ਗੈਂਗਸਟਰ ਲੰਡਾ ਗਰੋਹ ਦਾ ਮੈਂਬਰ ਦਾ ਦੋਸ਼ ਲਗਾਕੇ ਲੱਖਾ ਸਿਧਾਣਾ 'ਤੇ ਕੇਸ ਦਰਜ ਕੀਤਾ
ਹਰੀਕੇ ਪੁਲਿਸ ਵਲੋਂ ਅਜੇ ਨਹੀਂ ਕੀਤੀ ਗਿ੍ਫ਼ਤਾਰੀ
*ਪੰਜਾਬ ਲਈ ਉਠਾਈ ਜਾਂਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ 'ਆਪ' ਸਰਕਾਰ- ਲੱਖਾ ਸਿਧਾਣਾ
ਅੰਮ੍ਰਿਤਸਰ ਟਾਈਮਜ਼
ਤਰਨ ਤਾਰਨ -ਹਰੀਕੇ ਪੁਲਿਸ ਨੇ ਵਿਦੇਸ਼ 'ਵਿਚ ਬੈਠ ਕੇ ਗੈਂਗਸਟਰ ਗਤੀਵਿਧੀਆਂ ਚਲਾ ਰਹੇ ਲਖਬੀਰ ਸਿੰਘ ਉਰਫ਼ ਲੰਡਾ ਗਰੋਹ ਦਾ ਮੈਂਬਰ ਦੱਸ ਕੇ ਲੱਖਾ ਸਿਧਾਣਾ ਸਮੇਤ 11 ਵਿਅਕਤੀਆਂ ਖ਼ਿਲਾਫ਼ ਫਿਰੌਤੀ ਮੰਗਣ, ਡਰੋਨ ਰਾਹੀਂ ਪਾਕਿ ਤੋਂ ਹਥਿਆਰ ਆਦਿ ਮੰਗਵਾਉਣ ਤੇ ਨਸ਼ਾ ਤਸਕਰੀ ਦਾ ਮਾਮਲਾ 2 ਸਤੰਬਰ ਨੂੰ ਚੁੱਪ- ਚੁਪੀਤੇ ਹੀ ਦਰਜ ਕੀਤਾ ਹੈ ।ਇਕ ਮਹੀਨਾ ਬੀਤਣ ਦੇ ਬਾਵਜੂਦ ਸੰਗੀਨ ਧਾਰਾਵਾਂ ਤਹਿਤ ਦਰਜ ਕੀਤੇ ਇਸ ਕੇਸ 'ਵਿਚ ਸ਼ਰੇਆਮ ਘੁੰਮ ਰਹੇ ਲੱਖਾ ਸਿਧਾਣਾ ਨੂੰ ਅਜੇ ਤੱਕ ਗਿ੍ਫ਼ਤਾਰ ਨਹੀਂ ਕੀਤਾ ਗਿਆ ।ਐਫ.ਆਈ.ਆਰ. ਅਨੁਸਾਰ ਥਾਣਾ ਹਰੀਕੇ ਦੇ ਐਸ.ਐਚ.ਓ. ਸਬ-ਇੰਸ. ਹਰਜੀਤ ਸਿੰਘ ਨੂੰ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਲਖਬੀਰ ਸਿੰਘ ਉਰਫ਼ ਲੰਡਾ ਹਰੀਕੇ ਬਹੁਤ ਵੱਡਾ ਗੈਂਗਸਟਰ ਹੈ ਤੇ ਇਸ ਸਮੇਂ ਵਿਦੇਸ਼ 'ਵਿਚ ਬੈਠ ਕੇ ਆਪਣਾ ਨੈੱਟਵਰਕ ਚਲਾ ਰਿਹਾ ਹੈ । ਉਹ ਵੱਡੇ-ਵੱਡੇ ਕਾਰੋਬਾਰੀ ਤੇ ਅਮੀਰ ਲੋਕਾਂ ਕੋਲੋਂ ਫਿਰੌਤੀਆਂ ਦੀ ਮੰਗ ਕਰਦਾ ਹੈ ਤੇ ਉਸ ਨੇ ਨਛੱਤਰ ਸਿੰਘ ਉਰਫ਼ , ਸਤਨਾਮ ਸਿੰਘ ਸੱਤਾ , ਜਸਵੰਤ ਸਿੰਘ, ਗੁਰਕੀਰਤ ਸਿੰਘ , ਅਨਮੋਲ ਸੋਨੀ , ਚੜ੍ਹਤ ਸਿੰਘ ਮਹਿਦੀਪੁਰ , ਗੁਰਜੰਟ ਸਿੰਘ ਜੰਟਾ , ਮਹਾਂਬੀਰ ਸਿੰਘ , ਸੁਖਦੇਵ ਸਿੰਘ ਸ਼ੇਰਾ , ਲਖਵਿੰਦਰ ਸਿੰਘ ਲੱਖਾ ਸਿਧਾਣਾ ਵਾਸੀ ਸਿਧਾਣਾ ਤਹਿਸੀਲ ਫੂਲ ਤੇ ਦਲਜੀਤ ਸਿੰਘ ਗੋਇੰਦਵਾਲ ਸਾਹਿਬ ਤੇ ਹੋਰ ਸਾਥੀਆਂ ਨਾਲ ਰਲ ਕੇ ਫਿਰੌਤੀਆਂ ਮੰਗਣ ਦਾ ਗਰੋਹ ਬਣਾਇਆ ਹੈ ਤੇ ਲਖਬੀਰ ਸਿੰਘ ਉਰਫ਼ ਲੰਡਾ ਇਨ੍ਹਾਂ ਦਾ ਰਿੰਗ ਲੀਡਰ ਹੈ, ਜੋ ਉਕਤ ਵਿਅਕਤੀਆਂ ਨਾਲ ਵਟਸਐਪ 'ਤੇ ਵਿਦੇਸ਼ੀ ਨੰਬਰਾਂ ਰਾਹੀਂ ਗੱਲ ਕਰਦਾ ਹੈ ।ਫਿਰੌਤੀਆਂ ਦੇ ਲਏ ਪੈਸੇ ਸਤਨਾਮ ਸਿੰਘ ਸੱਤਾ ਨੌਸ਼ਹਿਰਾ ਪੰਨੂੰਆਂ ਤੇ ਉਸ ਦੇ ਹੋਰ ਸਾਥੀ ਲਖਬੀਰ ਸਿੰਘ ਉਰਫ਼ ਲੰਡਾ ਨੂੰ ਵਿਦੇਸ਼ ਭੇਜਦੇ ਹਨ ।
ਲਖਬੀਰ ਸਿੰਘ ਉਰਫ਼ ਲੰਡਾ ਦੇ ਕਾਫ਼ੀ ਸਮੱਗਲਰਾਂ ਨਾਲ ਸੰਬੰਧ ਹਨ ਤੇ ਆਪਣੇ ਸਾਥੀਆਂ ਨੂੰ ਲਾਲਚ ਦੇ ਕੇ ਡਰੋਨ ਰਾਹੀਂ ਪਾਕਿ ਤੋਂ ਹੈਰੋਇਨ ਤੇ ਨਾਜਾਇਜ਼ ਹਥਿਆਰ ਮੰਗਵਾ ਕੇ ਇਨ੍ਹਾਂ ਦੇ ਪੈਸੇ ਉਨ੍ਹਾਂ ਨੂੰ ਵਰਤਣ ਲਈ ਦਿੰਦਾ ਹੈ । ਉਕਤ ਦਰਜ ਕੀਤੇ ਮਾਮਲੇ 'ਵਿਚ ਲੱਖਾ ਸਿਧਾਣਾ ਦਾ ਨਾਂਅ ਦਰਜ ਹੋਣ ਦੇ ਬਾਵਜੂਦ ਵੀ ਉਸ ਦੀ ਅਜੇ ਤੱਕ ਗਿ੍ਫ਼ਤਾਰੀ ਨਾ ਕਰਨਾ ਪੁਲਿਸ ਦੀ ਕਾਰਜਸ਼ੈਲੀ 'ਤੇ ਕਈ ਸਵਾਲ ਖੜ੍ਹੇ ਕਰਦੀ ਹੈ | ਪੁਲਿਸ ਵਲੋਂ ਉਕਤ ਵਿਅਕਤੀਆਂ ਖ਼ਿਲਾਫ਼ ਥਾਣਾ ਹਰੀਕੇ ਵਿਖੇ ਧਾਰਾ 386, 387, 388, 389, 120 ਬੀ. ਆਈ.