ਨੌਕਰੀ ਨਾ ਮਿਲਣ ਕਾਰਨ ਦੁਖੀ ਹੈ ਤਮਗਾ ਜੇਤੂ ਹਰਜਿੰਦਰ ਕੌਰ   

ਨੌਕਰੀ ਨਾ ਮਿਲਣ ਕਾਰਨ ਦੁਖੀ ਹੈ ਤਮਗਾ ਜੇਤੂ ਹਰਜਿੰਦਰ ਕੌਰ   

                                       ਖੇਡ ਸੰਸਾਰ                                                                             

 ਬ੍ਰਿਟੇਨ ਦੇ ਸ਼ਹਿਰ ਬਰਮਿੰਘਮ ਵਿੱਚ ਜਾਰੀ ਰਾਸ਼ਟਰਮੰਡਲ ਖੇਡਾਂ ਦੇ ਵੈਟ ਲਿਫ਼ਟਿੰਗ ਵਰਗ ਵਿੱਚ ਕਾਂਸੇ ਦਾ ਤਮਗ਼ਾ ਜੇਤੂ ਹਰਜਿੰਦਰ ਕੌਰ ਦਾ ਕਹਿਣਾ ਹੈ ਕਿ ਉਸਦੀ ਆਰਥਿਕ ਹਾਲਤ ਇੰਨੀ ਕਮਜ਼ੋਰ ਸੀ ਕਿ ਉਸ ਕੋਲ ਹੋਸਟਲ ਦੇ ਮੈੱਸ ਦਾ ਬਿੱਲ ਦੇਣ ਦੇ ਪੈਸੇ ਵੀ ਨਹੀਂ ਸੀ ਹੁੰਦੇ, ਦਿਨ ਭਰ ਮਿਹਨਤ ਕਰਨੀ ਅਤੇ ਫਿਰ ਮੈਸ ਦੀਆਂ ਰੋਟੀਆਂ ਖਾ ਕੇ ਅਭਿਆਸ ਕਰਨਾ, ਇਸ ਤਰੀਕੇ ਨਾਲ ਮੈਂ ਮੈਡਲ ਜਿੱਤਿਆ ਹੈ।''

ਹਰਜਿੰਦਰ ਕੌਰ  ਪੰਜਾਬ ਦੇ ਨਾਭਾ ਸ਼ਹਿਰ ਦੀ ਰਹਿਣ ਵਾਲੀ  ਹੈ।  ਉਸ ਨੇ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲਿਆ ਸੀ ਅਤੇ ਪਹਿਲੀ ਵਾਰ ਹੀ ਮੈਡਲ ਜਿੱਤ ਲਿਆ ਹੈ।ਹਰਜਿੰਦਰ ਕੌਰ ਨੇ ਦੱਸਿਆ ਕਿ ਕੌਮਾਂਤਰੀ ਪੱਧਰ ਉੱਤੇ ਮੈਡਲ ਜਿੱਤਣ ਪਿੱਛੇ ਉਸ ਦੇ ਪਰਿਵਾਰ ਦਾ ਲੰਮਾ ਸੰਘਰਸ਼ ਹੈ।ਹਰਜਿੰਦਰ ਨੇ ਦੱਸਿਆ ਕਿ ਪਰਿਵਾਰ ਕੋਲ ਜ਼ਮੀਨ ਨਹੀਂ ਹੈ ਅਤੇ ਉਨ੍ਹਾਂ ਦੇ ਪਿਤਾ ਪਸ਼ੂਆਂ ਦਾ ਦੁੱਧ ਵੇਚ ਕੇ ਘਰ ਦਾ ਗੁਜ਼ਾਰਾ ਤੋਰਦੇ ਹਨ। ਗ਼ਰੀਬੀ ਇੰਨੀ ਕਿ ਕਾਲਜ ਦੀ ਫ਼ੀਸ ਭਰਨ ਲਈ ਪਰਿਵਾਰ ਕੋਲ ਪੈਸੇ ਨਹੀਂ ਸਨ ਹੁੰਦੇ।

