ਬੇਅਦਬੀ ਕਾਂਡ ਬਾਰੇ ਸਿੱਧੂ ਤੇ ਕੈਪਟਨ ਵਿਚਾਲੇ ਪੇਚਾ ਪਿਆ 

ਬੇਅਦਬੀ ਕਾਂਡ ਬਾਰੇ ਸਿੱਧੂ  ਤੇ ਕੈਪਟਨ ਵਿਚਾਲੇ ਪੇਚਾ ਪਿਆ 

 * ਬਾਦਲਾਂ’ ਦੇ ਸਟਾਈਲ ’ਚ ਕੈਪਟਨ ਦੀ ਸਿੱਧੂ ਨੂੰ ‘ਚਿੱਤ’ ਕਰਨ ਦੀ ਤਿਆਰੀ

*ਸਾਡੀ ਲੜਾਈ ਇਨਸਾਫ ਲਈ ਹੈ: ਨਵਜੋਤ *ਕੈਪਟਨ ਸਰਕਾਰ  ਕੋਟਕਪੂਰਾ ਗੋਲੀ ਕਾਂਡ ਬਾਰੇ ਨਵੀਂ ਵਿਸ਼ੇਸ਼ ਜਾਂਚ ਟੀਮ ਬਣਾਏਗੀ 

*ਅਦਾਲਤ ਨੇ ਕੋਟਕਪੂਰਾ ਗੋਲੀ ਕਾਂਡ ਦੀ ਫਾਈਲ ਬੰਦ ਕੀਤੀ

*ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਆਈਜੀ ਉਮਰਾਨੰਗਲ ਸਮੇਤ ਸੱਤ ਅਧਿਕਾਰੀਆਂ ਨੂੰ ਵੱਡੀ ਰਾਹਤ ਮਿਲੀ

*ਬਹਿਬਲ ਗੋਲੀ ਕਾਂਡ ਦੀ ਸੁਣਵਾਈ 18 ਮਈ ਤੱਕ ਟਲੀ                                          

*ਸਿੱਖ ਜਥੇਬੰਦੀਆਂ  ਸੰਘਰਸ਼ ਦੇ ਰਾਹ ਵਲ ,ਭਾਈ ਰਣਜੀਤ ਸਿੰਘ ਨੇ ਮੋਰਚਾ ਸੰਭਾਲਿਆ     

     ਵਿਸ਼ੇਸ਼ ਰਿਪੋਟ

 ਗੁਰੂ ਗਰੰਥ ਸਾਹਿਬ ਦੀ ਬੇਅਦਬੀ ਤੇ ਕੋਟਕਪੂਰਾ ਗੋਲੀ ਕਾਂਡ ਨੂੰ ਲੈਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਬੁਰੀ ਤਰਾਂ ਫਸ ਗਏ ਹਨ। ਇਸ ਮਾਮਲੇ ਨੂੰ ਲੈਕੇ  ਨਵਜੋਤ ਸਿੰਘ ਸਿੱਧੂ ਨਾਲ ਉਹਨਾਂ ਦੇ ਸਿੰਗ  ਫਸੇ ਹੋਏ ਹਨ। ਦੂਜੇ ਪਾਸੇ ਕਾਂਗਰਸੀ ਵਿਧਾਇਕਾਂ ਨੇ ਦੋ ਟੁੱਕ ਲਫਜ਼ਾਂ ’ਚ ਮੁੱਖ ਮੰਤਰੀ ਨੂੰ ਕਿਹਾ ਕਿ ਬੇਅਦਬੀ ਦੇ ਕਸੂਰਵਾਰ ਨਾ ਫੜੇ ਗਏ ਤਾਂ ਲੋਕ ਉਨ੍ਹਾਂ ਨੂੰ ਪਿੰਡਾਂ ’ਚ ਨਹੀਂ ਵੜਨ ਨਹੀਂ ਦੇਣਗੇ।ਵਿਧਾਇਕਾਂ ਨੇ ਕੈਪਟਨ ਨੂੰ ਜ਼ਮੀਨੀ ਸੱਚ ਦਿਖਾਇਆ ਕਿ ਬੇਅਦਬੀ ਮਾਮਲੇ ’ਤੇ ਕੋਈ ਸਿੱਟਾ ਨਾ ਨਿਕਲਣ ਕਰਕੇ ਲੋਕ ਸਵਾਲ ਕਰ ਰਹੇ ਹਨ। ਜੇ ਅਗਲੀਆਂ ਚੋਣਾਂ ਲਈ ਲੋਕਾਂ ਵਿਚ ਜਾਣਾ ਹੈ ਤਾਂ ਬੇਅਦਬੀ ਮਾਮਲੇ ਵਿਚ ਨਤੀਜਾ ਦੇਣਾ ਪਵੇਗਾ। ਦੋਹਾਂ ਗੇੜਾਂ ’ਚ ਇਹੋ ਗੱਲ ਉਭਰੀ ਕਿ ਜਿਸ ਭਰੋਸੇ ਨਾਲ ਲੋਕਾਂ ਨੇ ਕਾਂਗਰਸ ਨੂੰ ਵੱਡਾ ਫਤਵਾ ਦਿੱਤਾ ਸੀ, ਉਸ ਭਰੋਸੇ ਨੂੰ ਬਹਾਲ ਰੱਖਣ ਲਈ ਬੇਅਦਬੀ ਦੇ ਅਸਲ ਦੋਸ਼ੀਆਂ ਨੂੰ ਹੱਥ ਨਾ ਪਾਇਆ ਤਾਂ ਲੋਕਾਂ ਨੇ ਕਾਂਗਰਸ ਨੂੰ ਥੜ੍ਹੇ ਨਹੀਂ ਚੜ੍ਹਨ ਦੇਣਾ। ਵਿਧਾਇਕਾਂ ਨੇ ਜਵਾਬ ’ਚ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਫ਼ਸਰਾਂ ਦੀ ਫੜੋ-ਫੜੀ ਕੋਈ ਮਾਅਨੇ ਨਹੀਂ ਰੱਖਦੀ। ਲੋਕ ਹੁਣ ਕਾਂਗਰਸ ਨੂੰ ਵੀ ਸ਼ੱਕ ਨਾਲ ਵੇਖਣ ਲੱਗੇ ਹਨ। ਕਾਂਗਰਸ ਸਰਕਾਰ ਨੂੰ ਸ਼੍ਰੋਮਣੀ ਅਕਾਲੀ ਦਲ ਨਾਲੋਂ ਆਪਣੇ ਆਪ ਨੂੰ ਵੱਖਰਾ ਦਿਖਾਉਣਾ ਪਵੇਗਾ।  ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਬੇਅਦਬੀ ਮਾਮਲੇ ’ਚ ਜਲਦੀ ਨਿਬੇੜਾ ਕਰਨਾ ਪਵੇਗਾ। 

