ਪੰਜਾਬ ਦੇ ਸਮੂਹ ਸਕੂਲਾਂ ਵਿਚ ਪਹਿਲੀ ਤੋਂ ਲੈ ਕੇ ਦਸਵੀਂ ਤੱਕ ਪੰਜਾਬੀ ਭਾਸ਼ਾ ਨੂੰ ਪੜ੍ਹਾਉਣਾ ਲਾਜਮੀ ਕੀਤਾ ਜਾਏ: ਪੰਜੋਲੀ

ਪੰਜਾਬ ਦੇ ਸਮੂਹ ਸਕੂਲਾਂ ਵਿਚ ਪਹਿਲੀ ਤੋਂ ਲੈ ਕੇ ਦਸਵੀਂ ਤੱਕ ਪੰਜਾਬੀ ਭਾਸ਼ਾ ਨੂੰ ਪੜ੍ਹਾਉਣਾ ਲਾਜਮੀ ਕੀਤਾ ਜਾਏ: ਪੰਜੋਲੀ
ਜਨਰਲ ਸਕੱਤਰ ਜੱਥੇਦਾਰ ਕਰਨੈਲ ਸਿੰਘ ਪੰਜੋਲੀ

ਪੰਜਾਬ ਦੇ ਖ਼ਿਲਾਫ਼ ਸਿੱਖਿਆ ਰਾਹੀਂ ਬਹੁਤ ਵੱਡੀ ਸਾਜ਼ਿਸ਼ ਕਰਕੇ ਸਾਨੂੰ ਸਾਡੇ ਵਿਰਸੇ ਨਾਲੋ ਤੋੜਿਆ ਜਾ ਰਿਹਾ ਹੈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 10 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜੱਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਅੰਦਰ ਬਹੁਤ ਸਾਰੇ ਪ੍ਰਾਈਵੇਟ ਸਕੂਲ ਚੱਲਦੇ ਹਨ ਜੋ ਆਪਣੀ ਮਨਮਰਜ਼ੀ ਦੀਆਂ ਫੀਸਾਂ ਲੈਂਦੇ ਹਨ।  ਇੰਨੀਆਂ ਜ਼ਿਆਦਾ ਫੀਸਾਂ ਅਤੇ ਹੋਰ ਕਈ ਤਰਾ ਦੇ ਫੰਡ ਲੈਣ ਦੇ ਬਾਵਜੂਦ ਵੀ ਉਹ ਸਕੂਲ ਪੰਜਾਬ ਦੀ ਮਾਤ ਭਾਸ਼ਾ ਪੰਜਾਬੀ ਨੂੰ ਪਹਿਲ ਦੇ ਆਧਾਰ ਤੇ ਨਹੀਂ ਪੜ੍ਹਾਉਂਦੇ, ਜਿਸ ਕਾਰਨ ਸਾਡੇ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਦਾ ਪੰਜਾਬੀ ਬੋਲੀ ਤੋਂ ਵਾਂਝੀ ਰਹਿ ਜਾਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਕੂਲਾਂ ਤੇ ਭਾਵੇਂ ਉਹ ਸੀਬੀਐਸਈ ਬੋਰਡ ਨਾਲ ਸਬੰਧਤ ਹੋਣ ਜਾਂ ਕਿਸੇ ਹੋਰ ਸਿੱਖਿਆ ਬੋਰਡ ਨਾਲ ਸੰਬੰਧਤ ਹੋਣ ਉਨਾ ਉਪਰ ਤੁਰੰਤ ਸਖ਼ਤ ਸ਼ਿਕੰਜਾ ਕੱਸਿਆ ਜਾਣਾ ਚਾਹੀਦਾ ਹੈ ਕਿ ਜਾ ਤਾ ਉਹ ਆਪਣੇ ਸਕੂਲ ਵਿੱਚ ਪਹਿਲੀ ਤੋਂ ਲੈ ਕੇ ਦਸਵੀਂ ਤੱਕ ਪੰਜਾਬੀ ਭਾਸ਼ਾ ਨੂੰ ਪੜ੍ਹਾਉਣਾ ਲਾਜਮੀ ਕਰਨ ਨਹੀਂ ਤਾਂ ਫਿਰ ਉਹ ਆਪਣੇ ਸਕੂਲ ਬੰਦ ਕਰ ਦੇਣ। ਉਨ੍ਹਾਂ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਸਾਹਿਬ ਜੀਓ ਮੈਂ ਇੱਥੇ ਆਪ ਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਇਹ ਪੰਜਾਬ ਦੇ ਖ਼ਿਲਾਫ਼ ਸਿੱਖਿਆ ਰਾਹੀਂ ਬਹੁਤ ਵੱਡੀ ਸਾਜ਼ਿਸ਼ ਕਰਕੇ ਸਾਨੂੰ ਸਾਡੇ ਵਿਰਸੇ ਨਾਲੋ ਤੋੜਿਆ ਜਾ ਰਿਹਾ ਹੈ। ਸਕੂਲਾਂ ਵਿੱਚ ਪੰਜਾਬੀ ਨਾ ਪੜ੍ਹਾ ਕੇ ਸਾਡੇ ਅੰਦਰੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਮਾਰ ਕੇ ਸਾਨੂੰ ਹੋਰ ਕੌਮਾਂ ਵਿਚ ਜਜ਼ਬ ਕਰਨ ਦੀ ਤਿਆਰੀ ਚੱਲ ਰਹੀ ਹੈ।  ਇਸ ਲਈ ਆਪ ਜੀ ਨੇ ਜਿਹੜੇ ਸਕੂਲ ਪੰਜਾਬੀ ਨੂੰ ਪਹਿਲ ਦੇ ਆਧਾਰ ਤੇ ਨਹੀਂ ਪੜ੍ਹਾਉਂਦੇ ਉਨ੍ਹਾਂ ਵਿਰੁੱਧ ਯੋਗ ਕਾਰਵਾਈ ਕੀਤੀ ਜਾਵੇ ਜੀ।