ਸਾਕਾ ਨਕੋਦਰ ਦੇ ਸ਼ਹੀਦ ਸਿੱਖ ਵਿਦਿਆਰਥੀਆਂ ਨੂੰ ਪੰਜਾਬ ਦੇ ਵਿਦਿਅਕ ਅਦਾਰਿਆਂ 'ਚ ਯਾਦ ਕੀਤਾ ਗਿਆ

ਸਾਕਾ ਨਕੋਦਰ ਦੇ ਸ਼ਹੀਦ ਸਿੱਖ ਵਿਦਿਆਰਥੀਆਂ ਨੂੰ ਪੰਜਾਬ ਦੇ ਵਿਦਿਅਕ ਅਦਾਰਿਆਂ 'ਚ ਯਾਦ ਕੀਤਾ ਗਿਆ

ਚੰਡੀਗੜ੍ਹ: ਸਾਕਾ ਨਕੋਦਰ 1986 ਦੇ ਸ਼ਹੀਦ ਸਿੱਖ ਵਿਦਿਆਰਥੀਆਂ ਦੀ ਯਾਦ ਵਿਚ ਅੱਜ ਵਿਦਿਆਰਥੀ ਜਥੇਬੰਦੀ ਸੱਥ ਅਤੇ ਸਿੱਖ ਯੂਥ ਆਫ ਪੰਜਾਬ ਵੱਲੋਂ ਚੰਡੀਗੜ੍ਹ, ਜਲੰਧਰ ਤੇ ਪਟਿਆਲਾ ਵਿਖੇ ਪ੍ਰਦਰਸ਼ਨ ਕੀਤੇ ਗਏ ਤੇ ਜੱਜ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਅਧਾਰ 'ਤੇ ਐਸਆਈਟੀ ਬਣਾ ਕੇ ਇਹਨਾਂ ਕਤਲਾਂ ਲਈ ਜ਼ਿੰਮੇਵਾਰ ਦੋਸ਼ੀ ਪੁਲਸ ਤੇ ਪ੍ਰਸ਼ਾਸਨਕ ਅਫਸਰਾਂ ਨੂੰ ਸਜ਼ਾਵਾਂ ਦੇਣ ਲਈ ਸਮਾਬੱਧ ਜਾਂਚ ਦੀ ਮੰਗ ਕੀਤੀ ਗਈ। ਇਹ ਵਿਰੋਧ ਪ੍ਰਦਰਸ਼ਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਕੀਤੇ ਗਏ। 

ਇਸ ਮੌਕੇ ਜਥੇਬੰਦੀ ਵੱਲੋਂ ਜਾਰੀ ਕੀਤਾ ਗਿਆ ਪ੍ਰੈਸ ਬਿਆਨ ਹੂ-ਬ-ਹੂ ਛਾਪ ਰਹੇ ਹਾਂ:

