ਕੈਪਟਨ ਅਮਰਿੰਦਰ ਦੀ ਵਜ਼ਾਰਤ ਦੇ ਦੋ ਮੰਤਰੀਆਂ ਵਿਚਾਲੇ ਸ਼ੁਰੂ ਹੋਇਆ ਭੇੜ

ਕੈਪਟਨ ਅਮਰਿੰਦਰ ਦੀ ਵਜ਼ਾਰਤ ਦੇ ਦੋ ਮੰਤਰੀਆਂ ਵਿਚਾਲੇ ਸ਼ੁਰੂ ਹੋਇਆ ਭੇੜ

ਚੰਡੀਗੜ੍ਹ: ਲੁਧਿਆਣਾ ਦੇ ਇਕ ਮਕਾਨ ਉਸਾਰੀ ਪ੍ਰੋਜੈਕਟ ਨੂੰ ਦਿੱਤੀ ਜ਼ਮੀਨ ਵਰਤੋਂ ਦੀ ਤਬਦੀਲੀ’ () ਦੀ ਮਨਜ਼ੂਰੀ ਦੇ ਮਾਮਲੇ ਨੂੰ ਲੈ ਪੰਜਾਬ ਸਰਕਾਰ ਦੇ ਦੋ ਮੰਤਰੀਆਂ ਨਵਜੋਤ ਸਿੰਘ ਸਿੱਧੂ ਅਤੇ ਭਾਰਤ ਭੂਸ਼ਣ ਆਸ਼ੂ ਵਿਚਕਾਰ ਭੇੜ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦਰਮਿਆਨ ਪਹਿਲਾਂ ਵੀ ਸਭ ਕੁਝ ਸਹੀ ਨਹੀਂ ਚਲਦਾ ਤੇ ਇਹਨਾਂ ਵਿਚਕਾਰ ਪੈਦਾ ਕੁੜੱਤਣ ਨੂੰ ਸਭ ਜਾਣਦੇ ਹਨ। 

ਸਿੱਧੂ ਵਲੋਂ ਇਸ ਮਾਮਲੇ ਵਿਚ ਦੋਸ਼ੀ ਪਾਏ ਜਾਣ ਵਾਲੇ ਹਰ ਮੰਤਰੀ ਖਿਲਾਫ ਕਾਰਵਾਈ ਕਰਨ ਦੀ ਗੱਲ ਕਹਿਣ ਤੋਂ ਬਾਅਦ ਮਾਮਲੇ ਨਾਲ ਜੁੜ ਰਹੇ ਆਸ਼ੂ ਨੇ ਸਿੱਧੂ ਨੂੰ ਆਖ ਦਿੱਤਾ ਹੈ ਕਿ ਉਹ ਇਸ ਸੀਐਲਯੂ ਵਿਵਾਦ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਦੀ ਗੱਲ ਸਿੱਧ ਕਰ ਕੇ ਵਿਖਾਉਣ ਜਾਂ ਜਿਸ ਅਧਿਕਾਰੀ ਦਾ ਨਾਂਅ ਜਾਂਚ–ਰਿਪੋਰਟ ਵਿੱਚ ਲਿਆ ਗਿਆ ਹੈ, ਉਸ ਵਿਰੁੱਧ ਕੋਈ ਕਾਰਵਾਈ ਕਰ ਕੇ ਵੇਖਣ।

ਆਸ਼ੂ ਨੇ ਹੁਣ ਆਪਣੇ ਤਾਜ਼ਾ ਬਿਆਨ ਵਿੱਚ ਕਿਹਾ ਹੈ – ‘ਸੀਐਲਯੂ ਵਿਵਾਦ ਵਿੱਚ ਸਾਹਾਮਣੇ ਆਈ ਸੰਪਤੀ ਤੋਂ ਮੇਰਾ ਕੋਈ ਲੈਣਾ–ਦੇਣਾ ਨਹੀਂ ਹੈ। ਇਹ ਤਾਂ ਸਿੱਧੂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਮੇਰਾ ਨਾਂਅ ਕਿਉ਼ ਘਸੀਟਿਆ ਹੈ। ਜੇ ਉਨ੍ਹਾਂ ਨੂੰ ਜਾਂਚ ਰਿਪੋਰਟ ਵਿੱਚ ਕੋਈ ਦਮ ਜਾਂ ਸੱਚਾਈ ਜਾਪਦੀ ਹੈ, ਤਾਂ ਉਨ੍ਹਾਂ ਨੂੰ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ ਹਿਤ ਲਿਆਉਣਾ ਚਾਹੀਦਾ ਹੈ ਤੇ ਮੇਰੇ ਸਮੇਤ ਸਾਰਿਆਂ ਵਿਰੁੱਧ ਕਾਰਵਾਈ ਦੀ ਮੰਗ ਕਰਨੀ ਚਾਹੀਦੀ ਹੈ। ਪਰ ਜੇ ਮੇਰਾ ਨਾਂਅ ਜਾਣਬੁੱਝ ਕੇ ਕਿਸੇ ਹੋਰ ਮਨਸ਼ਾ ਨਾਲ ਇਸ ਮਾਮਲੇ ਵਿੱਚ ਘਸੀਟਿਆ ਗਿਆ ਹੈ, ਤਦ ਵੀ ਕਾਰਵਾਈ ਹੋਣੀ ਚਾਹੀਦੀ ਹੈ।’ ਆਸ਼ੂ ਨੇ ਇਹ ਟਿੱਪਣੀਆਂ ਕੱਲ੍ਹ ਪਟਿਆਲਾ ’ਚ ਆਲ ਇੰਡੀਆ ਰਾਈਸ ਮਿਲਰਜ਼ ਐਸੋਸੀਏਸ਼ਨ ਵੱਲੋਂ ਕਰਵਾਏ ਇੱਕ ਸਮਾਰੋਹ ਦੌਰਾਨ ਕੀਤੀਆਂ।

