ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤਿ ਸਮਾਗਮ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 24 ਫ਼ਰਵਰੀ (ਮਨਪ੍ਰੀਤ ਸਿੰਘ ਖਾਲਸਾ):-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਤੇਜਿੰਦਰ ਸਿੰਘ ਦੇ ਜਥੇ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਅਤੇ ਅਰਦਾਸ ਭਾਈ ਸਲਵਿੰਦਰ ਸਿੰਘ ਨੇ ਕੀਤੀ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੇ ਕਥਾਵਾਚਕ ਭਾਈ ਵਿਸ਼ਾਲ ਸਿੰਘ ਨੇ ਸੰਗਤ ਨੂੰ ਪਾਵਨ ਹੁਕਮਨਾਮਾ ਸਰਵਨ ਕਰਵਾਇਆ। ਉਨ੍ਹਾਂ ਭਗਤ ਰਵਿਦਾਸ ਜੀ ਦੇ ਜੀਵਨ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਗਤ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪਾਵਨ ਬਾਣੀ ਅਕਾਲ ਪੁਰਖ ਦੀ ਭਗਤੀ ਦੀ ਪ੍ਰੇਰਣਾ ਦੇਣ ਦੇ ਨਾਲ-ਨਾਲ ਸਰਬ-ਸਾਂਝੀਵਾਲਤਾ ਦੀ ਗੱਲ ਕਰਦੀ ਹੈ। ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਜੀ ਨੇ ਬਾਣੀ ਅੰਦਰ ਪਰਮਾਤਮਾ ਨਾਲ ਜੁੜਨ ਦਾ ਰਸਤਾ ਦਿਖਾਇਆ। ਉਨ੍ਹਾਂ ਸੰਗਤ ਨੂੰ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਕੀਤੀ। ਇਸ ਮੌਕੇ ਸਜਾਏ ਗਏ ਧਾਰਮਿਕ ਦੀਵਾਨ ਵਿਚ ਢਾਡੀ, ਕਵੀਸ਼ਰ ਜਥਿਆਂ ਵੱਲੋਂ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਸੁਪ੍ਰਿੰਟੈਂਡੈਂਟ ਸ. ਨਿਸ਼ਾਨ ਸਿੰਘ, ਚੀਫ ਅਕਾਊਂਟੈਂਟ ਸ. ਮਿਲਖਾ ਸਿੰਘ, ਵਧੀਕ ਮੈਨੇਜਰ ਸ. ਇਕਬਾਲ ਸਿੰਘ ਮੁਖੀ, ਸ. ਨਿਸ਼ਾਨ ਸਿੰਘ ਜੱਫਰਵਾਲ, ਸ. ਬਿਕਰਮਜੀਤ ਸਿੰਘ, ਪ੍ਰਚਾਰਕ ਭਾਈ ਤਰਸੇਮ ਸਿੰਘ ਤੇ ਸੰਗਤਾਂ ਮੌਜੂਦ ਸਨ।
Comments (0)