ਪੰਜਾਬ ਪੁਲੀਸ ਵੱਲੋਂ 10 ਦਿਨਾਂ ਵਿੱਚ 17 ਗੈਂਗਸਟਰਾਂ ਤੋ ਬਣੇ ਖਾੜਕੂ ਕਾਬੂ
ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ: ਪੰਜਾਬ ਪੁਲੀਸ ਨੇ ਦਾਅਵਾ ਕੀਤਾ ਕਿ ਬੀਤੇ ਦਸ ਦਿਨਾਂ ਵਿੱਚ 17 ਖਾੜਕੂਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਚਾਰ ਰਾਈਫਲਾਂ-ਏਕੇ/ਐੱਮਪੀ-9/ਐੱਮਪੀ-5, 25 ਰਿਵਾਲਵਰ, ਤਿੰਨ ਹੈਂਡ ਗ੍ਰਨੇਡ ਤੇ ਇੱਕ ਆਈਈਡੀ ਬਰਾਮਦ ਕੀਤੀ ਹੈ। ਸੂਬੇ ਦੇ ਆਈਜੀ (ਹੈੱਡਕੁਆਰਟਰ) ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੇ 10 ਦਿਨਾਂ ਵਿੱਚ ਪੁਲੀਸ ਟੀਮਾਂ ਨੇ ਗੈਂਗਸਟਰ ਤੋਂ ਖਾੜਕੂ ਬਣੇ ਲਖਬੀਰ ਸਿੰਘ ਉਰਫ ਲੰਡਾ, ਹਰਵਿੰਦਰ ਸਿੰਘ ਉਰਫ ਰਿੰਦਾ ਅਤੇ ਅਰਸ਼ ਡੱਲਾ ਵੱਲੋਂ ਭਾਰਤ ਤੋਂ ਬਾਹਰੋਂ ਚਲਾਈਆਂ ਜਾ ਰਹੀਆਂ ਖਾੜਕੂ ਗਤੀਵਿਧੀਆਂ ਦਾ ਪਤਾ ਲਾਇਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਪਹਿਲੀ ਅਕਤੂਬਰ ਨੂੰ ਕੈਨੇਡਾ ਆਧਾਰਤ ਲਖਬੀਰ ਲੰਡਾ ਤੇ ਪਾਕਿਸਤਾਨ ਆਧਾਰਿਤ ਹਰਵਿੰਦਰ ਰਿੰਦਾ ਵੱਲੋਂ ਸਾਂਝੇ ਤੌਰ ’ਤੇ ਚਲਾਏ ਜਾ ਰਹੇ ਆਈਐੱਸਆਈ ਦੀ ਹਮਾਇਤ ਪ੍ਰਾਪਤ ਤਿੰਨ ਖਾੜਕੂਆਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਉਨ੍ਹਾਂ ਦੇ ਕਬਜ਼ੇ ’ਚੋਂ ਅਤਿ ਆਧੁਨਿਕ ਏਕੇ-56 ਅਸਾਲਟ ਰਾਈਫਲ ਤੇ ਦੋ ਮੈਗਜ਼ੀਨਾਂ ਸਣੇ 90 ਕਾਰਤੂਸ ਤੇ ਦੋ ਖੋਲ ਬਰਾਮਦ ਕੀਤੇ ਸਨ। ਚਮਕੌਰ ਸਾਹਿਬ ਖੇਤਰ ਤੋਂ ਦੋ ਖਾੜਕੂਆਂ ਦੀ ਗ੍ਰਿਫ਼ਤਾਰੀ ਨਾਲ ਕੈਨੇਡਾ ਆਧਾਰਤ ਅਤਿਵਾਦੀ/ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਵੱਲੋਂ ਚਲਾਏ ਜਾ ਰਹੇ ਦਹਿਸ਼ਤੀ ਗੈਂਗ ਦਾ ਪਰਦਾਫ਼ਾਸ਼ ਕੀਤਾ ਤੇ ਇੱਕ 22 ਬੋਰ ਦਾ ਰਿਵਾਲਵਰ ਤੇ 32 ਬੋਰ ਦੇ ਪਿਸਤੌਲ ਸਣੇ 21 ਕਾਰਤੂਸ ਵੀ ਬਰਾਮਦ ਕੀਤੇ। ਆਈਜੀ ਨੇ ਦੱਸਿਆ ਕਿ ਪਿਛਲੇ ਹਫ਼ਤੇ ਪੁਲੀਸ ਨੇ 240 ਐੱਫਆਈਆਰ ਦਰਜ ਕਰ ਕੇ 314 ਨਸ਼ਾ ਤਸਕਰ ਵੀ ਕਾਬੂ ਕੀਤੇ ਹਨ। ਇਨ੍ਹਾਂ ਮੁਲਜ਼ਮਾਂ ਦੇ ਕਬਜ਼ੇ ’ਵਿਚੋਂ 18 ਕਿੱਲੋ ਹੈਰੋਇਨ, 16 ਕਿੱਲੋ ਅਫੀਮ, 4 ਕਿੱਲੋ ਗਾਂਜਾ, 5 ਕੁਇੰਟਲ ਭੁੱਕੀ, ਫਾਰਮਾ ਓਪੀਔਡਜ਼ ਦੀਆਂ 3.71 ਲੱਖ ਗੋਲੀਆਂ/ਕੈਪਸੂਲ/ਟੀਕੇ/ ਸ਼ੀਸ਼ੀਆਂ ਤੇ 9.73 ਲੱਖ ਦੀ ਨਕਦੀ ਬਰਾਮਦ ਕੀਤੀ ਗਈ ਹੈ।
Comments (0)