ਮੁੱਖ ਮੰਤਰੀ ਨੇ ਦੱਸਿਆ ਕਿ ਬੇਅਦਬੀ ਮਾਮਲੇ ਅਤੇ ਗੋਲੀ ਕਾਂਡ ਮਾਮਲੇ ਵਿਚ ਕਿੰਨੇ ਅਧਿਕਾਰੀ ਹੁਣ ਤੱਕ ਫੜੇ ਗਏ ਹਨ। ਉਨ੍ਹਾਂ ਨਵੀਂ ਵਿਸ਼ੇਸ਼ ਜਾਂਚ ਟੀਮ ਬਣਾਏ ਜਾਣ ਦੀ ਗੱਲ ਵੀ ਰੱਖੀ।ਚਰਚਾ ਇਹ ਵੀ ਜ਼ੋਰਾਂ ’ਤੇ ਹੈ ਕਿ ਸਿਧੂ ਕਾਂਗਰਸ ਨੂੰ ਛਡ ਦੇਣ ਤੇ ਆਪ ਪਾਰਟੀ ਜਾਇਨ ਕਰ ਲੈਣ।ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਡੀਜੀਪੀ ਦਿਨਕਰ ਗੁਪਤਾ, ਐਡਵੋਕੇਟ ਜਨਰਲ ਅਤੁਲ ਨੰਦਾ, ਜਸਟਿਸ ਰਣਜੀਤ ਸਿੰਘ, ਮਹਿਤਾਬ ਸਿੰਘ, ਵਿਧਾਇਕ ਗੁਰਕੀਰਤ ਕੋਟਲੀ, ਦਲਬੀਰ ਗੋਲਡੀ, ਹਰਦਿਆਲ ਕੰਬੋਜ, ਕੁਲਜੀਤ ਸਿੰਘ ਨਾਗਰਾ, ਹਰਜੋਤ ਕਮਲ, ਦਰਸ਼ਨ ਬਰਾੜ, ਕਾਕਾ ਲੋਹਗੜ੍ਹ, ਪ੍ਰੀਤਮ ਕੋਟਭਾਈ, ਰਾਜਾ ਵੜਿੰਗ, ਸੁਰਿੰਦਰ ਡਾਬਰ, ਲਖਬੀਰ ਲੱਖਾ ਆਦਿ ਹਾਜ਼ਰ ਸਨ।

