ਟੈਕਸਾਸ ਵਿਚ ਲੋਕਾਂ ਨੂੰ ਅੱਗ ਤੋਂ ਬਚਾਉਣ ਦਾ ਯਤਨ ਕਰ ਰਹੇ ਇਕ ਪੁਲਿਸ ਅਧਿਕਾਰੀ ਦੀ ਮੌਤ

ਟੈਕਸਾਸ ਵਿਚ ਲੋਕਾਂ ਨੂੰ ਅੱਗ ਤੋਂ ਬਚਾਉਣ ਦਾ ਯਤਨ ਕਰ ਰਹੇ ਇਕ ਪੁਲਿਸ ਅਧਿਕਾਰੀ ਦੀ ਮੌਤ
ਕੈਪਸ਼ਨ : ਅਬੀਲੇਨ ਦੇ ਪੱਛਮ ਵਿਚ ਅੱਗ ਨਾਲ ਪ੍ਰਭਾਵਿਤ ਚੈਪਲ ਹਿੱਲ ਮੋਬਾਇਲ ਹੋਮ ਪਾਰਕ ਵਿਚੋਂ ਲੋਕ ਸੁਰੱਖਿਅਤ ਥਾਵਾਂ 'ਤੇ ਜਾਂਦੇ ਹੋਏ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 19 ਮਾਰਚ (ਹੁਸਨ ਲੜੋਆ ਬੰਗਾ)-ਟੈਕਸਾਸ ਦੇ ਜੰਗਲ ਨੂੰ ਲੱਗੀ ਅੱਗ ਕਾਰਨ ਸੈਂਕੜੇ ਲੋਕਾਂ ਨੂੰ ਘਰ ਬਾਰ ਛੱਡ ਕੇ ਭੱਜਣ ਲਈ ਮਜਬੂਰ ਹੋਣਾ ਪਿਆ ਹੈ। ਟੈਕਸਾਸ ਫੌਰੈਸਟ ਸਰਵਿਸ ਦੇ ਇਕ ਅਧਿਕਾਰੀ ਅਨੁਸਾਰ 62 ਵਰਗ ਮੀਲ ਤੋਂ ਵਧ ਰਕਬਾ ਸੜ ਗਿਆ ਹੈ। ਈਸਟਲੈਂਡ ਕਾਊਂਟੀ, ਟੈਕਸਾਸ ਵਿਚ ਬਚਾਅ ਕਾਰਵਾਈ ਵਿਚ ਲੱਗੀ ਪੁਲਿਸ ਵਿਭਾਗ ਦੀ ਡਿਪਟੀ ਬਾਰਬਰਾ ਫੈਨਲੇ ਦੀ ਮੌਤ ਹੋ ਗਈ। ਪੁਲਿਸ ਮੁੱਖੀ ਜੈਸਨ ਵੈਗਰ ਨੇ ਕਿਹਾ ਹੈ ਕਿ ਫੈਨਲੇ ਨੇ  ਅੱਗ ਵਿਚ ਘਿਰੇ ਇਕ ਬਜੁਰਗ ਨੂੰ ਬਚਾਉਣ ਦਾ ਯਤਨ ਕੀਤਾ ਜਿਸ ਦੌਰਾਨ ਉਹ ਖੁਦ ਅੱਗ ਦੀ ਲਪੇਟ ਵਿਚ ਆ ਗਈ। ਅੱਗ ਨਾਲ ਪ੍ਰਭਾਵਿਤ ਗੋਰਮੈਨ ਕਸਬੇ ਵਿਚੋਂ ਤਕਰੀਬਨ 475 ਘਰਾਂ ਨੂੰ ਖਾਲੀ ਕਰਵਾਇਆ ਗਿਆ ਹੈ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ। ਡਾਊਨ ਟਾਊਨ ਰੇਂਜਰ ਵਿਚ ਇਕ ਚਰਚ ਵੀ ਅੱਗ ਦੀ ਲਪੇਟ ਵਿਚ ਆ ਕੇ ਤਬਾਹ ਹੋ ਗਿਆ। ਇਹ 103 ਸਾਲ ਪੁਰਾਣੀ ਇਮਾਰਤ ਸੀ। ਹੋਰ ਕਈ ਇਤਿਹਾਸਕ ਇਮਾਰਤਾਂ ਦੇ ਵੀ ਸੜ ਜਾਣ ਦੀ ਖਬਰ ਹੈ।