ਜਾਤ ਪ੍ਰਥਾ ਦੇ ਖ਼ਾਤਮੇ ਬਗੈਰ ਚੰਗੇ ਸਮਾਜ ਦੀ ਸਿਰਜਣਾ ਸੰਭਵ ਨਹੀਂ: ਅਰੁੰਧਤੀ ਰਾਏ

ਜਾਤ ਪ੍ਰਥਾ ਦੇ ਖ਼ਾਤਮੇ ਬਗੈਰ ਚੰਗੇ ਸਮਾਜ ਦੀ ਸਿਰਜਣਾ ਸੰਭਵ ਨਹੀਂ: ਅਰੁੰਧਤੀ ਰਾਏ

*ਪੰਜਾਬੀ ਵਰਸਿਟੀ ਦੇ ਵਿਹੜੇ ਸੰਵਾਦ ਰਚਾਇਆ; ਕਿਸਾਨ ਅੰਦੋਲਨ ਵਿਚ ਪੰਜਾਬੀਆਂ ਦੀ ਭੂਮਿਕਾ ਦੀ ਕੀਤੀ ਸ਼ਲਾਘਾ

ਅੰਮ੍ਰਿਤਸਰ ਟਾਈਮਜ਼

ਪਟਿਆਲਾ:ਪਹਿਲੀ ਵਾਰ ਪੰਜਾਬੀ ਯੂਨੀਵਰਸਿਟੀ ਪੁੱਜੇ ਕੌਮਾਂਤਰੀ ਲੇਖਿਕਾ ਤੇ ਸਮਾਜਿਕ ਕਾਰਕੁਨ ਅਰੁੰਧਤੀ ਰਾਏ ਨੇ ਆਖਿਆ ਕਿ ਆਧੁਨਿਕ ਯੁਗ ਵਿਚ ਨਿੱਗਰ ਤੇ ਉਸਾਰੂ ਸਮਾਜ ਦੀ ਸਿਰਜਣਾ ਦੀਆਂ ਬਾਤਾਂ ਪੈਣ ਲੱਗੀਆਂ ਹਨ, ਪਰ ਇਹ ਰੂਪ ਹਕੀਕੀ ਨਹੀਂ ਹੈ ਕਿਉਂਕਿ ਜਾਤ ਪ੍ਰਥਾ ਦਾ ਪ੍ਰਕੋਪ ਹਾਲੇ ਵੀ ਸਮਾਜ ਵਿੱਚ ਬਰਕਰਾਰ ਹੈ। ਉਨ੍ਹਾਂ ਆਖਿਆ ਕਿ ਚੰਗੇ ਸਮਾਜ ਦੀ ਸਿਰਜਣਾ ਜਾਤ ਪ੍ਰਥਾ ਦੇ ਖ਼ਾਤਮੇ ਤੋਂ ਬਗੈਰ ਨਹੀਂ ਹੋ ਸਕਦੀ।ਇਹ ਸਮਾਗਮ ਯੂਨੀਵਰਸਿਟੀ ਦੇ ਐਜੂਕੇਸ਼ਨਲ ਮਲਟੀ ਮੀਡੀਆ ਰਿਸਰਚ ਸੈਂਟਰ ਵੱਲੋਂ ਕਰਵਾਇਆ ਗਿਆ ਜਿਥੇ ਵਿਭਾਗ ਦੇ ਡਾਇਰੈਕਟਰ ਦਲਜੀਤ ਅਮੀ ਨੇ ਲੇਖਕਾ ਨਾਲ ਸੰਵਾਦ ਰਚਾਇਆ। ਲੇਖਿਕਾ ਅਰੁੰਧਤੀ ਰਾਏ ਨੇ ਜਾਤ, ਧਰਮ ਅਤੇ ਭਾਸ਼ਾ ਦੀਆਂ ਵੰਡੀਆਂ ਤੋਂ ਉੱਪਰ ਉੱਠ ਕੇ ਆਪਸੀ ਇੱਕਜੁੱਟਤਾ ਦੀ ਲੋੜ ਤੇ ਜ਼ੋਰ ਦਿੱਤਾ। ਕਿਸਾਨੀ ਸੰਘਰਸ਼ ਦੌਰਾਨ ਪੰਜਾਬੀਆਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ, ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਨੇ ਇੱਕ ਉਮੀਦ ਪੈਦਾ ਕੀਤੀ ਹੈ ਤੇ ਅਵਾਮ ਨੂੰ ਦੱਸਿਆ ਹੈ ਕਿ ਆਪਣੇ ਹੱਕਾਂ ਲਈ ਹਕੂਮਤ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ।ਉਨ੍ਹਾਂ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਤੇ ਟਿੱਪਣੀ ਕਰਦਿਆਂ ਕਿਹਾ ਕਿ ਦੇਸ਼ ਨੂੰ ਸਿਰਫ਼ ਚਾਰ ਲੋਕ ਚਲਾ ਰਹੇ ਹਨ, ਜਿਨ੍ਹਾਂ ਵਿੱਚੋਂ ਦੋ ਖਰੀਦਦਾਰੀ ਤੇ ਦੋ ਵੇਚਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਮੁੱਖ ਧਾਰਾ ਦੇ ਮੀਡੀਆ ਸਣੇ ਸੂਬੇ ਦੀ ਬਹੁਤੀ ਮਸ਼ੀਨਰੀ ਦੁਰਵਰਤੋਂ ਦੇ ਰਾਹ ਪਾ ਦਿੱਤੀ ਗਈ ਹੋਵੇ ਤਾਂ ਲੋਕਾਂ ਦਾ ਜਮਹੂਰੀਅਤ ਵਿੱਚ ਭਰੋਸਾ ਕਾਇਮ ਰਹਿਣਾ ਮੁਸ਼ਕਲ ਹੈ।ਇਸ ਮੌਕੇ ਪ੍ਰਧਾਨਗੀ ਭਾਸ਼ਣ ਦੌਰਾਨ ਵੱਖ-ਵੱਖ ਵਿਗਿਆਨਕ ਹਵਾਲਿਆਂ ਨਾਲ ਵੰਨ-ਸੁਵੰਨਤਾ ਦੇ ਸੰਕਲਪ ਬਾਰੇ ਆਪਣੇ ਵਿਚਾਰਾਂ ਦੀ ਪੁਸ਼ਟੀ ਕਰਦਿਆਂ, ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਦੱਸਿਆ ਕਿ ਵੰਨ-ਸੁਵੰਨਤਾ ਦਾ ਨਾ ਹੋਣਾ ਗ਼ੈਰ-ਕੁਦਰਤੀ ਗੱਲ ਹੁੰਦੀ ਹੈ। ਇਸ ਮੌਕੇ ਨਾਰੀ ਅਧਿਐਨ ਕੇਂਦਰ ਦੇ ਡਾਇਰੈਕਟਰ ਡਾ. ਰਿਤੂ ਲਹਿਲ ਨੇ ਸਵਾਗਤੀ ਸ਼ਬਦ ਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੁਪਮਾ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ।