"ਸਿੱਖ ਵਿਰੋਧੀਆਂ ਵੱਲੋਂ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਸ਼ਾਂਤਮਈ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ 'ਤੇ ਪੰਜਾਬ ਪੁਲਸ ਅਤੇ ਭਾਰਤੀ ਫੋਰਸਾਂ ਵੱਲੋਂ ਗੋਲੀ ਚਲਾ ਦਿੱਤੀ ਗਈ ਸੀ। ਇਸ ਗੋਲੀਕਾਂਡ ਵਿਚ ਪੁਲਸ ਨੇ ਖਾਸ ਨਿਸ਼ਾਨੇ 'ਤੇ ਲੈ ਕੇ ਚਾਰ ਸਿੱਖ ਨੌਜਵਾਨ ਵਿਦਿਆਰਥੀਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਸੀ। ਸਿੱਖਾਂ ਖਿਲਾਫ ਪੰਜਾਬ ਪੁਲਸ ਦੀ ਇਹੋ ਨਫਰਤੀ ਪਹੁੰਚ ਬਹਿਬਲ ਕਲਾਂ ਵਿਖੇ ਵੀ ਦੇਖਣ ਨੂੰ ਮਿਲੀ ਸੀ ਜਦੋਂ 2015 'ਚ ਬਰਗਾੜੀ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ 'ਤੇ ਪੁਲਸ ਨੇ ਗੋਲੀ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਸੀ। ਨਕੋਦਰ ਸਾਕੇ ਦਾ ਇਨਸਾਫ ਸਿੱਖਾਂ ਨੂੰ ਮਿਲਿਆ ਤੇ ਨਾ ਹੀ ਬਹਿਬਲ ਕਲਾਂ ਸਾਕੇ ਦਾ ਇਨਸਾਫ ਸਿੱਖਾਂ ਨੂੰ ਮਿਲਿਆ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਾਉਂਦਿਆਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨਾਲ ਇਹਨਾਂ ਸਾਕਿਆਂ ਦਾ ਇਨਸਾਫ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ ਆਏ ਸਨ ਪਰ ਹੁਣ ਸੱਤਾ ਦੇ ਨਸ਼ੇ 'ਚ ਉਹ ਹੋਰ ਵਾਅਦਿਆਂ ਸਮੇਤ ਇਹਨਾਂ ਸਾਕਿਆਂ ਦੇ ਇਨਸਾਫ ਦੀ ਗੱਲ ਵੀ ਭੁੱਲ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਆਪਣੀ ਜ਼ੁਬਾਨ ਪੁਗਾਵੇ ਤੇ ਨਕੋਦਰ ਸਾਕੇ ਦੀ ਸਮਾਂਬੱਧ ਜਾਂਚ ਲਈ ਐਸਆਈਟੀ ਬਣਾਉਣ ਜਾਂ ਉਹ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੇ ਮੰਨਣ ਕਿ ਉਹ ਬਾਦਲ ਪਰਿਵਾਰ ਤੋਂ ਡਰਦੇ ਹਨ ਅਤੇ ਮੁੱਖ ਦੋਸ਼ੀ ਬਾਦਲ ਪਰਿਵਾਰ ਦੇ ਕਰੀਬੀ ਹੋਣ ਕਾਰਨ ਉਹਨਾਂ ਖਿਲਾਫ ਕਾਰਵਾਈ ਨਹੀਂ ਕਰ ਸਕਦੇ।

ਇਸ ਮਾਮਲੇ 'ਚ ਕੀਤੀ ਗਈ ਜਾਂਚ ਤੋਂ ਸਾਫ ਸਪਸ਼ਟ ਹੁੰਦਾ ਹੈ ਕਿ ਇਸ ਕਤਲੇਆਮ ਲਈ ਉਸ ਸਮੇਂ ਜਲੰਧਰ ਵਿਚ ਤੈਨਾਤ ਪੰਜਾਬ ਪੁਲਸ ਦਾ ਐਸਪੀ ਇਜ਼ਹਾਰ ਆਲਮ ਅਤੇ ਜਲੰਧਰ ਦਾ ਏਡੀਸੀ ਦਰਬਾਰਾ ਸਿੰਘ ਗੁਰੂ ਮੁੱਖ ਦੋਸ਼ੀ ਸਨ। ਪਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਇਹਨਾਂ ਸਿੱਖਾਂ ਦੇ ਕਾਤਲਾਂ ਨੂੰ ਆਪਣੀ ਪਾਰਟੀ ਵਿਚ ਉੱਚ ਅਹੁਦੇ ਦਿੱਤੇ ਗਏ। ਸਿੱਖਾਂ ਦੀਆਂ ਸ਼ਹਾਦਤਾਂ ਨਾਲ ਬਣੀ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਨੇ ਸਿੱਖ ਕਾਤਲਾਂ ਦੀ ਪਾਰਟੀ ਬਣਾ ਦਿੱਤਾ ਹੈ। ਜੇ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਭੋਰਾ ਵੀ ਸ਼ਰਮ ਹੋਵੇ ਤਾਂ ਉਹ ਇਹਨਾਂ ਸਿੱਖਾਂ ਦੇ ਕਾਤਲਾਂ ਨੂੰ ਪਾਰਟੀ ਵਿਚੋਂ ਬਾਹਰ ਕੱਢਣ।"

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।