ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਕਮੇਟੀ ਖ਼ਿਲਾਫ਼ ਧਰਨਾ

 ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਕਮੇਟੀ ਖ਼ਿਲਾਫ਼ ਧਰਨਾ

ਮਾਮਲਾ ਲਾਪਤਾ ਪਾਵਨ ਸਰੂਪਾਂ ਦਾ                 

ਅੰਮ੍ਰਿਤਸਰ ਟਾਈਮਜ਼ 

ਅੰਮ੍ਰਿਤਸਰ: ਵੱਖ ਵੱਖ ਸਿੱਖ ਜਥੇਬੰਦੀਆਂ ਨੇ ਬੀਤੇ ਦਿਨੀਂਂ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਰੋਸ ਮਾਰਚ ਕੱਢਿਆ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਪਲਾਜ਼ਾ ਵਿਖੇ ਦੋ ਘੰਟੇ ਲਈ ਧਰਨਾ ਦਿੱਤਾ। ਇਹ ਧਰਨਾ ਸਿੱਖ ਜਥੇਬੰਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋਂ ਬਲਬੀਰ ਸਿੰਘ ਮੁੱਛਲ, ਜਥਾ ਸਿਰਲੱਥ ਖ਼ਾਲਸਾ ਦੇ ਦਿਲਬਾਗ ਸਿੰਘ ਸੁਲਤਾਨਵਿੰਡ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਬਲਵੰਤ ਸਿੰਘ ਗੋਪਾਲਾ, ਭੁਪਿੰਦਰ ਸਿੰਘ, ਆਵਾਜ਼-ਏ-ਕੌਮ ਦੇ ਪ੍ਰਧਾਨ ਮਨਜੀਤ ਸਿੰਘ ਕਰਤਾਰਪੁਰ, ਨੋਬਲਜੀਤ ਸਿੰਘ ਬੁੱਲੋਵਾਲ, ਹਵਾਰਾ ਕਮੇਟੀ ਦੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ, ਜਥਾ ਹਿੰਮਤ-ਏ-ਖ਼ਾਲਸਾ ਦੇ ਮੁਖੀ ਪੰਜਾਬ ਸਿੰਘ ਸੁਲਤਾਨਵਿੰਡ, ਬਾਬਾ ਮਹਾਰਾਜ ਸਿੰਘ ਨੌਰੰਗਾਬਾਦ ਛਾਉਣੀ ਦੇ ਜਥੇਦਾਰ ਬਾਬਾ ਰਛਪਾਲ ਸਿੰਘ ਨਿਹੰਗ ਅਤੇ ਲਖਬੀਰ ਸਿੰਘ ਮਹਾਲਮ ਦੀ ਅਗਵਾਈ ਵਿਚ ਦਿੱਤਾ ਗਿਆ। ਧਰਨਾਕਾਰੀ ਬੁਰਜ ਅਕਾਲੀ ਫੂਲਾ ਸਿੰਘ ਤੋਂ ਸ੍ਰੀ ਦਰਬਾਰ ਸਾਹਿਬ ਤਕ ਰੋਸ ਮਾਰਚ ਕਰਦੇ ਹੋਏ ਪੁੱਜੇ ਅਤੇ ਘੰਟਾ ਘਰ ਗੇਟ ਅੱਗੇ ਧਰਨਾ ਦੇ ਕੇ ਬੈਠ ਗਏ। ਪ੍ਰਦਰਸ਼ਨਕਾਰੀ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦੋਸ਼ੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਲਾਪਤਾ ਸਰੂਪਾਂ ਸਬੰਧੀ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ। ਇਸ ਮੌਕੇ ਉਨ੍ਹਾਂ ਹੋਰ ਸਿੱਖ ਮੁੱਦੇ ਵੀ ਉਭਾਰੇ, ਜਿਨ੍ਹਾਂ ਵਿਚ ਸਿੱਖ ਰੈਫਰੈਂਸ ਲਾਇਬਰੇਰੀ ਦਾ ਮਾਮਲਾ ਵੀ ਸ਼ਾਮਲ ਸੀ।