 ਕੈਪਟਨ ਤੇ ਸਿੱਧੂ ਦਾ ਭੇੜ।                                                   

 ਜਿਸ ਸਟਾਈਲ ਵਿਚ ਬਾਦਲ ਪਰਿਵਾਰ ਨੇ 2012 ਵਿਚ ਸਰਕਾਰ ਰਪੀਟ ਕੀਤੀ ਸੀ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਸਿਆਸੀ ਤੌਰ ’ਤੇ ਚਿੱਤ ਕੀਤਾ ਸੀ, ਉਸੇ ਸਟਾਈਲ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਕ੍ਰਿਕਟਰ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਚਿੱਤ ਕਰਨ ਦੀ ਵਿਉਂਤਬੰਦੀ ਬਣਾ ਰਹੇ ਹਨ। ਨਵਜੋਤ ਸਿੰਘ ਸਿੱਧੂ ਵਲੋਂ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਮੁੱਖ ਮੰਤਰੀ ਦੇ ਸ਼ਹਿਰ ਵਿਚ ਪ੍ਰੈਸ ਕਾਨਫਰੰਸਾਂ ਕਰਕੇ ਤੇ ਟਵੀਟਰ ਵਾਰ ਰਾਹੀਂ ਕੈਪਟਨ ਅਤੇ ਕਾਂਗਰਸ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਸਿੱਧੂ ਦੀ ਇਸ ਘੇਰਾਬੰਦੀ ਕਾਰਨ ਕਾਂਗਰਸ  ਬੇਹੱਦ ਚਿੰਤਤ ਹੈ । ਕੈਪਟਨ ਨੇ ਸਿੱਧੂ ’ਤੇ ਜੋ ਵਾਰ ਕੀਤਾ ਹੈ, ਉਹ ਉਨ੍ਹਾਂ ਦੀ ਉਸੇ ਤਰ੍ਹਾਂ ਦੀ ਰਾਜਨੀਤੀ ਦਾ ਹਿੱਸਾ ਹੈ, ਜਿਸ ਤਰੀਕੇ ਨਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 2012 ਦੀਆਂ ਚੋਣਾਂ ਤੋਂ ਪਹਿਲਾਂ ਮਨਪ੍ਰੀਤ  ਬਾਦਲ ਨਾਲ ਕੀਤਾ ਸੀ। ਸਿੱਧੂ ਵੀ ਕੈਬਨਿਟ ਮੰਤਰੀ ਦੀ ਕੁਰਸੀ ਛੱਡ ਕੇ ਆਪਣੇ ਭਵਿੱਖ ਲਈ ਮੈਦਾਨ ਵਿਚ ਉਤਰੇ ਹਨ, ਉਸੇ ਤਰਜ ’ਤੇ ਮਨਪ੍ਰੀਤ ਸਿੰਘ ਬਾਦਲ ਵੀ ਮੈਦਾਨ ਵਿਚ ਉਤਰੇ ਸਨ।ਸਿਆਸੀ ਮਾਹਿਰਾਂ ਅਨੁਸਾਰ ਕੈਪਟਨ ਦਾ ਮੰਨਣਾ  ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਆਪ  ਪਾਰਟੀ ਜੁਆਇਨ ਨਹੀਂ ਕਰਵਾ ਰਹੀ ਅਤੇ ਕਿਸਾਨ ਅੰਦੋਲਨ ਕਾਰਨ ਭਾਜਪਾ ਦਾ ਪੰਜਾਬ ਵਿਚ ਕੋਈ ਭਵਿੱਖ ਨਹੀਂ। ਅਜਿਹੇ ਵਿਚ ਜੇਕਰ ਸਿੱਧੂ ਕਾਂਗਰਸ ਛੱਡ ਕੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਪਾਰਟੀ ਬਣਾਉਣੀ ਪਵੇਗੀ ਤੇ ਉਸ ਪਾਰਟੀ ਦਾ ਹਾਲ ਉਸੇ ਤਰ੍ਹਾਂ ਹੋਵੇਗਾ, ਜਿਸ ਤਰ੍ਹਾਂ ਦਾ ਹਾਲ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਨਪ੍ਰੀਤ  ਬਾਦਲ ਵਲੋਂ ਬਣਾਈ ਗਈ ਪੰਜਾਬ ਪੀਪਲਜ਼ ਪਾਰਟੀ ਦਾ ਹੋਇਆ ਸੀ। ਮਨਪ੍ਰੀਤ ਬਾਦਲ ਦੀ ਇਸ ਪੀ. ਪੀ. ਪੀ. ਕਾਰਨ ਹੀ 2012 ਵਿਚ ਅਕਾਲੀ ਦਲ ਦੀ ਸਰਕਾਰ ਰਪੀਟ ਹੋਈ ਸੀ। ਹਾਲਾਂਕਿ ਅਕਾਲੀ ਦਲ ਦੇ ਖਿਲਾਫ ਵੱਡੀ ਲਹਿਰ ਸੀ ਪਰ ਜਿਹਡ਼ੇ ਵੋਟਰ ਬਾਦਲ ਸਰਕਾਰ ਤੋਂ ਦੁਖੀ ਸਨ, ਉਨ੍ਹਾਂ ਨੇ ਮਨਪ੍ਰੀਤ ਬਾਦਲ ਨੂੰ ਤੀਜੇ ਬਦਲ ਦੇ ਰੂਪ ਵਿਚ ਦੇਖਦੇ ਹੋਏ ਪੀ. ਪੀ. ਪੀ. ਨੂੰ ਵੋਟ ਕੀਤਾ, ਜਿਸ ਕਾਰਨ ਬਾਦਲ ਵਿਰੋਧੀ ਵੋਟਾਂ ਵੰਡੀਆਂ ਗਈਆਂ ਤੇ ਨਾਰਾਜ਼ ਵੋਟ ਮਨਪ੍ਰੀਤ  ਲੈ ਗਿਆ। ਜੇਕਰ ਇਹ ਨਾਰਾਜ਼ ਵੋਟ ਕਾਂਗਰਸ ਵੱਲ ਚਲੀ ਜਾਂਦੀ ਤਾਂ 2012 ਵਿਚ ਕੈਪਟਨ  ਮੁੱਖ ਮੰਤਰੀ ਬਣ ਜਾਂਦੇ। ਇਸੇ ਰਣਨੀਤੀ ਦੇ ਤਹਿਤ ਕੈਪਟਨ ਚਾਹੁੰਦੇ ਹਨ ਕਿ ਸਿੱਧੂ ਕਾਂਗਰਸ ਛੱਡ ਕੇ ਆਪਣੀ ਪਾਰਟੀ ਬਣਾ ਲਵੇ ਤਾਂ ਜੋ ਕਾਂਗਰਸ ਸਰਕਾਰ ਤੋਂ ਨਾਰਾਜ਼ ਵੋਟ ਆਪ  ਪਾਰਟੀ ਦੀ ਬਜਾਏ ਸਿੱਧੂ ਦੀ ਪਾਰਟੀ ਕੋਲ ਚਲੇ ਜਾਣ ਅਤੇ ਫਿਰ ਤੋਂ ਸੂਬੇ ਵਿਚ ਕਾਂਗਰਸ ਸਰਕਾਰ ਬਣ ਸਕੇ।

