ਸਿੱਖਜ਼ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਪੰਨੂ ਸਮੇਤ ਪੰਜ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ

ਸਿੱਖਜ਼ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਪੰਨੂ ਸਮੇਤ ਪੰਜ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਪੁਲੀਸ ਨੇ ਜਥੇਬੰਦੀ ਸਿੱਖਜ਼ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਪੰਨੂ ਸਮੇਤ ਪੰਜ ਆਗੂਆਂ ਖ਼ਿਲਾਫ਼ ਦੇਸ਼ ਧ੍ਰੋਹ ਅਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਇਹ ਕੇਸ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗ਼ੈਰ ਸਮਾਜੀ ਅਨਸਰਾਂ ਖ਼ਿਲਾਫ਼ ਸਖ਼ਤੀ ਵਰਤਣ ਦੇ ਹੁਕਮਾਂ ਮਗਰੋਂ ਦਰਜ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਪੁਲੀਸ ਨੂੰ ਹਦਾਇਤਾਂ ਕੀਤੀਆਂ ਹਨ ਕਿ ਸੂਬੇ ਦੀ ਅਮਨ ਸ਼ਾਂਤੀ ਵਿੱਚ ਖ਼ਲਲ ਪਾਉਣ ਵਾਲੀਆਂ ਸ਼ਕਤੀਆਂ ਤੋਂ ਸੁਚੇਤ ਰਹਿੰਦਿਆਂ ਉਨ੍ਹਾਂ ਖ਼ਿਲਾਫ਼ ਸਖ਼ਤੀ ਵਰਤੀ ਜਾਵੇ ਅਤੇ ਕੇਸ ਦਰਜ ਕੀਤੇ ਜਾਣ। ਗੌਰਤਲਬ ਹੈ ਕਿ ਪੰਜਾਬ ਵਿੱਚ ਸਿੱਖ ਫਾਰ ਜਸਟਿਸ ਵੱਲੋਂ ਸੂਬੇ ਵਿੱਚ 40 ਥਾਵਾਂ ‘ਤੇ ਇੰਡੀਪੈਂਡੈਂਸ ਰੈਫਰੈਂਡਮ 2020 ਦੇ ਸਿਰਲੇਖ ਹੇਠ ਪੋਸਟਰ ਲਾਏ ਗਏ ਸਨ। ਪੰਨੂ ਤੋਂ ਇਲਾਵਾ ਜਗਦੀਪ ਸਿੰਘ ਉਰਫ ਬਾਬਾ ਜੰਗਾ ਸਿੰਘ ਜਿਹੜੇ ਅਮਰੀਕਾ ਦੇ ਨਿਊਯਾਰਕ ਵਿੱਚ ਰਹਿੰਦੇ ਹਨ, ਗੁਰਪ੍ਰੀਤ ਸਿੰਘ, ਹਰਪੁਨੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।