ਉਹ ਦਸਦੀ ਹੈ ਕਿ 2016 ਵਿੱਚ ਉਸ ਨੇ ਵੇਟ ਲਿਫ਼ਟਿੰਗ ਸ਼ੁਰੂ ਕੀਤੀ ਇਸ ਤੋਂ ਪਹਿਲਾਂ ਉਹ ਕਬੱਡੀ ਖੇਡਦੀ ਰਹੀ ਹੈ। ਹਰਜਿੰਦਰ ਕੌਰ ਦੇ ਦੱਸਣ ਮੁਤਾਬਕ ''ਪੈਸੇ ਦੀ ਕਮੀ ਕਾਰਨ ਕਈ ਵਾਰ ਉਹ ਨਿਰਾਸ਼ ਵੀ ਹੋ ਜਾਂਦੇ ਪਰ ਕੋਚ ਦੀ ਹਲਾਸ਼ੇਰੀ ਕਾਰਨ ਉਸ ਨੇ ਖੇਡ ਜਾਰੀ ਰੱਖੀ।

'ਹਰਜਿੰਦਰ ਦੇ ਮਾਤਾ-ਪਿਤਾ ਤੋਂ ਇਲਾਵਾ ਉਸ ਦੇ ਪਰਿਵਾਰ ਵਿੱਚ ਇੱਕ ਭਰਾ ਅਤੇ ਭੈਣ ਹੈ। ਹਰਜਿੰਦਰ ਨੇ ਦੱਸਿਆ ਕਿ ਉਹ ਆਪਣੇ ਮੌਜੂਦਾ ਪ੍ਰਦਰਸ਼ਨ ਤੋਂ ਖ਼ੁਸ਼ ਨਹੀਂ ਹੈ ਪਰ ਮੈਡਲ ਮਿਲਣ ਦੀ ਖੁਸ਼ੀ ਹੈ।'' ਹਰਜਿੰਦਰ ਪਿਛਲੇ ਇੱਕ ਸਾਲ ਤੋਂ ਘਰ ਨਹੀਂ ਗਈ ਕੈਂਪ ਵਿੱਚ ਰਹਿਣ ਕਾਰਨ ਪਿਛਲੇ ਕਈ ਸਾਲਾਂ ਤੋਂ ਦੀਵਾਲੀ ਅਤੇ ਹੋਰ ਕੋਈ ਵੀ ਤਿਉਹਾਰ ਉਸ ਨੇ ਘਰੇ ਨਹੀਂ ਮਨਾਇਆ।ਹਰਜਿੰਦਰ ਮੁਤਾਬਕ, ''ਰੱਖੜੀ ਮੌਕੇ ਵੀ ਭਰਾ ਘਰ ਨਹੀਂ ਸੀ ਆਉਣ ਦਿੰਦਾ ਤਾਂ ਜੋ ਮੇਰੀ ਪ੍ਰੈਕਟਿਸ ਤੋਂ ਛੁੱਟੀ ਨਾ ਹੋ ਜਾਵੇ।'' ਹਰਜਿੰਦਰ ਮੁਤਾਬਕ ਉਨ੍ਹਾਂ ਨੇ ਪੈਸੇ ਦੀ ਬਹੁਤ ਤੰਗੀ ਦੇਖੀ ਹੈ ਅਤੇ ''ਲੱਗਦਾ ਸੀ ਖੇਡ ਹੀ ਘਰ ਦੀ ਗ਼ਰੀਬੀ ਦੂਰ ਕਰੇਗੀ ਇਸ ਕਰ ਕੇ ਮਿਹਨਤ ਕੀਤੀ, ਅਤੇ ਆਖ਼ਰਕਾਰ ਮੈਨੂੰ ਕਾਮਯਾਬੀ ਮਿਲ ਗਈ।''   

 

 ਐਮਪੀਐਡ ਦੀ ਡਿਗਰੀ ਕਰ ਰਹੀ ਹਰਜਿੰਦਰ ਕੌਰ ਨੇ ਦੱਸਿਆ ਕਿ ਉਸ ਨੇ ਯੂਨੀਵਰਸਿਟੀ ਅਤੇ ਹੋਰ ਕੌਮਾਂਤਰੀ ਮੁਕਾਬਲਿਆਂ ਵਿੱਚ ਮੈਡਲ ਜਿੱਤੇ ਹਨ ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਨੂੰ ਨੌਕਰੀ ਨਹੀਂ ਦਿੱਤੀ।

