸ਼ੇਰ-ਏ-ਪੰਜਾਬ ਨੇ ਮੋਰਾਂ ਦੀ ਫ਼ਰਮਾਇਸ਼ 'ਤੇ ਪੁਲ ਬਣਵਾ ਦਿੱਤਾ, ਜੋ 'ਪੁਲ ਮੋਰਾਂ' ਦੇ ਨਾਂਅ ਨਾਲ ਜਾਣਿਆ ਜਾਣ ਲੱਗਾ । ਸੰਨ 1947 ਵਿਚ ਹੋਏ ਫ਼ਿਰਕੂ ਦੰਗਿਆਂ ਅਤੇ ਉਸ ਦੇ ਬਾਅਦ 22 ਅਗਸਤ, 1947 ਨੂੰ ਪਾਕਿ ਤਰਫ਼ੋਂ ਹੋਏ ਕਬਾਇਲੀ ਹਮਲੇ ਵਿਚ ਇਹ ਪੁਲ ਢਹਿ ਗਿਆ । ਸੰਨ 1965 ਦੀ ਭਾਰਤ-ਪਾਕਿ ਜੰਗ ਤੋਂ ਬਾਅਦ ਭਾਰਤੀ ਫ਼ੌਜ ਵਲੋਂ ਨਹਿਰ ਨੂੰ ਵੀ ਮਿੱਟੀ ਨਾਲ ਪੂਰ ਦਿੱਤਾ ਗਿਆ । ਅੱਜ ਉਸ ਨਹਿਰ ਦਾ ਬਚਿਆ-ਖੁਚਿਆ ਹਿੱਸਾ ਇਕ ਛੋਟੀ ਜਿਹੀ ਨਾਲੀ ਦਾ ਰੂਪ ਲੈ ਚੁੱਕਾ ਹੈ।
Comments (0)