ਗੌਰਤਲਬ ਹੈ ਕਿ ਇਸ ਤੋਂ ਇੱਕ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ ਵਿੱਚ ਕਿਹਾ ਸੀ ਕਿ ਕੋਈ ਵੀ ਮੰਤਰੀ ਜਾਂ ਸੰਤਰੀ ਇਸ ਮਾਮਲੇ ਵਿੱਚ ਬਖ਼ਸ਼ਿਆ ਨਹੀ ਜਾਵੇਗਾ। ਇਹ ਮਾਮਲਾ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿੱਚ ਸਿਫ਼ਰ ਕਾਲ ਦੌਰਾਨ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਚੁੱਕਿਆ ਸੀ। ਸਦਨ ਵਿੱਚ ਆਮ ਆਦਮੀ ਪਾਰਟੀ ਦੇ ਡਿਪਟੀ ਆਗੂ ਮਾਣੂਕੇ ਨੇ ਸਿੱਧੂ ਨੂੰ ਇੱਕ ‘ਈਮਾਨਦਾਰ ਮੰਤਰੀ’ ਆਖਿਆ ਸੀ ਤੇ ਸਬੰਧਤ ਅਧਿਕਾਰੀਆਂ ਉੱਤੇ ਉਂਗਲ ਚੁੱਕਦਿਆਂ ਭਾਰਤ ਭੂਸ਼ਣ ਆਸ਼ੂ ਦਾ ਅਸਤੀਫ਼ਾ ਮੰਗਿਆ ਸੀ।

ਸਿੱਧੂ ਨੇ ਤਦ ਇਹ ਵੀ ਕਿਹਾ ਸੀ ਕਿ ‘ਗ੍ਰੈਂਡ ਮੈਂਨਰ ਹੋਮਜ਼’ ਨੂੰ ਦਿੱਤੀ ਸੀਐਲਯੂ ਮਨਜ਼ੂਰੀ ਉੱਤੇ ਉਨ੍ਹਾਂ ਰੋਕ ਲਾ ਦਿੱਤੀ ਹੈ। ਇਹ ਦਰਅਸਲ ਲੁਧਿਆਣਾ ਦੇ ਈਸ਼ਰ ਨਗਰ ਇਲਾਕੇ ਵਿੱਚ ਇੱਕ ਮਕਾਨ–ਉਸਾਰੀ ਪ੍ਰੋਜੈਕਟ ਹੈ। ਸਿੱਧੂ ਦਾ ਕਹਿਣਾ ਹੈ ਕਿ ਇਹ ਮਨਜ਼ੂਰੀ ਜਾਅਲੀ ਦਸਤਾਵੇਜ਼ਾਂ ਦੇ ਆਧਾਰ ਉੱਤੇ ਹਾਸਲ ਕੀਤੀ ਗਈ ਹੈ।

ਸਿੱਧੂ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਪ੍ਰਮੁੱਖ ਸਕੱਤਰ ਨੂੰ ਦੋਸ਼ੀ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਜਾਰੀ ਕੀਤੀ ਹੈ। ਸੀਐਲਯੂ ਵਿਵਾਦ ਨੂੰ ਲੈ ਕੇ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਕੰਵਲਪ੍ਰੀਤ ਕੌਰ ਬਰਾੜ ਤੇ ਸਹਾਇਕ ਟਾਊਨ–ਪਲੈਨਰ ਐੱਸਐੱਸ ਬਿੰਦਰਾ ਇਸ ਵੇਲੇ ਜਾਂਚ ਦੇ ਘੇਰੇ ਵਿੱਚ ਹਨ।

ਕੀ ਹੈ ਇਹ ਸੀਐਲਯੂ ਵਿਵਾਦ?