ਉਹ ਗਿਲਾ ਪ੍ਰਗਟਾਉਂਦੀ ਹੈ ਕਿ ਉਸਨੇ  ''ਕਈ ਮੈਡਲ ਜਿੱਤੇ ਹਨ ਪਰ ਨੌਕਰੀ ਨਾ ਮਿਲਣ ਕਾਰਨ ਮੈਂ ਮਾਯੂਸ ਹਾਂ''।ਉਹ ਕਹਿੰਦੀ ਹੈ, ''ਇੰਗਲੈਂਡ ਆਉਣ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਨੇ ਨੌਕਰੀ ਤਾਂ ਕੀ ਵਧਾਈ ਵੀ ਨਹੀਂ ਦਿੱਤੀ। ... ਮੈਨੂੰ ਪਰਿਵਾਰ ਲਈ ਨੌਕਰੀ ਚਾਹੀਦੀ ਹੈ ਤਾਂ ਜੋ ਮੈਂ ਉਨ੍ਹਾਂ ਦੀ ਵਿੱਤੀ ਮਦਦ ਕਰ ਸਕਾਂ''।ਉਸ ਨੇ ਮੌਜੂਦਾ ਸਰਕਾਰ ਨੂੰ ਨੌਕਰੀ ਦੀ ਅਪੀਲ ਵੀ ਕੀਤੀ। ਉਨ੍ਹਾਂ ਦੱਸਿਆ ਕਿ ਮੈਡਲ ਜਿੱਤਣ ਤੋਂ ਬਾਅਦ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਵੱਲੋਂ ਉਨ੍ਹਾਂ ਨੂੰ ਫ਼ੋਨ ਰਾਹੀਂ ਵਧਾਈ ਦਿੱਤੀ ਗਈ ਹੈ ਅਤੇ ਵਾਅਦਾ ਕੀਤਾ ਹੈ ਕਿ ਉਨ੍ਹਾਂ ਦੀ ਪੂਰੀ ਹੌਸਲਾ ਅਫਜ਼ਾਈ ਕੀਤੀ ਜਾਵੇਗੀ।

ਹਰਜਿੰਦਰ ਦੱਸਦੀ ਹੈ ਕਿ ਜਦੋਂ ਖੇਡ ਸ਼ੁਰੂ ਕੀਤੀ ਤਾਂ ਉਸ ਦਾ ਸ਼ੁਰਆਤੀ ਸਫ਼ਰ ਸੌਖਾ ਨਹੀਂ ਸੀ।ਉਸ ਨੇ ਕਿਹਾ, ''ਮੇਰੇ ਪਿਤਾ ਚਾਹੁੰਦੇ ਸਨ ਮੈਂ ਖੇਡਾਂ ਵਿੱਚ ਹਿੱਸਾ ਲਵਾਂ ਪਰ ਘਰ ਦੇ ਹਾਲਤ ਕਾਰਨ ਇਹ ਸਫ਼ਰ ਕਾਫ਼ੀ ਔਖਾ ਸੀ। ਪਹਿਲਾਂ ਸਾਈਕਲ ਉੱਤੇ ਸਕੂਲ ਜਾਣਾ ਅਤੇ ਫਿਰ ਵਾਪਸ ਆ ਕੇ ਪਸ਼ੂਆਂ ਦੀ ਦੇਖਭਾਲ ਕਰਨੀ। ਘਰ ਵਿੱਚ ਪਸ਼ੂਆਂ ਦੇ ਚਾਰੇ ਵਾਲੀ ਮਸ਼ੀਨ ਉੱਤੇ ਬਹੁਤ ਕੰਮ ਕੀਤਾ।''