ਇਕ ਘਾਗ ਸਿਆਸਤਦਾਨ ਵਾਂਗ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਕੈਪਟਨ ਨੇ ਸਿੱਧੂ ਨੂੰ ਕੈਬਨਿਟ ਵਜੀਰੀ ਛੱਡਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਬਾਅਦ ਉਹ ਸਿੱਧੂ ਦੇ ਖਿਲਾਫ ਕੁੱਝ ਨਹੀਂ ਬੋਲੇ। ਜਾਣ ਬੁਝ ਕੇ ਸਿੱਧੂ ਦੇ ਹੱਕ ਵਿਚ ਬਿਆਨਬਾਜ਼ੀ ਕਰਦੇ ਰਹੇ। ਕਦੇ ਸਿੱਧੂ ਨੂੰ ਆਪਣਾ ਬੇਟਾ ਕਹਿੰਦੇ ਰਹੇ ਅਤੇ ਕਦੇ ਉਨ੍ਹਾਂ ਦੀ ਤਾਰੀਫ ਕਰਦੇ ਰਹੇ। ਇਕ ਸੋਚੀ ਸਮਝੀ ਰਣਨੀਤੀ ਦੇ ਤਹਿਤ ਸਿੱਧੂ ਨੂੰ ਕਦੇ ਚਾਹ ’ਤੇ ਅਤੇ ਕਦੇ ਡਿਨਰ ’ਤੇ ਬੁਲਾ ਕੇ ਇਕ ਤਰ੍ਹਾਂ ਨਾਲ ਸਿੱਧੂ ਨੂੰ ਸਿਆਸੀ ਤੌਰ ’ਤੇ ਕਮਜ਼ੋਰ ਕੀਤਾ ਗਿਆ। ਪੰਜਾਬ ਵਿਚ ਬਾਰਦਾਨੇ ਦੀ ਕਮੀ ਅਤੇ ਹਾਈਕੋਰਟ ਵਲੋਂ ਬਰਗਾਡ਼ੀ ਮਾਮਲੇ ’ਤੇ ਸੂਬਾ ਸਰਕਾਰ ਨੂੰ ਲਾਈ ਗਈ ‘ਠਿੱਬੀ’ ਕਾਰਨ ਕਾਂਗਰਸ ਸਰਕਾਰ ਦੀ ਕਾਫੀ ਕਿਰਕਿਰੀ ਹੋਈ। ਇਸ ਕਿਰਕਿਰੀ ਕਾਰਨ ਕਾਂਗਰਸ ਪੂਰੀ ਤਰ੍ਹਾਂ ਘਬਰਾ ਗਈ। ਇਸ ਡੈਮੇਜ ਨੂੰ ਹੀ ਕੰਟਰੋਲ ਕਰਨ ਲਈ ਕੈਪਟਨ ਨੇ ਸਹੀ ਸਮੇਂ ’ਤੇ ਸਿੱਧੂ ਦੇ ਖਿਲਾਫ ਇਹ ਬਿਆਨ ਦੇ ਕੇ ਪੰਜਾਬ ਵਿਚ ਨਵੀਂ ਚਰਚਾ ਸ਼ੁਰੂ ਕਰ ਦਿੱਤੀ ਹੈ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਕੈਪਟਨ ਆਪਣੀ ਰਣਨੀਤੀ ਵਿਚ ਕਾਮਯਾਬ ਹੁੰਦੇ ਹਨ ਜਾਂ ਨਹੀਂ ਪਰ ਕੈਪਟਨ ਦੇ ਬਿਆਨ ਤੋਂ ਬਾਅਦ ਸਿੱਧੂ ਨੇ ਨਪੇ ਤੁਲੇ ਸ਼ਬਦਾਂ ਵਿਚ ਜੋ ਟਵੀਟ ਕੀਤਾ ਹੈ, ਉਹ ਟਵੀਟ ਹਰ ਪੰਜਾਬੀ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਦੇ ਮਨਾਂ ਨੂੰ ਟੁੰਬਣ ਵਾਲਾ ਹੈ। ਸਿੱਧੂ ਦਾ ਸਿਆਸੀ ਕੱਦ ਅਤੇ ਉਸ ਦੀ ਛਵੀ ਮਨਪ੍ਰੀਤ ਬਾਦਲ ਨਾਲੋਂ ਵੱਡੀ ਹੈ। ਉਹ ਇੰਟਰਨੈਸ਼ਨਲ ਸੈਲੀਬ੍ਰਿਟੀ ਹਨ। ਸਿੱਧੂ ਦਾ ਹਰ ਟਵੀਟ ਖਬਰ ਬਣ ਰਿਹਾ ਹੈ। ਅਜਿਹੇ ਵਿਚ ਸਿੱਧੂ ਚੁੱਪ ਕਰਕੇ ਬੈਠਣ ਵਾਲੇ ਨਹੀਂ। ਸਿਆਸੀ ਸੂਤਰਾਂ ਅਨੁਸਾਰ ਕੈਪਟਨ ਸਿੱਧੂ ਦੀ ਇਸ ਲਡ਼ਾਈ ਦਾ ਕਾਂਗਰਸ ਨੂੰ ਨੁਕਸਾਨ ਹੀ ਹੁੰਦਾ ਦਿਖਾਈ ਦੇ ਰਿਹਾ ਹੈ। 