ਪੰਜਾਬ ਦੇ ਕਿਸਾਨ ਚਾਹੁਣ ਤਾਂ ਤਖ਼ਤ ਪਲਟ ਸਕਦੇ ਨੇ 

ਪੰਜਾਬ ਦੇ ਕਿਸਾਨ ਚਾਹੁਣ ਤਾਂ ਤਖ਼ਤ ਪਲਟ ਸਕਦੇ ਨੇ 

                     ਤਿਲੰਗਾਨਾ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਦੀ ਕੀਤੀ ਤਾਰੀਫ   

                         ਸ਼ਹੀਦ ਜਵਾਨਾਂ ਤੇ ਕਿਸਾਨਾਂ ਦੇ ਵਾਰਸਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਕੀਤੇ ਭੇਟ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਚੰਦਰਸ਼ੇਖਰ ਰਾਓ ਦੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੂੰ ਮਿਲਣ ਅਤੇ ਬੀਤੇ ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੰਚ ਸਾਂਝਾ ਕਰਨ ਨੂੰ 2024 ਦੀਆਂ ਲੋਕ ਸਭਾ ਚੋਣਾਂ ਵਿਚ ਕੌਮੀ ਪੱਧਰ ’ਤੇ ਇਕ ਨਵੇਂ ਗੱਠਜੋੜ ਨੂੰ ਉਭਾਰਨ ਦਾ ਸੰਕੇਤ ਸਮਝਿਆ ਜਾ ਰਿਹਾ ਹੈ। ਸਿਆਸੀ ਮਾਹਿਰਾਂ ਅਨੁਸਾਰ ਇਹ ਗੱਠਜੋੜ ਗ਼ੈਰ-ਕਾਂਗਰਸੀ ਹੋਣ ਦੀ ਸੰਭਾਵਨਾ ਹੈ ਜਿਸ ਵਿਚ ਖੇਤਰੀ ਪਾਰਟੀਆਂ ਵਿਚੋਂ ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਕੁਝ ਹੋਰ ਪਾਰਟੀਆਂ ਸ਼ਾਮਿਲ ਹੋ ਸਕਦੀਆਂ ਹਨ।ਤਿਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰ ਸ਼ੇਖਰ ਰਾਓ (ਕੇਸੀਆਰ) ਨੇ  ਇੱਥੇ ਗਲਵਾਨ ਘਾਟੀ ਅਤੇ ਕਿਸਾਨ ਸੰਘਰਸ਼ ਵਿਚ ਸ਼ਹੀਦ ਹੋਏ ਜਵਾਨਾਂ ਤੇ ਕਿਸਾਨਾਂ ਦੇ ਵਾਰਸਾਂ ਦੇ ਇਕੱਠ ਵਿਚ ਕਿਸਾਨਾਂ ਨੂੰ ਫ਼ਸਲਾਂ ਦੇ ਲਾਹੇਵੰਦ ਭਾਅ ਲਈ ਸੰਵਿਧਾਨਕ ਗਾਰੰਟੀ ਮਿਲਣ ਤੱਕ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਅੰਦੋਲਨ ਪੰਜਾਬ, ਹਰਿਆਣਾ ਅਤੇ ਪੱਛਮੀ ਯੂਪੀ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਹੈ। ਪੰਜਾਬ ਦੇ ਕਿਸਾਨ ਚਾਹੁਣ ਤਾਂ  ਕਿਸਾਨੀ ਤੇ ਲੋਕਾਂ ਦੀ ਅਗਵਾਈ ਕਰਕੇ ਹਾਕਮਾਂ ਦੇ ਤਖ਼ਤ ਪਲਟ ਸਕਦੇ ਹਨ।