ਗੈਂਗਸਟਰ ਬਰਾੜ ਦੇ ਗਰੁੱਪ ਵਲੋਂ ਰੀਡਰ ਸਮੇਤ ਵਪਾਰੀਆਂ ਨੂੰ ਧਮਕੀ                     

ਗੈਂਗਸਟਰ ਬਰਾੜ ਦੇ ਗਰੁੱਪ ਵਲੋਂ ਰੀਡਰ ਸਮੇਤ ਵਪਾਰੀਆਂ ਨੂੰ ਧਮਕੀ                     

                   ਫਿਰੌਤੀ ਨਾ ਦਿਤੀ ਤਾਂ ਗੋਲ਼ੀਆਂ ਨਾਲ ਭੁੰਨ ਦਿਆਂਗੇ

ਅੰਮ੍ਰਿਤਸਰ ਟਾਈਮਜ਼

ਜਗਰਾਓਂ : ਗੈਂਗਸਟਰ ਬਰਾੜ ਦੇ ਗਰੁੱਪ ਵੱਲੋਂ ਜਗਰਾਓਂ ਦੇ ਪ੍ਰਸ਼ਾਸਨਿਕ ਅਧਿਕਾਰੀ ਦੇ ਰੀਡਰ ਸਮੇਤ ਵਪਾਰੀਆਂ ਨੂੰ ਫਿਰੌਤੀ ਮੰਗਣ ਤੇ ਨਾ ਦੇਣ ’ਤੇ ਗੋਲ਼ੀਆਂ ਨਾਲ ਭੁੰਨ ਦੇਣ ਦੀ ਧਮਕੀ ਦਿੱਤੀ ਗਈ ਹੈ। ਚਾਹੇ ਜਗਰਾਓਂ ਪੁਲਿਸ ਵੱਲੋਂ ਧਮਕੀ ਦੇਣ ਵਾਲਿਆਂ ਨੂੰ ਸ਼ਰਾਰਤੀ ਅਨਸਰ ਦੱਸਿਆ ਗਿਆ ਹੈ ਪਰ ਵਿਭਾਗੀ ਤੌਰ 'ਤੇ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਵਿਦੇਸ਼ੀ ਵ੍ਹਟਸਐਪ ਨੰਬਰ ਤੋਂ ਜਗਰਾਓਂ ਦੇ ਪਲਾਈ ਵਪਾਰੀ ਨੂੰ ਫੋਨ ਕਰਨ ਵਾਲੇ ਨੇ ਧਮਕੀ ਦਿੰਦਿਆਂ ਗੋਲੀਆਂ ਨਾਲ ਭੁੰਨ ਦੇਣ ਦੀ ਚਿਤਾਵਨੀ ਦਿੱਤੀ। ਹਾਲਾਂਕਿ ਉਨ੍ਹਾਂ ਵਪਾਰੀ ਤੋਂ ਕਿਸੇ ਤਰ੍ਹਾਂ ਦੀ ਕੋਈ ਫਿਰੌਤੀ ਨਹੀਂ ਮੰਗੀ ਪਰ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਪਰੇਸ਼ਾਨ ਕਰ ਦਿੱਤਾ ਹੈ।

ਪਲਾਈ ਵਪਾਰੀ ਤੇ ਉਸ ਦਾ ਪਰਿਵਾਰ ਇਸ ਧਮਕੀ ਤੋਂ ਬਾਅਦ ਸਹਿਮਿਆ ਪਿਆ ਹੈ। ਉਨ੍ਹਾਂ ਵੱਲੋਂ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ ਸੁਣਦਿਆਂ ਭਰੋਸਾ ਦਿੱਤਾ ਕਿ ਪੁਲਿਸ ਉਨ੍ਹਾਂ ਨਾਲ ਹੈ। ਇਸ ਤੋਂ ਬਾਅਦ  ਜਗਰਾਓਂ ਦੇ ਇਕ ਪ੍ਰਸ਼ਾਸਨਿਕ ਅਧਿਕਾਰੀ ਦੇ ਰੀਡਰ ਦੇ ਘਰ ਵਾਲ਼ੇ ਫੋਨ ’ਤੇ ਉਸ ਦੀ ਬਾਹਰਲੇ ਵਟਸਐਪ ਨੰਬਰ ਤੋਂ ਕਰਾਸ ਕੀਤੀ ਤਸਵੀਰ ਭੇਜੀ ਗਈ ਤੇ ਫਿਰ ਫੋਨ ਕਰਕੇ ਦੋ ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ। ਉਕਤ ਧਮਕੀ ਦੇਣ ਵਾਲੇ ਵੱਲੋਂ ਵੀ ਖ਼ੁਦ ਨੂੰ ਬਰਾੜ ਗਰੁੱਪ ਦਾ ਸਾਥੀ ਦੱਸਦਿਆਂ ਖਾਤਾ ਨੰਬਰ ਵੀ ਭੇਜਿਆ ਗਿਆ। ਅਧਿਕਾਰੀ ਦੇ ਰੀਡਰ ਵੱਲੋਂ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਪੁਲਿਸ ਵੱਲੋਂ ਉਕਤ ਖਾਤਾ ਨੰਬਰ ਚੈੱਕ ਕਰਾਇਆ ਤਾਂ ਉਹ ਮੱਧ ਪ੍ਰਦੇਸ਼ ਦਾ ਪਾਇਆ ਗਿਆ। ਇਨ੍ਹਾਂ ਦੋਵਾਂ ਮਾਮਲਿਆਂ ਦੀ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਨੇ ਕਿਹਾ ਇਹ ਕਿਸੇ ਸ਼ਰਾਰਤੀ ਦੀ ਸ਼ਰਾਰਤ ਲੱਗਦੀ ਹੈ। ਇਸ ਦੇ ਬਾਵਜੂਦ ਪੁਲਿਸ ਇਸ ਮਾਮਲੇ ਵਿਚ ਬਣਦੀ ਕਾਰਵਾਈ ਕਰ ਰਹੀ ਹੈ।