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ   ਦੋ ਟੁੱਕ ਲਫਜ਼ਾਂ ਵਿੱਚ ਗੱਲ ਨਿਬੇੜਦਿਆਂ ਸਾਫ ਕਰ ਦਿੱਤਾ ਹੈ ਕਿ ਹੁਣ ਨੇੜ ਭਵਿੱਖ ਵਿੱਚ ਉਨ੍ਹਾਂ ਦੋਵਾਂ ’ਚ ਮੁੜ ਸੁਲ੍ਹਾ-ਸਫ਼ਾਈ ਦੇ ਆਸਾਰ ਨਹੀਂ ਜਾਪਦੇ ਹਨ। ਚੇਤੇ ਰਹੇ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਨੂੰ ਨੇੜੇ ਲਿਆਉਣ ਵਿੱਚ ਵੱਡੀ ਸਫ਼ਲਤਾ ਵੀ ਹਾਸਲ ਕਰ ਲਈ ਸੀ, ਪਰ ਬੇਅਦਬੀ ਮਾਮਲੇ ਵਿੱਚ ਸਿੱਧੂ ਵੱਲੋਂ ਕੈਪਟਨ ਨੂੰ ਸਿੱਧੇ ਤੌਰ ’ਤੇ ਕਟਹਿਰੇ ਵਿੱਚ ਖੜ੍ਹੇ ਕੀਤੇ ਜਾਣ ਕਰ ਕੇ ਦੋਵਾਂ ਵਿਚ ਪਈ ਦਰਾਰ ਨੂੰ ਭਰਨਾ ਔਖਾ ਹੋ ਗਿਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦੀ ਪਟਿਆਲਾ ਹਲਕੇ ਵਿਚ ਵਧਦੀਆਂ ਸਰਗਰਮੀਆਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ‘ਨਵਜੋਤ ਸਿੱਧੂ ਜੇਕਰ ਉਨ੍ਹਾਂ ਖ਼ਿਲਾਫ਼ ਚੋਣ ਲੜਨਾ ਚਾਹੁੰਦਾ ਹੈ ਤਾਂ ਸ਼ੌਕ ਨਾਲ ਲੜੇ। ਪਿਛਲੀ ਵਾਰ ਜਨਰਲ ਜੇ.ਜੇ. ਸਿੰਘ ਆਇਆ ਸੀ, ਜਿਸ ਦੀ ਜ਼ਮਾਨਤ ਜ਼ਬਤ ਹੋ ਗਈ ਸੀ।’ ਅਮਰਿੰਦਰ ਨੇ ਸਿੱਧੂ ਨੂੰ ਚੁਣੌਤੀ ਦਿੱਤੀ ਕਿ ‘ਹੁਣ ਉਹ ਉਨ੍ਹਾਂ ਖਿਲਾਫ਼ ਚੋਣ ਲੜ ਕੇ ਵੇਖ ਲਏ, ਜ਼ਮਾਨਤ ਜ਼ਬਤ ਹੋਏਗੀ।’ ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਖ਼ੁਦ ਸਪਸ਼ਟ ਨਹੀਂ ਕਿ ਉਹ ਕਿੱਧਰ ਜਾਣਾ ਚਾਹੁੰਦਾ ਹੈ। ਸ਼ਾਇਦ ‘ਆਪ’ ਵੱਲ ਜਾਣ ਦੀ ਤਿਆਰੀ ਕਰ ਰਿਹਾ ਹੈ। ਨਵਜੋਤ ਸਿੱਧੂ ਜਿੰਨੀ ਜਲਦੀ ਜਾਣਾ ਚਾਹੁੰਦਾ ਹੈ, ਜਿੱਥੇ ਜਾਣਾ ਚਾਹੁੰਦਾ ਹੈ, ਜਾਵੇ।’ਅਮਰਿੰਦਰ ਨੇ ਸੁਆਲ ਉਠਾਇਆ ਕਿ ਨਵਜੋਤ ਸਿੱਧੂ ਨੂੰ ਕਾਂਗਰਸ ਪ੍ਰਧਾਨ ਕਿਉਂ ਬਣਾਇਆ ਜਾਵੇ, ਬਤੌਰ ਪ੍ਰਧਾਨ ਸੁਨੀਲ ਜਾਖੜ ਚੰਗਾ ਕੰਮ ਕਰ ਰਹੇ ਹਨ। ਕਾਂਗਰਸ ਦੇ ਕਿੰਨੇ ਮੰਤਰੀ ਨਵਜੋਤ ਸਿੱਧੂ ਨਾਲੋਂ ਸੀਨੀਅਰ ਹਨ। ਅਮਰਿੰਦਰ ਨੇ ਕਿਹਾ ਕਿ ਸੁਖਜਿੰਦਰ ਰੰਧਾਵਾ ਅਤੇ ਸੁਨੀਲ ਜਾਖੜ ਦਾ  ਅਸਤੀਫ਼ਾ ਨਾਮਨਜ਼ੂਰ ਕਰ ਦਿੱਤਾ ਸੀ ਅਤੇ ਉਹ ਚੰਗਾ ਕੰਮ ਕਰ ਰਹੇ ਹਨ।