ਹਰਜਿੰਦਰ ਨੂੰ ਮੈਦਾਨ ਵਿੱਚ ਲੈ ਕੇ ਜਾਣ ਵਾਲਾ ਕੋਈ ਨਹੀਂ ਸੀ ਹੁੰਦਾ ਅਤੇ ਲੋਕਾਂ ਤੋਂ ਲਿਫ਼ਟ ਲੈ ਕੇ ਦੂਜੇ ਪਿੰਡ ਪ੍ਰੈਕਟਿਸ ਲਈ ਜਾਂਦੀ ਸੀ। ਕੋਚ ਦੇ ਕਹਿਣ ਉੱਤੇ ਹਰਜਿੰਦਰ ਨੇ ਕਬੱਡੀ ਦੀ ਥਾਂ ਵੇਟ ਲਿਫ਼ਟਿੰਗ ਸ਼ੁਰੂ ਕੀਤੀ ਸੀ। ਖੇਡ ਦਾ ਮੈਦਾਨ ਦੇਖ ਕੇ ਹਰਜਿੰਦਰ ਦੇ ਸਰੀਰ ਵਿੱਚ ਐਨਰਜੀ ਆ ਜਾਂਦੀ ਹੈ।

ਹਰਜਿੰਦਰ ਨੇ ਕਿਹਾ, "ਜਦੋਂ ਮੈਂ ਰਾਸ਼ਟਰ ਮੰਡਲ ਖੇਡਾਂ ਵਿੱਚ ਹਿੱਸਾ ਲੈਣ ਲਈ ਤੁਰੀ ਸੀ ਤਾਂ ਮੈਨੂੰ ਕੋਈ ਨਹੀਂ ਸੀ ਜਾਣਦਾ। ਪਰ ਮੈਡਲ ਜਿੱਤਣ ਤੋਂ ਬਾਅਦ ਜ਼ਿੰਦਗੀ ਪੂਰੀ ਤਰਾਂ ਬਦਲ ਗਈ ਹੈ। ਵਧਾਈਆਂ ਦੇ ਸੁਨੇਹੇ ਆਉਣ ਕਰ ਕੇ ਮੇਰੀ ਨੀਂਦ ਵੀ ਪੂਰੀ ਨਹੀਂ ਹੋ ਰਹੀ।"

ਹਰਜਿੰਦਰ ਆਖਦੀ ਹੈ ਕਿ ਮਾਪਿਆਂ ਨੂੰ ਕੁੜੀਆਂ ਉੱਤੇ ਭਰੋਸਾ ਕਰਨਾ ਚਾਹੀਦਾ ਹੈ ਅਤੇ ਸਰਕਾਰੀ ਖੇਡ ਢਾਂਚੇ ਨੂੰ ਵਿਕਸਤ ਕੀਤਾ ਜਾਵੇ ਖ਼ਾਸ ਤੌਰ ਉੱਤੇ ਪਿੰਡਾਂ ਵਿੱਚ।

ਉਸ ਨੇ ਕਿਹਾ, ''ਜੇਕਰ ਕੁੜੀਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਦੇਸ਼ ਕੌਮਾਂਤਰੀ ਪੱਧਰ ਉੱਤੇ ਹੋਰ ਮੈਡਲ ਜਿੱਤ ਸਕਦਾ ਹੈ।''

ਕੁਸ਼ਤੀ: ਬਜਰੰਗ, ਦੀਪਕ ਤੇ ਸਾਕਸ਼ੀ ਨੇ ਜਿੱਤਿਆ ਸੋਨ ਤਗਮਾ ਤੇ ਅੰਸ਼ੂ ਮਲਿਕ ਨੂੰ ਮਿਲਿਆ ਚਾਂਦੀ ਦਾ ਤਗ਼ਮਾ ਭਾਰਤੀ ਪਹਿਲਵਾਨ ਬਜਰੰਗ ਪੂਨੀਆ, ਦੀਪਕ ਪੂਨੀਆ ਅਤੇ ਸਾਕਸ਼ੀ ਮਲਿਕ ਨੇ  ਰਾਸ਼ਟਰਮੰਡਲ ਖੇਡਾਂ ਦੇ ਕੁਸ਼ਤੀ ਮੁਕਾਬਲਿਆਂ ’ਵਿਚ ਭਾਰਤ ਨੂੰ ਤਿੰਨ ਸੋਨ ਤਗ਼ਮੇ ਦਿਵਾਏ। ਉਸ ਤੋਂ ਪਹਿਲਾਂ ਅੰਸ਼ੂ ਮਲਿਕ ਨੇ ਚਾਂਦੀ ਦਾ ਤਗ਼ਮਾ ਜਿੱਤਿਆ।

 

ਪ੍ਰਗਟ ਸਿੰਘ

ਜੰਡਿਆਲਾ ਗੁਰੂ