ਪੀ.ਐਸ. ਆਰਮਜ਼ ਐਕਟ ਤੇ ਨਾਰਕੋਟਿਕ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ।ਦੂਜੇ ਪਾਸੇ ਨੌਜਵਾਨ ਆਗੂ ਲੱਖਾ ਸਿਧਾਣਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਪੰਜਾਬ ਦੇ ਹੱਕਾਂ ਤੇ ਪੰਜਾਬ ਦੇ ਮੁੱਦਿਆਂ ਲਈ ਉਠਾਈ ਜਾਂਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ, ਜਿਸ ਕਰਕੇ ਪਿਛਲੇ ਸਾਲਾਂ ਤੋਂ ਉਨ੍ਹਾਂ 'ਤੇ ਦਰਜ ਕੀਤੇ ਕੇਸ ਦੁਬਾਰਾ ਖੋਲ੍ਹੇ ਜਾ ਰਹੇ ਹਨ ।ਲੱਖਾ ਸਿਧਾਣਾ ਨੇ ਹਾਲ ਹੀ 'ਵਿਚ ਦਰਜ ਕੀਤੇ ਕੇਸ ਦਾ ਵੀ ਹਵਾਲਾ ਦੇ ਕੇ ਕਿਹਾ ਕਿ ਪੰਜਾਬ ਵਿਚ 'ਆਪ' ਸੱਤਾ 'ਚ ਆਉਣ ਤੋਂ ਬਾਅਦ ਬਦਲਾਖੋਰੀ ਦੀ ਨੀਤੀ 'ਤੇ ਚੱਲ ਰਹੀ ਹੈ । ਇਸ ਮੌਕੇ ਫ਼ਿਲਮ ਨਿਰਮਾਤਾ ਨਿਰਦੇਸ਼ਕ ਅਮਿਤੋਜ ਮਾਨ ਨੇ ਕਿਹਾ ਕਿ ਇਹ ਇਨਸਾਨੀਅਤ ਦਾ ਫ਼ਰਜ਼ ਹੈ ਕਿ ਕੋਈ ਚੰਗੀ ਚੀਜ਼ ਹੋਵੇ ਤਾਂ ਉਸ ਨੂੰ ਚੰਗਾ ਕਹਿਣਾ ਤੇ ਜੇ ਕੋਈ ਮਾੜੀ ਚੀਜ਼ ਹੋਵੇ ਤਾਂ ਉਸ ਨੂੰ ਮਾੜਾ ਕਹਿਣਾ, ਇਹੋ ਹੀ ਸਾਡੀ ਸੋਚ ਹੈ ।ਉਨ੍ਹਾਂ ਇਹ ਵੀ ਐਲਾਨ ਕੀਤਾ ਕਿ 9 ਅਕਤੂਬਰ ਨੂੰ ਮਹਿਰਾਜ ਵਿਖੇ ਇਕ ਵੱਡਾ ਇਕੱਠ ਕੀਤਾ ਜਾਵੇਗਾ ।
Comments (0)