ਕੈਪਟਨ ਦੇ ਨਵਜੋਤ ਸਿੱਧੂ ਖ਼ਿਲਾਫ਼ ਖੁੱਲ੍ਹ ਕੇ ਮੈਦਾਨ ਵਿੱਚ ਨਿੱਤਰਨ ਨਾਲ ਕੋਵਿਡ ਮਹਾਮਾਰੀ ਦੇ ਇਸ ਦੌਰ ’ਚ ਪੰਜਾਬ ਕਾਂਗਰਸ ਵਿੱਚ ਸਿਆਸੀ ਖਿੱਚੋਤਾਣ ਵਧਣ ਦੀ ਸੰਭਾਵਨਾ ਬਣ ਗਈ ਹੈ। ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਵੀ ਅਮਰਿੰਦਰ ਸਿੰਘ ਨਾਲ ਡਟ ਕੇ ਖੜ੍ਹ ਗਏ ਹਨ। ਬਿੱਟੂ ਨੇ ਅਮਰਿੰਦਰ ਸਿੰਘ ਨੂੰ ਹੀ ਪੰਜਾਬ ਦਾ ਅਸਲੀ ਸ਼ੇਰ ਦੱਸਿਆ ਹੈ। ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਪਹਿਲਾਂ ਹੀ ਕਾਂਗਰਸ ਹਾਈਕਮਾਂਡ ਨੂੰ ਪੱਤਰ ਲਿਖ ਚੁੱਕੇ ਹਨ ਕਿ ਫੌਰੀ ਇਸ ਮਾਮਲੇ ਵਿਚ ਦਖ਼ਲ ਦਿੱਤਾ ਜਾਵੇ। ਅਮਰਿੰਦਰ ਤੇ  ਸਿੱਧੂ ਦਰਮਿਆਨ ਹੁਣ ਸਿੱਧੀ ਲਕੀਰ ਖਿੱਚੀ ਗਈ ਹੈ। ਇਹ ਦੇਖਣਾ ਕਾਫ਼ੀ ਦਿਲਚਸਪ ਹੋਵੇਗਾ ਕਿ ਕਿੰਨੇ ਕੁ ਵਿਧਾਇਕ ਹੁਣ ਨਵਜੋਤ ਸਿੱਧੂ ਦੇ ਪੱਖ ਵਿਚ ਖੜ੍ਹਦੇ ਹਨ ਜਾਂ ਫਿਰ ਸਿੱਧੂ ਕਿਹੜਾ ਨਵਾਂ ਸਿਆਸੀ ਪੈਂਤੜਾ ਖੇਡਦੇ ਹਨ।ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਅਮਰਿੰਦਰ ਸਿੰਘ ਨੂੰ ਮੋੜਵਾਂ ਜੁਆਬ ਦਿੰਦੇ ਹੋਏ ਇਕ ਟਵੀਟ ਵਿਚ ਸਾਫ ਕੀਤਾ ਕਿ ਇਸ ਲੜਾਈ ਵਿਚ ਵਿਧਾਨ ਸਭਾ ਸੀਟ ਕੋਈ ਅਹਿਮੀਅਤ ਨਹੀਂ ਰੱਖਦੀ ਹੈ। ਸਿੱਧੂ ਨੇ ਟਵੀਟ ਕੀਤਾ, ‘‘ਪੰਜਾਬ ਦੀ ਚੇਤਨਤਾ ਨੂੰ ਭਟਕਾਉਣ ਦੇ ਸਭ ਯਤਨ ਅਸਫ਼ਲ ਹੋਣਗੇ। ਪੰਜਾਬ ਮੇਰੀ ਰੂਹ ਹੈ ਅਤੇ ਪੰਜਾਬ ਦੀ ਰੂਹ ਸ੍ਰੀ ਗੁਰੂ ਗਰੰਥ ਸਾਹਿਬ ਜੀ ਹਨ। ਸਾਡੀ ਲੜਾਈ ਇਨਸਾਫ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਹੈ। ਇਸ ਲੜਾਈ ਵਿਚ ਕਿਸੇ ਵਿਧਾਨ ਸਭਾ ਬਾਰੇ ਵਿਚਾਰ ਕਰਨਾ ਕੋਈ ਅਹਿਮੀਅਤ ਨਹੀਂ ਰੱਖਦਾ।’  ਸਿੱਧੂ ਨੇ ਆਪਣੇ ਇਕ ਹੋਰ ਟਵੀਟ ਵਿਚ ਕਿਸੇ ਦਾ ਨਾਂਅ ਲਏ ਬਿਨਾਂ ਕਿਹਾ ਕਿ ਤੁਸੀਂ ਇੱਧਰ-ਉੱਧਰ ਦੀਆਂ ਗੱਲਾਂ ਨਾ ਕਰੋ ਅਤੇ ਇਹ ਦੱਸੋ ਕਿ ਬੇਅਦਬੀ ਦਾ ਇਨਸਾਫ਼ ਕਿਉਂ ਨਹੀਂ ਮਿਲਿਆ । 

ਅਦਾਲਤ ਵੀ ਇਨਸਾਫ ਦੇ ਮੂਡ ਵਿਚ ਨਹੀ

ਖਬਰ ਇਹ ਵੀ ਵਰਣਯੋਗ ਹੈ ਕਿ ਫ਼ਰੀਦਕੋਟ ਦੇ ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਨੇ ਕੋਟਕਪੂਰਾ ਗੋਲੀ ਕਾਂਡ ਦੀ ਫਾਈਲ ਬੰਦ ਕਰ ਦਿੱਤੀ ਹੈ। ਅਦਾਲਤ ਦੇ ਇਸ ਫ਼ੈਸਲੇ ਨਾਲ ਇਸ ਗੋਲੀ ਕਾਂਡ ’ਚ ਨਾਮਜ਼ਦ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਸਮੇਤ 7 ਅਧਿਕਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 9 ਅਪਰੈਲ ਨੂੰ ਕੋਟਕਪੂਰਾ ਗੋਲੀ ਕਾਂਡ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਤਿਆਰ ਕੀਤੀਆਂ ਚਾਰ ਚਾਰਜਸ਼ੀਟਾਂ ਨੂੰ ਗੈਰ-ਕਾਨੂੰਨੀ ਐਲਾਨ ਦਿੱਤਾ ਸੀ। ਹਾਈ ਕੋਰਟ ਦੇ ਫ਼ੈਸਲੇ ਦੀ ਰੌਸ਼ਨੀ ਵਿੱਚ ਵਧੀਕ ਸੈਸ਼ਨ ਜੱਜ ਨੇ  ਕੋਟਕਪੂਰਾ ਗੋਲੀ ਕਾਂਡ ’ਚ ਨਾਮਜ਼ਦ ਸਾਰੇ ਮੁਲਜ਼ਮਾਂ ਨੂੰ ਹਾਲ ਦੀ ਘੜੀ ਆਜ਼ਾਦ ਕਰ ਦਿੱਤਾ ਹੈ।

