ਵਪਾਰੀਆਂ ਨੇ ਏਕਾ ਕਰਕੇ ਕਿਸਾਨਾਂ ਦੀਆਂ ਫਸਲਾਂ ਦਾ ਮੁੱਲ ਸੁੱਟਿਆ

ਵਪਾਰੀਆਂ ਨੇ ਏਕਾ ਕਰਕੇ ਕਿਸਾਨਾਂ ਦੀਆਂ ਫਸਲਾਂ ਦਾ ਮੁੱਲ ਸੁੱਟਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਜਿੱਥੇ ਸਰਕਾਰ ਇਕ ਪਾਸੇ ਫਸਲਾਂ ਦੇ ਸਰਕਾਰੀ ਮੰਡੀਕਰਨ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਨਵੇਂ ਫੁਰਮਾਨ ਲਾਗੂ ਕਰ ਰਹੀ ਹੈ ਉੱਥੇ ਖੁੱਲ੍ਹੀ ਮੰਡੀ ਵਿਚ ਵਪਾਰੀਆਂ ਦੇ ਟੋਲੇ ਵੱਲੋਂ ਕੀਤੀ ਜਾਂਦੀ ਕਿਸਾਨਾਂ ਦੀ ਲੁੱਟ ਦੀ ਪ੍ਰਤੱਖ ਉਦਾਹਰਣ ਪੰਜਾਬ ਦੀ ਦਾਲ ਹੱਬ ਵਜੋਂ ਜਾਣੀ ਜਾਂਦੀ ਏਸ਼ੀਆ ਮਹਾਂਦੀਪ ਦੀ ਦੂਜੀ ਸਭ ਤੋਂ ਵੱਡੀ ਅਨਾਜ ਮੰਡੀ ਜਗਰਾਉਂ 'ਚ ਦੇਖੀ ਜਾ ਸਕਦੀ ਹੈ।

ਪੰਜਾਬ ਦੇ ਕਿਸਾਨਾਂ ਵਲੋਂ ਦਿਨ-ਰਾਤ ਇਕ ਕਰਕੇ ਤਿਆਰ ਕੀਤੀ ਮੱਕੀ ਅਤੇ ਮੂੰਗੀ ਦੀ ਫ਼ਸਲ ਨੂੰ ਵੇਚਣ ਲਈ ਅਨਾਜ ਮੰਡੀਆਂ 'ਚ ਲਿਆ ਰਹੇ ਹਨ। ਪਰ ਬਾਹਰੀ ਸੂਬਿਆਂ ਦੇ ਵੱਡੇ ਵਪਾਰੀਆਂ ਦੀ ਅਣਹੋਂਦ ਕਾਰਨ ਕਿਸਾਨਾਂ ਨੂੰ ਲਾਗਤ ਦੇ ਹਿਸਾਬ ਨਾਲ ਮੱਕੀ ਅਤੇ ਮੂੰਗੀ ਦਾ ਭਾਅ ਨਸੀਬ ਨਹੀਂ ਹੋ ਰਿਹਾ। ਕਿਸਾਨਾਂ ਦੀ ਹਾਲਤ ਨੂੰ ਦੇਖ਼ਦਿਆਂ ਅਨਾਜ ਮੰਡੀਆਂ 'ਚ ਫ਼ਸਲਾਂ ਦੀ ਖ਼ਰੀਦ ਕਰ ਰਿਹਾ ਵਪਾਰੀ ਵਰਗ ਕਿਸਾਨਾਂ ਦੀ ਰੱਜ ਕੇ ਲੁੱਟ ਕਰਨ ਲੱਗਾ ਹੈ। ਸਭ ਤੋਂ ਵੱਡੀ ਮਾਰ ਇਸ ਵਾਰ ਮੱਕੀ ਅਤੇ ਪੁਦੀਨਾ ਦੀ ਫ਼ਸਲ ਦੇ ਕਾਸ਼ਤਕਾਰ ਕਿਸਾਨਾਂ ਨੂੰ ਪੈ ਰਹੀ ਹੈ।

ਪਿਛਲੇ ਸਾਲ ਜਗਰਾਉਂ ਦੀ ਅਨਾਜ ਮੰਡੀ 'ਚ ਮੱਕੀ ਦੀ ਫ਼ਸਲ ਦਾ ਭਾਅ ਪ੍ਰਤੀ ਕੁਇੰਟਲ 2000 ਰੁਪਏ ਤੱਕ ਪੁੱਜ ਗਿਆ ਸੀ ਪਰ ਇਸ ਵਾਰ ਮੱਕੀ ਦਾ ਭਾਅ ਪ੍ਰਤੀ ਕੁਇੰਟਲ 1300 ਰੁਪਏ ਤੋਂ ਵੀ ਹੇਠਾ ਚੱਲ ਰਿਹਾ ਹੈ। ਜਗਰਾਉਂ ਮੰਡੀ 'ਚ ਇਸ ਸਾਲ ਮੱਕੀ ਦਾ ਭਾਅ ਘੱਟੋ-ਘੱਟ 1000 ਰੁਪਏ ਅਤੇ ਵੱਧ ਤੋਂ ਵੱਧ 1295 ਰੁਪਏ ਪ੍ਰਤੀ ਕੁਇੰਟਲ ਦਰਜ ਕੀਤਾ ਗਿਆ। 

ਇਸ ਤਰ੍ਹਾਂ ਮੂੰਗੀ ਦਾ ਭਾਅ ਵੀ ਦਿਨੋਂ-ਦਿਨ ਹੇਠਾਂ ਵੱਲ ਨੂੰ ਆ ਰਿਹਾ ਹੈ। ਜਗਰਾਉਂ ਮੰਡੀ 'ਚ ਸ਼ੁਰੂਆਤੀ ਦਿਨਾਂ ਦੌਰਾਨ ਮੂੰਗੀ ਦੀ ਫ਼ਸਲ ਦਾ ਭਾਅ 7200 ਰੁਪਏ ਪ੍ਰਤੀ ਕੁਇੰਟਲ ਚੱਲ ਰਿਹਾ ਸੀ ਪਰ ਪਿਛਲੇ ਕੁਝ ਦਿਨ ਤੋਂ ਵਪਾਰੀਆਂ ਨੇ ਏਕਾ ਕਰਕੇ ਮੂੰਗੀ ਦਾ ਭਾਅ 800 ਰੁਪਏ ਪ੍ਰਤੀ ਕੁਇੰਟਲ ਹੇਠਾਂ ਸੁੱਟ ਦਿੱਤਾ। ਜਿਸ ਕਾਰਨ ਹੁਣ ਮੂੰਗੀ 6000 ਤੋਂ 6200 ਰੁਪਏ ਪ੍ਰਤੀ ਕੁਇੰਟਲ ਵਪਾਰੀ ਵਲੋਂ ਖ਼ਰੀਦੀ ਜਾ ਰਹੀ ਹੈ। 

ਉਧਰ ਪੁਦੀਨੇ ਦੀ ਖੇਤੀ ਕਾਰਨ ਵਾਲੇ ਕਿਸਾਨਾਂ ਦਾ ਵੀ ਮੰਦਾ ਹਾਲ ਹੈ। ਪਿਛਲੇ ਸਾਲ ਕੋਸੀ ਕਿਸਮ ਪੁਦੀਨੇ ਦੇ ਤੇਲ ਦਾ ਭਾਅ ਪਿਛਲੇ ਸਾਲ 1000 ਦੇ ਆਸਪਾਸ ਸੀ ਅਤੇ ਉਸ ਤੋਂ ਪਿਛਲੇ ਸਾਲ 1200 ਰੁਪਏ ਪ੍ਰਤੀ ਲੀਟਰ ਤੋਂ ਵੀ ਵੱਧ ਸੀ ਪਰ ਚਾਲੂ ਸੀਜਨ ਦੌਰਾਨ ਕੋਸੀ ਪੁਦੀਨੇ ਦੇ ਤੇਲ ਦਾ ਭਾਅ ਸਿਰਫ਼ 650 ਰੁਪਏ ਪ੍ਰਤੀ ਲੀਟਰ ਤੱਕ ਲੱਗ ਰਿਹਾ ਹੈ। ਇਸ ਦੇ ਨਾਲ ਹੀ ਪਿਪਰਾਮੈਂਟ ਪੁਦੀਨੇ ਦੇ ਤੇਲ ਦੇ ਭਾਅ 'ਚ ਵੀ ਪ੍ਰਤੀ ਲੀਟਰ 200 ਰੁਪਏ ਦੀ ਕਮੀ ਸਾਹਮਣੇ ਆ ਰਹੀ ਹੈ।