ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਨੂੰ ਪੰਜਾਬ ਵਿਚ ਭਰਵਾਂ ਹੁੰਗਾਰਾ   

ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਨੂੰ ਪੰਜਾਬ ਵਿਚ ਭਰਵਾਂ ਹੁੰਗਾਰਾ   

*ਪੰਥਕ ਹਲਕਿਆਂ ਦਾ ਮੰਨਣਾ ਹੈ ਕਿ ਜੇਕਰ ਰਾਹੁਲ ਗਾਂਧੀ ਆਪਣੇ ਪਰਿਵਾਰ ਵਲੋਂ ਸਿੱਖ ਘੱਲੂਘਾਰਾ ਜੂਨ 84,ਨਵੰਬਰ

         84 ਬਾਰੇ ਮੁਆਫ਼ੀ ਮੰਗ ਲੈਂਦੇ ਤਾਂ ਭਾਜਪਾ ਲਈ  ਇਕ ਤਕੜਾ ਝਟਕਾ ਸਾਬਤ ਹੋਣਾ ਸੀ                                 * ਭਾਜਪਾ ਤੇ ਆਰ.ਐਸ.ਐਸ. ਨੇ ਦੇਸ਼ 'ਵਿਚ ਨਫ਼ਰਤ ਤੇ ਦਹਿਸ਼ਤ ਫੈਲਾਅ ਕੇ ਮਾਹੌਲ ਵਿਗਾੜਿਆ-ਰਾਹੁਲ ਗਾਂਧੀ

   *ਪੰਜਾਬ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਤੇ ਬੇਅਦਬੀ ਮਾਮਲਿਆਂ ਦਾ ਮੁੱਦਾ ਚੁੱਕਣ ਰਾਹੁਲ ਗਾਂਧੀ: ਪੰਥਕ ਆਗੂ

 

  ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਪੰਜਾਬ ਵਿਚ ਪ੍ਰਭਾਵਸ਼ਾਲੀ ਰਹੀ ਹੈ ,ਜਿਸ ਨੇ ਪੰਜਾਬ ਵਿਚ ਸਾਹ ਸਤ ਗੁਆ ਚੁਕੀ ਪੰਜਾਬ ਕਾਂਗਰਸ ਵਿਚ ਉਤਸ਼ਾਹ ਭਰਿਆ ਹੈ।ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਹੇਠਾਂ ਡਿਗੀ ਹੈ। ਪਰ ਇਹ ਵੀ ਠੀਕ ਹੈ ਕਿ ਰਾਹੁਲ ਗਾਂਧੀ ਨੇ ਇਸ ਸਾਰੇ ਘਟਨਾਕ੍ਰਮ ਤੋਂ ਕਾਫ਼ੀ ਕੁਝ ਸਿੱਖਿਆ ਵੀ ਹੈ। ਉਨ੍ਹਾਂ ਨੇ ਗ੍ਰਿਫ਼ਤਾਰੀ, ਪੁਛਗਿੱਛ ਜਾਂ ਜੇਲ੍ਹ ਦਾ ਡਰ ਲਾਹ ਕੇ ਆਪਣਾ ਅੰਦਾਜ਼ ਅਤੇ ਆਪਣੀ ਰਾਜਨੀਤੀ ਬਦਲੀ ਹੈ। ਬੇਸ਼ੱਕ ਭਾਜਪਾ ਦੀ ਰਾਜਨੀਤੀ ਨੇ ਭਾਰਤੀ ਸਿਆਸਤ ਦਾ ਗਣਿਤ ਹੀ ਬਦਲ ਕੇ ਰੱਖ ਦਿੱਤਾ ਹੈ ਤੇ ਵਿਰੋਧੀਆਂ ਪਾਰਟੀਆਂ ਕੋਲ ਇਸ ਦਾ ਬਦਲ ਨਹੀਂ ਹੈ।  ਰਾਹੁਲ ਗਾਂਧੀ  ਇਸ ਸਥਿਤੀ ਨੂੰ ਸਮਝਣ ਵਿਚ ਕਾਮਯਾਬ ਹੋਏ ਹਨ।ਕਾਂਗਰਸ  ਇਹ ਸਮਝਦੀ ਹੈ ਕਿ ਭਾਜਪਾ ਤੇ ਰਾਸ਼ਟਰੀ ਸੋਇਮ ਸੇਵਕ ਸੰਘ ਦੀ ਫਿਰਕੂ ਵਿਚਾਰਧਾਰਾ ਕਾਰਨ ਦੇਸ਼ ਵਿਚ ਫ਼ਿਰਕੂ ਧਰੁਵੀਕਰਨ ਹੋਇਆ ਹੈ ।ਇਸ ਲਈ ਲੋਕਾਂ ਨੂੰ ਨੇੜੇ-ਨੇੜੇ ਲਿਆਉਣ ਦੀ ਲੋੜ ਹੈ। ਇਸ ਦੇ ਨਾਲ-ਨਾਲ ਕਾਂਗਰਸ ਵਲੋਂ, ਦੇਸ਼ ਵਿਚ ਵਧ ਰਹੀ ਬੇਰੁਜ਼ਗਾਰੀ, ਗ਼ਰੀਬੀ ਅਤੇ  ਮੋਦੀ  ਸਰਕਾਰ ਵਲੋਂ ਪੈਦਾਵਾਰ ਦੇ ਸਾਰੇ ਸਾਧਨ ਕਾਰਪੋਰੇਟਰਾਂ ਦੇ ਹਵਾਲੇ ਕਰਨ ਦੀਆਂ ਨੀਤੀਆਂ ਦਾ ਵਿਰੋਧ ਕਰਨਾ ਵੀ ਇਸ ਯਾਤਰਾ ਦਾ ਉਦੇਸ਼ ਹੈ।