ਏਬੀਵੀਪੀ ਕਾਰਕੁਨਾਂ ਨੇ ਦਿਖਾਈਆਂ ਕਾਲੀਆਂ ਝੰਡੀਆ

   ਆਪਸ ਵਿੱਚ ਉਲਝਦੇ ਹੋਏ ਵਿਦਿਆਰਥੀ ਜਥੇਬੰਦੀਆਂ ਦੇ ਕਾਰਕੁਨ

ਅਰੁੰਧਤੀ ਰਾਏ ਦੀ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਆਮਦ ਦਾ ਵਿਰੋਧ ਕਰਦੇ ਹੋਏ ਅੱਜ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਦੇ ਕਾਰਕੁਨਾਂ ਨੇ ਜਥੇਬੰਦੀ ਦੇ ਆਗੂ ਕੁਨਾਲ ਗੁਪਤਾ ਦੀ ਅਗਵਾਈ ਹੇਠ ਕਾਲੀਆਂ ਝੰਡੀਆਂ ਵਿਖਾਉਂਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਅਰੁੰਧਤੀ ਰਾਏ ਕੇਂਦਰ ਸਰਕਾਰ, ਭਾਜਪਾ ਅਤੇ ਆਰਐੱਸਐੱਸ ਖ਼ਿਲਾਫ਼ ਭੰਡੀ ਪ੍ਰਚਾਰ ਕਰਦੇ ਹਨ। ਦੂਜੇ ਪਾਸੇ ਯੂਨੀਵਰਸਿਟੀ ਦੀਆਂ ਕੁਝ ਹੋਰ ਵਿਦਿਆਰਥੀ ਜਥੇਬੰਦੀਆਂ ਡੀਐੱਸਓ, ਪੀਐੱਸਯੂ, ਪੀਆਰਐੱਸਯੂ ਅਤੇ ਏਆਈਐੱਸਐੱਫ਼ ਨੇ ਇਸ ਪ੍ਰਦਰਸ਼ਨ ਦਾ ਵਿਰੋਧ ਕੀਤਾ ਤੇ ਹਿੰਦੂਤਵੀ ਜਥੇਬੰਦੀ ਦੇ ਵਰਕਰਾਂ ਦੀ ਕੁਟਮਾਰ ਕੀਤੀ ਪਰ ਸੁਰੱਖਿਆ ਅਮਲੇ ਨੇ ਮਾਹੌਲ ਨੂੰ ਸ਼ਾਂਤ ਕੀਤਾ।