‘ਗ੍ਰੈਂਡ ਮੈਨਰ ਹੋਮਜ਼’ ਵਿਰੁੱਧ ਪਹਿਲੀ ਸ਼ਿਕਾਇਤ ਆਰਟੀਆਈ ਕਾਰਕੁੰਨ ਕੁਲਦੀਪ ਸਿੰਘ ਖਹਿਰਾ ਨੇ ਪਿਛਲੇ ਵਰ੍ਹੇ ਜਨਵਰੀ ’ਚ ਕੀਤੀ ਸੀ। ਸ਼ਿਕਾਇਤ ਤੋਂ ਬਾਅਦ ‘ਨਿਰਮਾਣ ਕੰਪਨੀ (ਆਰ.ਕੇ. ਬਿਲਡਰਜ਼) ਦੇ ਕੁਝ ਸਮਰਥਕਾਂ ਨੇ ਕਥਿਤ ਤੌਰ ਉੱਤੇ ਖਹਿਰਾ ਉੱਤੇ ਹਮਲਾ ਵੀ ਕਰ ਦਿੱਤਾ ਸੀ’ ਅਤੇ ਪੁਲਿਸ ਨੇ ਦੋ ਪਾਰਟਨਰਾਂ ਵਿਰੁੱਧ ਕੇਸ ਵੀ ਦਰਜ ਕਰ ਲਿਆ ਸੀ। ਖਹਿਰਾ ਨੇ ਮੁੱਖ ਮੰਤਰੀ ਦੇ ਦਫ਼ਤਰ, ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਚੀਫ਼ ਵਿਜੀਲੈਂਸ ਆਫ਼ੀਸਰ ਤੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਹੋਰ ਕਈ ਸੀਨੀਅਰ ਅਧਿਕਾਰੀਆਂ ਨੂੰ ਵੀ ਆਪਣੀਆਂ ਸ਼ਿਕਾਇਤਾਂ ਘੱਲੀਆਂ ਸਨ।

ਚੀਫ਼ ਵਿਜੀਲੈਂਸ ਆਫ਼ੀਸਰ ਸੁਦੀਪ ਮਾਣ ਨੇ ਵੀ ਬੀਤੇ ਵਰ੍ਹੇ ਮਈ ਦੌਰਾਨ ਉਸ ਸਥਾਨ ਦਾ ਨਿਰੀਖਣ ਕੀਤਾ ਸੀ। ਜੁਲਾਈ ਮਹੀਨੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਡਾਇਰੈਕਟਰ ਨੇ ਨਗਰ ਨਿਗਮ ਨੂੰ ਇੱਕ ਚਿੱਠੀ ਜਾਰੀ ਕਰ ਕੇ ਜਾਂਚ ਮੁਕੰਮਲ ਹੋਣ ਤੱਕ ਉਸ ਸਥਾਨ ਉੱਤੇ ਹੋਣ ਵਾਲੀ ਉਸਾਰੀ ਰੁਕਵਾਉਣ ਲਈ ਕਿਹਾ ਸੀ। ਨਗਰ ਨਿਗਮ ਨੇ ਵੀ ਬੀਤੇ ਅਕਤੂਬਰ ਮਹੀਨੇ ਬਿਲਡਿੰਗ ਬ੍ਰਾਂਚ ਦੇ ਕੁਝ ਅਧਿਕਾਰੀਆਂ ਨੂੰ ਚਾਰਜ–ਸ਼ੀਟ ਕੀਤਾ ਸੀ। ਨਗਰ ਨਿਗਮ ਨੇ ਕੁਝ ਦਿਨਾਂ ਲਈ ਉਸ ਜਗ੍ਹਾ ਉੱਤੇ ਪੁਲਿਸ ਵੀ ਤਾਇਨਾਤ ਕਰਵਾਈ ਸੀ ਪਰ ਉਸ ਤੋਂ ਬਾਅਦ ਨਿਰਮਾਣ ਮੁੜ ਸ਼ੁਰੂ ਹੋ ਗਿਆ ਸੀ।

ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਨੇ ਪਿਛਲੇ ਹਫ਼ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ, ਜਿਸ ਵਿੱਚ ‘ਮੰਤਰੀ ਭਾਰਤ ਭੂਸ਼ਣ ਆਸ਼ੂ, ਕਾਂਗਰਸੀ ਆਗੂ ਕਮਲਜੀਤ ਕਰਵਾਲ, ਤਿੰਨ ਆਈਏਐੱਸ ਅਧਿਕਾਰੀਆਂ ਤੇ ਬਿਲਡਿੰਗ ਬ੍ਰਾਂਚ ਦੇ ਕੁਝ ਅਧਿਕਾਰੀਆਂ ਦਾ ਨਾਂਅ ਬੋਲਦਾ ਦੱਸਿਆ ਜਾਂਦਾ ਹੈ।’