 ਜਮਹੂਰੀਅਤ ਵਿਚ ਯਕੀਨ ਰੱਖਣ ਵਾਲੇ ਚੇਤਨ ਨਾਗਰਿਕਾਂ ਨੂੰ ਇਹ ਵੀ ਡਰ ਹੈ ਕਿ ਜੇਕਰ 2024 ਵਿਚ ਕੇਂਦਰ ਵਿਚ ਭਾਜਪਾ ਦੀ ਸਰਕਾਰ ਮੁੜ ਬਣਦੀ ਹੈ ਤਾਂ ਉਹ ਸੰਵਿਧਾਨ ਵਿਚ ਸੋਧ ਕਰ ਕੇ ਦੇਸ਼ ਨੂੰ ਹਿੰਦੂ ਰਾਸ਼ਟਰ ਵੀ ਐਲਾਨ ਸਕਦੀ ਹੈ। ਇਸ ਨਾਲ ਦੇਸ਼ ਵਿਚ ਭਾਜਪਾ ਅਤੇ ਰਾਸ਼ਟਰੀ ਸੋਇਮ ਸੇਵਕ ਸੰਘ ਤੋਂ ਵੱਖਰੇ ਵਿਚਾਰ ਰੱਖਣ ਵਾਲੇ ਆਮ ਲੋਕਾਂ, ਘੱਟ ਗਿਣਤੀਆਂ ਅਤੇ ਸ਼ਹਿਰੀ ਆਜ਼ਾਦੀਆਂ ਦਾ ਸਮਰਥਨ ਕਰਨ ਵਾਲੇ ਸੰਗਠਨਾਂ ਨੂੰ ਹੋਰ ਵਧੇਰੇ ਦਮਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।  ਇਸੇ ਕਰਕੇ ਪੰਜਾਬ 'ਵਿਚ 'ਭਾਰਤ ਜੋੜੋ ਯਾਤਰਾ' ਦੀ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਤੋਂ ਰਸਮੀ ਸ਼ੁਰੂਆਤ ਕਰਨ ਤੋਂ ਪਹਿਲਾਂ ਕੁਲ ਹਿੰਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਉਪਰੰਤ  ਆਖਿਆ ਕਿ ਭਾਜਪਾ ਤੇ ਆਰ. ਐਸ. ਐਸ. ਦੇਸ਼ ਵਿਚ ਨਫ਼ਰਤ, ਡਰ ਤੇ ਅਸ਼ਾਂਤੀ ਫੈਲਾਅ ਰਹੀ ਹੈ । ਭਾਜਪਾ ਨੇ ਦੇਸ਼ ਦੇ ਲੋਕਾਂ ਨੂੰ ਧਰਮਾਂ, ਜਾਤਾਂ-ਪਾਤਾਂ ਅਤੇ ਭਾਸ਼ਨਾਂ ਦੇ ਆਧਾਰ 'ਤੇ ਲੜਾ ਕੇ ਮਾਹੌਲ ਵਿਗਾੜ ਦਿੱਤਾ ਹੈ, ਜੋ ਦੇਸ਼ ਦਾ ਇਤਿਹਾਸ ਨਹੀਂ ਹੈ, ਕਿਉਂਕਿ ਲੋਕ ਜਮਹੂਰੀਅਤ ਵਿਚ ਯਕੀਨ ਰੱਖਦੇ ਹਨ । ਇਸ ਲਈ ਕਾਂਗਰਸ ਨੇ ਸੋਚਿਆ ਕਿ ਭਾਰਤ ਨੂੰ ਇਕ ਹੋਰ ਰਸਤਾ ਦਿਖਾਉਣ ਦੀ ਜ਼ਰੂਰਤ ਹੈ, ਜੋ ਪਿਆਰ ਤੇ ਆਪਸੀ ਭਾਈਚਾਰੇ ਦਾ ਹੋਵੇ । ਇਸੇ ਕਰਕੇ ਅਸੀਂ 'ਭਾਰਤ ਜੋੜੋ ਯਾਤਰਾ' ਸ਼ੁਰੂ ਕੀਤੀ ਹੈ । 

