ਅਮਰੀਕਾ ਵਿਚ ਸਥਾਪਿਤ ਹੋਣ ਦਾ ਸੁਪਨਾ ਪੰਜਾਬੀ ਪਰਿਵਾਰ ਨੂੰ ਰਾਸ ਨਾ ਆਇਆ

ਅਮਰੀਕਾ ਵਿਚ ਸਥਾਪਿਤ ਹੋਣ ਦਾ ਸੁਪਨਾ ਪੰਜਾਬੀ ਪਰਿਵਾਰ ਨੂੰ ਰਾਸ ਨਾ ਆਇਆ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 11 ਅਕਤੂਬਰ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਵਿਚ ਇਕ 8 ਮਹੀਨਿਆਂ ਦੀ ਬੱਚੀ ਸਮੇਤ ਕਤਲ ਕਰ ਦਿੱਤੇ ਗਏ 4 ਜੀਆਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਸਦੀਪ ਸਿੰਘ ਤੇ ਅਮਨਦੀਪ ਸਿੰਘ ਨੂੰ ਅਮਰੀਕਾ ਵਿਚ ਸਥਾਪਿਤ ਹੋਣ ਦਾ ਸੁਪਨਾ ਰਾਸ ਨਹੀਂ ਆਇਆ। ਪਰਿਵਾਰ ਦਾ ਕਹਿਣਾ ਹੈ ਕਿ ਅਮਰੀਕਾ ਆ ਕੇ ਉਨਾਂ ਨੇ 18 ਸਾਲ ਪਰਿਵਾਰ ਦੀ ਸੁਰੱਖਿਆ, ਖੁਸ਼ਹਾਲੀ ਤੇ ਚੰਗੇ ਭਵਿੱਖ ਲਈ ਦਿਨ ਰਾਤ ਕੰਮ ਕੀਤਾ । ਉਨਾਂ ਦੇ ਸੁਪਨੇ ਓਦੋਂ ਸਦਾ ਲਈ ਮਿੱਟੀ ਵਿਚ ਮਿਲ ਗਏ ਜਦੋਂ ਜਸਲੀਨ ਕੌਰ (27), ਜਸਦੀਪ ਸਿੰਘ (36), ਉਨਾਂ ਦੀ ਬੱਚੀ ਅਰੂਹੀ ਢੇਰੀ ਤੇ ਬੱਚੀ ਦੇ ਤਾਏ ਅਮਨਦੀਪ ਸਿੰਘ (39) ਨੂੰ 3 ਅਕਤੂਬਰ ਨੂੰ ਉਨਾਂ ਦੇ ਟਰਕਿੰਗ ਕਾਰੋਬਾਰ ਸਥਾਨ ਤੋਂ ਅਗਵਾ ਕਰਕੇ 2 ਦਿਨ ਬਾਅਦ ਕਤਲ ਕਰ ਦਿੱਤਾ ਗਿਆ। ਇਹ ਪ੍ਰਗਟਾਵਾ ਪਰਿਵਾਰ ਨੇ gofundme.com ਉਪਰ ਕੀਤਾ ਹੈ। ਮਰਸਡ ਕਾਊਂਟੀ ਦੇ ਸ਼ੈਰਿਫ ਦਫਤਰ ਨੇ ਕਿਹਾ ਹੈ ਕਿ ਪਰਿਵਾਰ ਲਈ ਫੰਡ ਜੁਟਾਉਣ ਦੀ ਲੋੜ ਹੈ ਤੇ ਉਕਤ ਇਕੋ ਇਕ ਅਧਿਕਾਰਤ ਖਾਤਾ ਹੈ ਜਿਸ ਉਪਰ ਫੰਡ ਦਿੱਤਾ ਜਾ ਸਕਦਾ ਹੈ। ਪਰਿਵਾਰ ਨੇ ਗੋਫੰਡਮੀ. ਕਾਮ ਪੇਜ਼ ਉਪਰ ਕਿਹਾ ਹੈ ਕਿ ਮਾਰੇ ਗਏ ਦੋਨੋਂ ਭਰਾ ਅਮਨਦੀਪ ਸਿੰਘ ਤੇ ਜਸਦੀਪ ਸਿੰਘ  ਹੀ ਪਰਿਵਾਰ ਦੀ ਆਮਦਨੀ ਦਾ ਸਾਧਨ ਸਨ ਤੇ ਉਹ ਹੀ ਆਪਣੇ ਮਾਤਾ ਪਿਤਾ ਰਣਧੀਰ ਸਿੰਘ ਤੇ ਕਿਰਪਾਲ ਕੌਰ, ਅਮਨਦੀਪ ਸਿੰਘ ਦੀ ਪਤਨੀ ਜਸਪ੍ਰੀਤ ਕੌਰ ਤੇ ਉਨਾਂ ਦੇ ਦੋ ਬੱਚਿਆਂ 6 ਸਾਲਾ ਏਕਮ ਤੇ 9 ਸਾਲਾ ਸੀਰਤ ਦਾ ਪਾਲਣ ਪੋਸ਼ਣ ਕਰਦੇ ਸਨ। 2,50,000 ਡਾਲਰ ਫੰਡ ਇਕੱਠਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਹ ਪੈਸਾ ਏਕਮ ਤੇ ਸੀਰਤ ਦੀ ਪੜਾਈ, ਜਸਪ੍ਰੀਤ ਕੌਰ ਤੇ ਬਜੁਰਗ ਮਾਪਿਆਂ ਦੀ ਸਹਾਇਤਾ ਲਈ ਖਰਚ ਕੀਤਾ ਜਾਵੇਗਾ। ਪਰਿਵਾਰ ਅਨੁਸਾਰ ਅਮਨਦੀਪ ਸਿੰਘ ਅਕਸਰ ਸਥਾਨਕ ਫੂਡ ਬੈਂਕ ਨੂੰ ਭੋਜਨ ਦਾਨ ਕਰਦਾ ਸੀ ਤੇ ਉਹ ਹਰ ਐਤਵਾਰ ਗੁਰੂ ਘਰ ਵਿਚ ਸੇਵਾ ਕਰਨੀ ਨਹੀਂ ਸੀ ਭੁਲਦਾ। ਜਸਦੀਪ ਸਿੰਘ ਤੇ ਜਸਲੀਨ ਕੌਰ ਦਾ3 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਪਿਛਲੇ 2 ਸਾਲ ਤੋਂ ਉਹ ਅਮਰੀਕਾ ਵਿਚ ਇਕੱਠੇ ਰਹਿ ਰਹੇ ਸਨ। 8 ਮਹੀਨੇ ਪਹਿਲਾਂ ਬੱਚੀ ਅਰੂਹੀ ਦੇ ਪੈਦਾ ਹੋਣ ਉਪਰੰਤ ਘਰ ਵਿਚ ਨਵੀਆਂ ਖੁਸ਼ੀਆਂ ਨੇ ਦਸਤਕ ਦਿੱਤੀ ਸੀ ਤੇ ਉਸ ਦੇ ਦਾਦਾ- ਦਾਦੀ ਰਣਧੀਰ ਸਿੰਘ ਤੇ ਕਿਰਪਾਲ ਕੌਰ ਅਰੂਹੀ ਦੀ ਲੋਹੜੀ ਮਨਾਉਣ ਦੀਆਂ ਤਿਆਰੀਆਂ  ਕਰ ਰਹੇ ਸਨ। ਪਰਿਵਾਰ ਦੀ ਭਾਰਤ ਜਾ ਕੇ ਲੋਹੜੀ ਮਨਾਉਣ ਦੀ ਯੋਜਨਾ ਸੀ ਪਰੰਤੂ ਇਹ ਸਭ ਕੁਝ ਤਬਾਹ ਹੋ ਗਿਆ। ਹੁਣ ਪਰਿਵਾਰ ਦੇ ਬਾਕੀ ਜੀਆਂ ਕੋਲ ਯਾਦਾਂ ਦੇ ਸਹਾਰੇ ਜੀਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਰਿਹਾ।