50,000 ਡਾਲਰ ਦੇ ਕੇ ਪੰਜਾਬ ਲਿਆਂਦਾ ਸੀ ਨਸ਼ੇ ਬਣਾਉਣ ਦਾ ਮਾਹਰ

50,000 ਡਾਲਰ ਦੇ ਕੇ ਪੰਜਾਬ ਲਿਆਂਦਾ ਸੀ ਨਸ਼ੇ ਬਣਾਉਣ ਦਾ ਮਾਹਰ

ਚੰਡੀਗੜ੍ਹ: ਬੀਤੇ ਦਿਨੀਂ ਅੰਮ੍ਰਿਤਸਰ ਵਿਚੋਂ ਫੜ੍ਹੀ ਗਈ ਨਸ਼ਾ ਬਣਾਉਣ ਦੀ ਫੈਕਟਰੀ ਬਾਰੇ ਹੋਰ ਖੁਲਾਸਾ ਕਰਦਿਆਂ ਸਪੈਸ਼ਲ ਟਾਸਕ ਫੋਰਸ ਦੇ ਮੁਖੀ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਮੌਕੇ ਤੋਂ ਗ੍ਰਿਫਤਾਰ ਕੀਤੇ ਗਏ ਅਫਗਾਨੀ ਨਾਗਰਿਕ ਅਰਮਾਨ ਬਸ਼ਰ ਨੂੰ 200 ਕਿੱਲੋਗ੍ਰਾਮ ਹੈਰੋਈਨ ਨੂੰ ਕੈਮੀਕਲਾਂ 'ਚ ਮਿਲਾ ਕੇ ਤੇਜ ਨਸ਼ਾ ਬਣਾਉਣ ਲਈ 50,000 ਡਾਲਰ ਦੇਣਾ ਮੰਨਿਆ ਗਿਆ ਸੀ। 

ਜਾਂਚ ਅਫਸਰਾਂ ਦਾ ਮੰਨਣਾ ਹੈ ਕਿ ਨਸ਼ਾ ਬਣਾਉਣ ਵਿਚ ਮਾਹਰ ਕਿਸੇ ਅਫਗਾਨੀ ਨਾਗਰਕ ਦੀ ਭਾਵੇਂ ਕਿ ਇਹ ਪਹਿਲੀ ਗ੍ਰਿਫਤਾਰੀ ਹੈ ਪਰ ਉਹਨਾਂ ਨੂੰ ਲਗਦਾ ਹੈ ਕਿ ਇਸ ਤੋਂ ਇਲਾਵਾ ਹੋਰ ਵੀ ਇਸ ਕੰਮ ਦੇ ਮਾਹਰ ਇਸ ਨਸ਼ੇ ਨੂੰ ਤਿਆਰ ਕਰਨ ਲਈ ਵਰਤੇ ਜਾ ਰਹੇ ਹਨ। 

ਦੱਸ ਦਈਏ ਕਿ ਹੁਣ ਤਕ ਪੁਲਸ ਵੱਲੋਂ ਨਸ਼ੇ ਦੇ ਵਪਾਰ ਨਾਲ ਜੁੜੇ ਇਸ ਗਿਰੋਹ ਦੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 35 ਸਾਲਾ ਅਫਗਾਨ ਨਾਗਰਿਕ ਬਸ਼ਰ ਨੇ ਜਾਂਚ ਅਫਸਰਾਂ ਨੂੰ ਦੱਸਿਆ ਕਿ ਉਸਦੀਆਂ ਦੋ ਘਰ ਵਾਲੀਆਂ ਹਨ ਤੇ 14 ਬੱਚੇ ਹਨ ਤੇ ਉਸਨੇ ਪੈਸਾ ਕਮਾਉਣ ਲਈ ਇਹ ਕੰਮ ਕੀਤਾ ਸੀ। ਉਸਨੇ ਦੱਸਿਆ ਕਿ ਉਸਦੇ ਪਿੰਡ ਵਿਚ ਹਰ ਬੰਦੇ ਨੂੰ ਹੈਰੋਈਨ ਤੋਂ ਇਹ ਨਸ਼ਾ ਬਣਾਉਣ ਦੀ ਕੰਮ ਆਉਂਦਾ ਹੈ ਤੇ ਇਸ ਤੋਂ ਪਹਿਲਾਂ ਇਸ ਕੰਮ ਦੇ ਉਸਨੂੰ ਉੱਥੇ ਬਹੁਤ ਥੋੜੇ ਪੈਸੇ ਮਿਲਦੇ ਸਨ ਪਰ ਹੁਣ ਉਸਨੂੰ ਇਕ ਵੱਡੀ ਰਕਮ ਦੀ ਪੇਸ਼ਕਸ਼ ਕੀਤੀ ਗਈ ਸੀ। 

ਉਸਨੇ ਦੱਸਿਆ ਕਿ ਉਸਨੂੰ ਕੁੱਝ ਰਕਮ ਪਹਿਲਾਂ ਦਿੱਤੀ ਗਈ ਸੀ ਤੇ ਫੇਰ ਉਹ ਪੰਜਾਬ ਆਇਆ ਸੀ ਤੇ ਉਸਨੇ ਇਕ ਮਹੀਨਾ ਵਿਚ ਆਪਣਾ ਕੰਮ ਖਤਮ ਕਰਨਾ ਸੀ। ਉਹ 19 ਜਨਵਰੀ ਨੂੰ ਭਾਰਤ ਆਇਆ ਸੀ। ਇਸ ਲਈ ਉਸਨੇ ਅਫਗਾਨੀ ਨਾਗਰਿਕਾਂ ਨੂੰ ਇਲਾਜ ਲਈ ਦਿੱਤਾ ਜਾਂਦਾ ਵੀਜ਼ਾ ਵਰਤਿਆ ਸੀ। 

ਇਸ ਗਿਰੋਹ ਵੱਲੋਂ ਸੁਲਤਾਨਵਿੰਡ ਵਿਚਲੀ ਕੋਠੀ 'ਚ ਲਬੋਰਟਰੀ ਬਣਾਈ ਗਈ ਸੀ ਜਿੱਥੇ ਹੈਰੋਈਨ ਤੋਂ ਇਹ ਨਸ਼ਾ ਤਿਆਰ ਕੀਤਾ ਜਾ ਰਿਹਾ ਸੀ। ਪੁਲਿਸ ਇਸ ਗਿਰੋਹ ਦਾ ਮੁੱਖ ਕਰਤਾ ਧਰਤਾ ਸਿਮਰਨਜੀਤ ਸੰਧੂ ਨੂੰ ਮੰਨ ਰਹੀ ਹੈ ਤੇ ਪੁਲਸ ਦਾ ਮੰਨਣਾ ਹੈ ਕਿ ਇਹ ਨਸ਼ੇ ਦੀ ਖੇਪ ਗੁਜਰਾਤ ਬੰਦਰਗਾਹ ਰਾਹੀਂ ਆਈ ਹੈ। 

ਦੱਸ ਦਈਏ ਕਿ ਸੁਲਤਾਨਵਿੰਡ ਵਿਚਲੀ ਇਸ ਕੋਠੀ ਚੋਂ ਐਸਟੀਐਫ ਨੇ 194 ਕਿਲੋ ਹੈਰੋਈਨ ਫੜ੍ਹੀ ਸੀ ਤੇ ਕੁੱਲ ਮਿਲਾ ਕੇ 2000 ਕਰੋੜ ਰੁਪਏ ਦੀ ਰਕਮ ਦਾ ਨਸ਼ਾ ਫੜ੍ਹਿਆ ਗਿਆ ਸੀ। ਇਸ ਮਾਮਲੇ 'ਚ ਬਾਦਲ ਦਲ ਅਤੇ ਕਾਂਗਰਸ ਨਾਲ ਸਬੰਧਿਤ ਰਾਜਨਤਿਕ ਆਗੂਆਂ ਦੀ ਸ਼ਮੂਲੀਅਤ ਦੇ ਵੀ ਚਰਚੇ ਹਨ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।