ਇਸ ਵਿਚ ਕੋਈ ਸ਼ੱਕ ਨਹੀਂ ਕਿ ਜਦੋਂ ਜੂਨ1984 ਦਾ ਸ੍ਰੀ ਦਰਬਾਰ ਸਾਹਿਬ ਦਾ ਸਾਕਾ ਤੇ ਬਾਅਦ ਵਿਚ ਉਸ ਦੇ ਬਦਲੇ ਵਿਚ ਨਵੰਬਰ 84ਦੌਰਾਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਤੇ ਉਸ ਦੇ ਨਾਲ ਹੀ ਦਿੱਲੀ ਅਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਸਿੱਖ ਕਤਲੇਆਮ ਹੋਇਆ ਤਾਂ ਉਸ ਵੇਲੇ ਰਾਹੁਲ ਗਾਂਧੀ ਮਸਾਂ 14 ਕੁ ਸਾਲ ਦਾ ਬੱਚਾ ਹੀ ਸੀ। ਇਸ ਲਈ ਇਸ ਸਾਰੇ ਘਟਨਾਕ੍ਰਮ ਵਿਚ ਉਸ ਦਾ ਕੋਈ ਦੋਸ਼ ਮੰਨਣਾ ਠੀਕ ਨਹੀਂ, ਜਿਵੇਂ ਕਿ ਸਿਆਸਤ ਵਿਚੋਂ ਡਗਮਗਾਈ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਇਸ ਬਾਰੇ ਤਿੱਖੇ ਪ੍ਰਤੀਕਰਮ ਕਰ ਰਹੀ ਹੈ। ਸਿੱਖ ਧਰਮ ਵਿਚ ਕੋਈ ਰਵਾਇਤ ਵੀ ਨਹੀਂ ਰਹੀ ਕਿ  ਬਾਪ ਜਾਂ ਦਾਦੀ ਦੇ ਕੰਮ ਦੀ ਸਜ਼ਾ ਪੁੱਤਰ ਜਾਂ ਪੋਤਰੇ ਨੂੰ ਦਿਤੀ ਜਾਵੇ । ਹਾਲਾਂਕਿ ਰਾਹੁਲ ਗਾਂਧੀ ਨੇ ਇਸ ਯਾਤਰਾ ਵਿਚ ਵੱਖਰੇ ਰੂਪ ਵਿਚ ਤੇ ਐਲਾਨੇ ਪ੍ਰੋਗਰਾਮ ਤੋਂ ਪਾਸੇ ਜਾ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਮੱਥਾ ਟੇਕਿਆ ਹੈ ਤੇ ਸਿੱਖ ਪੰਥ ਪ੍ਰਤੀ ਇਕ ਵਿਸ਼ੇਸ਼ ਆਦਰ ਦਿਖਾਉਣ ਦੀ ਹੀ ਕੋਸ਼ਿਸ਼ ਕੀਤੀ ਹੈ । ਪਰ ਇਹ ਕਾਫੀ ਨਹੀਂ ਸੀ, ਰਾਹੁਲ ਨੂੰ ਆਪਣੇ ਪੁਰਖਿਆਂ ਦਾਦੀ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੀਆਂ  ਦਰਬਾਰ ਸਾਹਿਬ ਉਪਰ ਫੌਜੀ ਹਮਲੇ ,ਦਿਲੀ ਸਿਖ ਕਤਲੇਆਮ ਬਾਰੇ ਅਪਰਾਧਾਂ ਨੂੰ ਇਸ ਪਵਿੱਤਰ ਅਸਥਾਨ ਦਰਬਾਰ ਸਾਹਿਬ ਵਿਚ ਬਖਸ਼ਾਉਣਾ ਚਾਹੀਦਾ ਸੀ।ਜੇ ਉਹ ਇਹਨਾਂ ਦੋਸ਼ਾਂ ਬਾਰੇ ਮੁਆਫ਼ੀ ਮੰਗ ਲੈਂਦੇ ਤਾ ਉਨ੍ਹਾਂ ਦਾ ਅਕਸ ਵੀ ਸੁਧਰਨਾ ਸੀ ਤੇ ਇਸ ਨਾਲ ਸਿੱਖਾਂ ਦੇ ਇਕ ਵੱਡੇ ਹਿੱਸੇ ਦੇ ਮਨਾਂ ਵਿਚ ਕਾਂਗਰਸ ਸੰਬੰਧੀ ਉਪਜੀ ਪੱਕੀ ਘਿਰਣਾ ਦੀ ਭਾਵਨਾ  ਖ਼ਤਮ ਹੋ ਸਕਦੀ ਸੀ। ਇਸ ਮੁਆਫ਼ੀ ਨਾਲ ਪੰਜਾਬ ਦੀ ਰਾਜਨੀਤਕ ਸਥਿਤੀ ਵਿਚ ਵੱਡਾ ਗੁਣਾਤਮਕ ਬਦਲਾਅ ਦੇਖਣ ਨੂੰ ਮਿਲਣ ਦੀ ਸੰਭਾਵਨਾ ਸੀ। ਪੰਥਕ ਹਲਕਿਆਂ ਦਾ ਮੰਨਣਾ ਹੈ ਕਿ ਜੇਕਰ ਰਾਹੁਲ ਅਜਿਹਾ ਕਰਦੇ ਹਨ ਤਾਂ ਇਹ ਕਾਂਗਰਸ ਨੂੰ ਖ਼ਤਮ ਕਰਨ ਵਿਚ ਲੱਗੀ ਭਾਜਪਾ ਲਈ ਵੀ ਇਕ ਤਕੜਾ ਝਟਕਾ ਸਾਬਤ ਹੋਣਾ ਸੀ।  ਇਸ ਦਾ ਅਸਰ ਸਿਰਫ਼ ਪੰਜਾਬ 'ਤੇ ਹੀ ਨਹੀਂ ਪੂਰੇ ਦੇਸ਼ ਦੀ ਰਾਜਨੀਤੀ 'ਤੇ ਪੈਣ ਦੀ ਸੰਭਾਵਨਾ ਸੀ।  

ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਲਗੇ ਕੌਮੀ ਇਨਸਾਫ਼ ਮੋਰਚਾ  ਬਾਪੂ ਗੁਰਚਰਨ ਸਿੰਘ, ਮਨੁੱਖੀ ਅਧਿਕਾਰ ਸੰਗਠਨ ਦੇ ਵਕੀਲ ਦਿਲਸ਼ੇਰ ਸਿੰਘ, ਪਾਲ ਸਿੰਘ ਫਰਾਂਸ, ਦਾ ਕਹਿਣਾ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਤਹਿਤ ਪੰਜਾਬ ਦੌਰੇ ’ਤੇ ਹਨ ਤੇ ਸ੍ਰੀ ਦਰਬਾਰ ਸਾਹਿਬ ਅਤੇ ਹੋਰਨਾਂ ਅਸਥਾਨਾਂ ’ਤੇ ਨਤਮਸਤਕ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਰਾਹੁਲ ਗਾਂਧੀ ਸਿੱਖ ਧਰਮ ਵਿੱਚ ਏਨੀ ਸ਼ਰਧਾ ਰੱਖਦੇ ਹਨ ਤਾਂ ਉਹ ਆਪਣੇ ਦੌਰੇ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀ ਮਾਮਲਿਆਂ ਦਾ ਮੁੱਦਾ ਵੀ ਜ਼ਰੂਰ ਚੁੱਕਣ। 

ਰਾਹੁਲ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਦੀ ਸਫਲ ਅਗਵਾਈ ਕਰਕੇ ਇਸ ਸੰਬੰਧੀ ਇਕ ਵਿਸ਼ਵਾਸ, ਇਕ ਆਸ ਵੀ ਜਗਾਈ ਹੈ, ਭਾਵੇਂ ਕਿ ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਕਾਂਗਰਸ ਪਾਰਟੀ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦੇ ਸਮਰੱਥ ਹੋ ਸਕੇਗੀ ਜਾਂ ਨਹੀਂ। ਪਰ ਦੇਸ਼ ਦੇ ਅੰਦਰ ਜਮਹੂਰੀਅਤ, ਧਰਮ-ਨਿਰਪੱਖਤਾ, ਸੰਘੀ ਢਾਂਚਾ ਅਤੇ ਲੋਕਾਂ ਦੀਆਂ ਸ਼ਹਿਰੀ ਆਜ਼ਾਦੀਆਂ ਦੀ ਰਾਖੀ ਕਰਨ ਲਈ ਲਹਿਰ ਪੈਦਾ ਹੋ ਸਕੇਗੀ।