ਉਨ੍ਹਾਂ ਕਿਹਾ ਕਿ ਅਗਲੀਆਂ ਚੋਣਾਂ ਵਿਚ ਕਿਸਾਨ ਉਨ੍ਹਾਂ ਨੂੰ ਵੋਟ ਪਾਉਣ ਜੋ ਉਨ੍ਹਾਂ ਦੀਆਂ ਫ਼ਸਲਾਂ ਦਾ ਸਹੀ ਮੁੱਲ ਦੇਣ ਦੀ ਗੱਲ ਕਰੇ। ਉਨ੍ਹਾਂ ਕਿਹਾ ਕਿ ਕਿਸਾਨ ਜੇਕਰ ਇਕਜੁੱਟ ਹੋ ਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਮੈਦਾਨ ਵਿਚ ਨਿੱਤਰਦੇ ਹਨ ਤਾਂ ਉਹ ਕੇਂਦਰ ਦਾ ਤਖ਼ਤ ਵੀ ਪਲਟ ਸਕਦੇ ਹਨ। ਕੇਸੀਆਰ ਨੇ ਇਸ ਅੰਦੋਲਨ ਵਿਚ ਕਿਸਾਨਾਂ ਦਾ ਸਾਥ ਦੇਣ ਦੀ ਗੱਲ ਆਖੀ। ਉਨ੍ਹਾਂ ਦੱਸਿਆ ਕਿ ਜਦੋਂ ਕੇਂਦਰ ਨੇ ਤਿਲੰਗਾਨਾ ਵਿੱਚ ਕਿਸਾਨਾਂ ’ਤੇ ਬਿਜਲੀ ਬਿੱਲ ਲਾਉਣ ਅਤੇ ਮੀਟਰ ਲਾਉਣ ਦੀ ਗੱਲ ਕਹੀ ਤਾਂ ਉਨ੍ਹਾਂ ਸਾਫ਼ ਜੁਆਬ ਦੇ ਦਿੱਤਾ ਸੀ। ਕੇਸੀਆਰ ਨੇ ਕਿਹਾ ਕਿ ਖੇਤੀ ਖੇਤਰ ਦੇ ਸੰਕਟ ਦੀ ਅਸਲ ਜੜ੍ਹ ਕਿੱਥੇ ਹੈ, ਇਸ ’ਤੇ ਕੌਮੀ ਬਹਿਸ ਹੋਣੀ ਚਾਹੀਦੀ ਹੈ। ਉਨ੍ਹਾਂ ਆਜ਼ਾਦੀ ਦੇ ਅੰਦੋਲਨ ਅਤੇ ਖੇਤੀ ਵਿਚ ਹਰੀ ਕ੍ਰਾਂਤੀ ਲਿਆਉਣ ਵਾਲੇ ਪੰਜਾਬ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਰਾਓ ਨੇ  ਆਪਣੇ ਕੀਤੇ ਵਾਅਦੇ ਮੁਤਾਬਕ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਵਾਰਸਾਂ ਨੂੰ ਤਿੰਨ-ਤਿੰਨ ਲੱਖ ਰੁਪਏ ਅਤੇ ਗਲਵਾਨ ਘਾਟੀ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇ ਚੈੱਕ ਵੰਡੇ। ਇਨ੍ਹਾਂ ਵਿਚ ਪੰਜਾਬ ਦੇ 543 ਅਤੇ ਹਰਿਆਣਾ ਦੇ 150 ਕਿਸਾਨ ਪਰਿਵਾਰ ਸਮਾਗਮ ਵਿਚ ਸ਼ਾਮਿਲ ਸਨ। ਗਲਵਾਨ ਘਾਟੀ ਵਿਚ ਸ਼ਹੀਦ ਹੋਏ ਚਾਰ ਜਵਾਨਾਂ ਦੇ ਪਰਿਵਾਰ ਵੀ ਸਮਾਗਮ ਵਿਚ ਹਾਜ਼ਰ ਸਨ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਸਾਨਾਂ ਤੇ ਜਵਾਨਾਂ ਨੂੰ ਦੇਸ਼ ਦੀ ਸ਼ਾਨ ਦਸਦਿਆਂ ਕਿਹਾ ਕਿ ਖੇਤੀ ਨੂੰ ਬਚਾਉਣ ਲਈ ਕਿਸਾਨ ਅਤੇ ਦੇਸ਼ ਦੀ ਰਾਖੀ ਲਈ ਜਵਾਨ ਕੁਰਬਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਸਰਕਾਰ ਨੇ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਮਦਦ ਕੀਤੀ ਤਾਂ ਕੇਂਦਰ ਨੇ ਉਨ੍ਹਾਂ ’ਤੇ ਕਈ ਤਰ੍ਹਾਂ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਕਿਸਾਨਾਂ ਨੂੰ ਕਰਜ਼ਾ ਮੁਕਤ ਬਣਾਉਣ ਲਈ ਕਦਮ ਚੁੱਕਣ ਦਾ ਐਲਾਨ ਕੀਤਾ ਜੋ ਕਿ ਕਰਜ਼ਾ ਮੁਆਫ਼ੀ ਨਾਲੋਂ ਜ਼ਿਆਦਾ ਮਹੱਤਵ ਰੱਖਦੇ ਹਨ।  ਇੱਥੇ ਟੈਗੋਰ ਥੀਏਟਰ ਵਿੱਚ ਸਮਾਗਮਾਂ ਵਿੱਚ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। 

ਇਸ ਮੌਕੇ ਸਮਾਗਮਾਂ ਵਿਚ ਤਿਲੰਗਾਨਾ ਦੇ ਕੈਬਨਿਟ ਮੰਤਰੀ ਪ੍ਰਸ਼ਾਂਤ ਰੈੱਡੀ, ਸੰਸਦ ਮੈਂਬਰ ਨਾਮਾ ਨਾਗੇਸ਼ਵਰ ਰਾਓ, ਕੌਮੀ ਕਿਸਾਨ ਨੇਤਾ ਰਾਕੇਸ਼ ਟਿਕੈਤ, ਤਿਲੰਗਾਨਾ ਦੇ ਮੁੱਖ ਸਕੱਤਰ ਸੋਮੇਸ਼ ਕੁਮਾਰ, ਪੰਜਾਬ ਦੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਆਦਿ ਮੌਜੂਦ ਸਨ। ਸਮਾਰੋਹਾਂ ਦੀ ਸਟੇਜ ਤੋਂ ਤਿੰਨ ਮੁੱਖ ਮੰਤਰੀਆਂ ਦੀ ਮੌਜੂਦਗੀ ਅਤੇ ਉਨ੍ਹਾਂ ਦੇ ਭਾਸ਼ਾ ਦਾ ਕੇਂਦਰ ਬਿੰਦੂ ਇੱਕ ਅਲੱਗ ਸਿਆਸੀ ਸੁਨੇਹਾ ਦੇ ਗਿਆ। ਬੇਸ਼ੱਕ ਤਿਲੰਗਾਨਾ ਸਰਕਾਰ ਨੇ  ਕਿਸਾਨਾਂ ਤੇ ਜਵਾਨਾਂ ਦਾ ਦਰਦ ਵੰਡਾਇਆ ਪ੍ਰੰਤੂ  ਸਟੇਜ ਤੋਂ ਭਾਸ਼ਣਾਂ ਦੇ ਸੁਰ ਕੇਂਦਰ ਦੀ ਭਾਜਪਾ ਸਰਕਾਰ ਨੂੰ ਚੌਕੰਨਾ ਕਰਨ ਵਾਲੇ ਸਨ। ਸਮਾਗਮ ਵਿਚ ਭਾਜਪਾ ਵਿਰੁੱਧ ਨਾਅਰੇਬਾਜ਼ੀ ਅਤੇ ਸਟੇਜ ’ਤੇ ਉਚੇਚੇ ਤੌਰ ’ਤੇ ਰਾਕੇਸ਼ ਟਿਕੈਤ ਦੀ ਹਾਜ਼ਰੀ ਵੀ ਕਿਸੇ ਸਿਆਸੀ ਇਸ਼ਾਰੇ ਤੋਂ ਘੱਟ ਨਹੀਂ ਸੀ।  ਸਮਾਗਮਾਂ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕੋਈ ਸੱਦਾ ਨਹੀਂ ਦਿੱਤਾ ਗਿਆ ਜਦਕਿ ਹਰਿਆਣਾ ਦੇ ਪਰਿਵਾਰ ਮੌਜੂਦ ਸਨ।