ਚਿੱਟਾ ਵੇਚਣ ਤੋਂ ਰੋਕਣ ਵਾਲਿਆਂ ਦੇ ਘਰਾਂ ’ਤੇ ਗੋਲੀ ਚਲਾਈ , ਕੁੱਟ ਕੇ ਤਿੰਨ ਨੌਜਵਾਨ ਜ਼ਖ਼ਮੀ ਕੀਤੇ

ਚਿੱਟਾ ਵੇਚਣ ਤੋਂ ਰੋਕਣ ਵਾਲਿਆਂ ਦੇ ਘਰਾਂ ’ਤੇ ਗੋਲੀ ਚਲਾਈ , ਕੁੱਟ ਕੇ ਤਿੰਨ ਨੌਜਵਾਨ ਜ਼ਖ਼ਮੀ ਕੀਤੇ

ਅੰਮ੍ਰਿਤਸਰ ਟਾਈਮਜ਼

ਨਿਹਾਲ ਸਿੰਘ ਵਾਲਾ (ਮੋਗਾ): ਮੋਗਾ ਦੇ ਪਿੰਡ ਦੌਲਤ ਪੁਰਾ ਨੀਵਾਂ  ਵਿੱਚ ਚਿੱਟੇ ਦੀ ਸਪਲਾਈ ਕਰਨ ਵਾਲਿਆਂ ਵੱਲੋਂ ਆਪਣੇ ਸਾਥੀਆਂ ਨਾਲ ਚਿੱਟਾ ਵੇਚਣ ਤੋਂ ਰੋਕਣ ਵਾਲੇ ਕੁੱਝ ਪਰਿਵਾਰਾਂ ’ਤੇ ਰਾਤ ਦੌਰਾਨ ਹਮਲਾ ਕਰ ਦਿੱਤਾ ਗਿਆ। ਉਨ੍ਹਾਂ ਨੇ ਘਰਾਂ ਦੀ ਬੁਰੀ ਤਰ੍ਹਾਂ ਨਾਲ ਭੰਨਤੋੜ ਕੀਤੀ ਤੇ ਪਥਰਾਅ ਕਰਨ ਦੇ ਨਾਲ ਨਾਲ ਗੋਲੀਆਂ ਵੀ ਚਲਾਈਆਂ। ਗੋਲੀ ਨਾਲ ਕਿਸੇ ਦੇ ਵੀ ਜ਼ਖ਼ਮੀ ਹੋਣ ਤੋਂ ਬਚਾਅ ਹੋ ਗਿਆ। ਚਿੱਟਾ ਵੇਚਣ ਦੇ ਵਿਰੋਧ ਕਰਨ ਵਾਲੇ ਤਿੰਨ ਨੌਜਵਾਨਾਂ ਉੱਤੇ ਵੀ ਕਾਰ ਸਵਾਰਾਂ ਨੇ ਉਦੋਂ ਹਮਲਾ ਕੀਤਾ, ਜਦੋਂ ਉਹ ਸੈਰ ਕਰਨ ਲਈ ਜਾ ਰਹੇ ਸਨ। ਜ਼ਖਮੀ ਹੋਏ ਬੁੱਧ ਸਿੰਘ, ਗੁਰਪ੍ਰਤਾਪ ਸਿੰਘ ਤੇ ਵਿਸ਼ਾਲ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਬਿਆਨ ਲੈਣ ਆਏ ਥਾਣੇਦਾਰ ਸੁਖਮੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਰਹੀ ਹੈ। ਦਰਸ਼ਨ ਕੌਰ, ਧੀਰਜ ਕੁਮਾਰ ਪੰਚਾਇਤ ਮੈਂਬਰ ਤੇ ਪਿੰਡ ਵਾਸੀਆਂ ਨੇ ਪੁਲੀਸ ਤੋਂ ਦੋਸ਼ੀਆਂ ਖਿਲਾਫ਼ ਸਖ਼ਤ ਕਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਇਥੇ ਤਸਕਰਾਂ ਨੇ ਦਸ-ਬਾਰਾਂ ਸਾਲ ਦੇ ਬੱਚੇ ਵੀ ਚਿੱਟੇ ’ਤੇ ਲਗਾ ਕੇ ਉਨ੍ਹਾਂ ਤੋਂ ਸਪਲਾਈ ਕਰਾਉਣੀ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਜਸਵਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਨੂੰ ਨਸ਼ਾ ਤਸਕਰਾਂ ਦੀ ਤਲਾਸ਼ ਹੈ। ਕਿਸੇ ਤਸਕਰ ਤੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।