ਦੱਸਣਯੋਗ ਹੈ ਕਿ ਵਿਸ਼ੇਸ਼ ਜਾਂਚ ਟੀਮ ਨੇ ਕੋਟਕਪੂਰਾ ਗੋਲੀ ਕਾਂਡ ’ਚ 27 ਮਈ 2019 ਤੋਂ 18 ਜਨਵਰੀ 2021 ਤੱਕ ਕੁੱਲ ਚਾਰ ਚਲਾਨ ਅਦਾਲਤ ’ਚ ਪੇਸ਼ ਕੀਤੇ ਸਨ ਅਤੇ ਇਸ ਕਾਂਡ ’ਚ ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ, ਏਡੀਸੀਪੀ ਪਰਮਜੀਤ ਪੰਨੂੰ, ਐੱਸਪੀ ਬਲਜੀਤ ਸਿੰਘ, ਥਾਣਾ ਸਿਟੀ ਕੋਟਕਪੂਰਾ ਦੇ ਸਾਬਕਾ ਐੱਸਐੱਚਓ ਗੁਰਦੀਪ ਸਿੰਘ ਪੰਧੇਰ ਅਤੇ ਸਾਬਕਾ ਅਕਾਲੀ ਵਿਧਾਇਕ ਮੁਲਜ਼ਮ ਵਜੋਂ ਨਾਮਜ਼ਦ ਹੋਏ ਸਨ। ਅੱਜ ਕੋਈ ਵੀ ਮੁਲਜ਼ਮ ਕੋਟਕਪੂਰਾ ਗੋਲੀ ਕਾਂਡ ਦੀ ਸੁਣਵਾਈ ਦੌਰਾਨ ਅਦਾਲਤ ’ਚ ਪੇਸ਼ ਨਹੀਂ ਹੋਇਆ। ਮੁਲਜ਼ਮਾਂ ਦੇ ਵਕੀਲਾਂ ਨੇ ਕੇਸ ਬੰਦ ਕਰਨ ਦੀ ਮੰਗ ਕੀਤੀ ਸੀ ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ। ਹਾਲਾਂਕਿ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਵਕੀਲ ਅਤੇ ਵਿਸ਼ੇਸ਼ ਜਾਂਚ ਟੀਮ ਦੇ ਸੀਨੀਅਰ ਅਧਿਕਾਰੀ ਅਦਾਲਤ ’ਚ ਹਾਜ਼ਰ ਸਨ। ਅਦਾਲਤ ਨੇ ਬਹਿਬਲ ਗੋਲੀ ਕਾਂਡ ਦੀ ਸੁਣਵਾਈ 18 ਮਈ ਤੱਕ ਮੁਲਤਵੀ ਕਰ ਦਿੱਤੀ ਹੈ। ਪੰਜਾਬ ਸਰਕਾਰ ਦੀ ਜਾਂਚ ਟੀਮ ਨੇ ਇਸ ਮਾਮਲੇ ’ਚ ਦੋਸ਼ ਆਇਦ ਕਰਨ ਦੀ ਮੰਗ ਕੀਤੀ ਸੀ ਪਰ ਮੁਲਜ਼ਮਾਂ ਦੇ ਵਕੀਲਾਂ ਨੇ ਦੱਸਿਆ ਕਿ ਬਹਿਬਲ ਗੋਲੀ ਕਾਂਡ ਵਿੱਚ ਪੇਸ਼ ਕੀਤੇ ਗਏ ਚਾਰ ਚਲਾਨਾਂ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਗਈ ਹੈ ਅਤੇ ਇਸ ਉੱਪਰ ਹਾਈ ਕੋਰਟ ਦਾ 13 ਮਈ ਨੂੰ ਕੋਈ ਫ਼ੈਸਲਾ ਆਉਣ ਦੀ ਸੰਭਾਵਨਾ ਹੈ ਜਿਸ ’ਤੇ ਅਦਾਲਤ ਨੇ ਬਹਿਬਲ ਗੋਲੀ ਕਾਂਡ ਦੀ ਸੁਣਵਾਈ ਹੁਣ 18 ਮਈ ਨੂੰ ਨਿਸ਼ਚਿਤ ਕੀਤੀ ਹੈ। 

ਸਿੱਖ ਜਥੇਬੰਦੀਆਂ ਸੰਘਰਸ਼ ਦੇ ਰਾਹ ਵਲ

 ਕੋਟਕਪੂਰਾ ਗੋਲੀ ਕਾਂਡ ਬਾਰੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਤਾਜ਼ਾ ਫ਼ੈਸਲੇ ਖ਼ਿਲਾਫ਼ ਰੋਸ ਜ਼ਾਹਰ ਕਰਦਿਆਂ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਸਿੱਖ ਜਥੇਬੰਦੀਆਂ ਨੇ ਅਦਾਲਤ ਦੇ ਫ਼ੈਸਲੇ ਦੀਆਂ ਕਾਪੀਆਂ ਸਾੜਨ ਦਾ ਐਲਾਨ ਕੀਤਾ ਹੈ। ਗੁਰਦੁਆਰਾ ਅੰਬ ਸਾਹਿਬ ਵਿਖੇ ਪੰਥਕ ਅਕਾਲੀ ਲਹਿਰ, ਸੰਤ ਸਮਾਜ, ਨੌਜਵਾਨ ਪ੍ਰਚਾਰਕਾਂ, ਬੁੱਧੀਜੀਵੀਆਂ, ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਤੇ ਸਿੱਖ ਜਥੇਬੰਦੀਆਂ ਦੀ ਮੀਟਿੰਗ ਵਿੱਚ ਇਹ ਐਲਾਨ ਕੀਤਾ ਗਿਆ। ਇਸ ਮੌਕੇ ਭਾਈ ਰਣਜੀਤ ਸਿੰਘ, ਹਰਦੀਪ ਸਿੰਘ ਡਿਬਡਿਬਾ, ਹਰਦੀਪ ਸਿੰਘ ਮਹਿਰਾਜ, ਪਰਮਿੰਦਰ ਸਿੰਘ ਢੀਂਡਸਾ, ਭਾਈ ਹਰਜਿੰਦਰ ਸਿੰਘ ਮਾਝੀ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਹਾਜ਼ਰ ਸਨ। ਉਨ੍ਹਾਂ ਸਿੱਖ ਸੰਗਤ ਅਤੇ ਲੋਕਾਂ ਨੂੰ ਵਿਸ਼ਵ ਪੱਧਰ ਉੱਤੇ ਅਦਾਲਤੀ ਫ਼ੈਸਲੇ ਦੀਆਂ ਕਾਪੀਆਂ ਸਾੜਨ ਦੀ ਅਪੀਲ ਕੀਤੀ। ਇਸ ਮੌਕੇ ਬਹਿਬਲ ਕਲਾਂ ਗੋਲੀਬਾਰੀ ਦੇ ਸ਼ਿਕਾਰ ਹੋਏ ਕ੍ਰਿਸ਼ਨ ਭਗਵਾਨ ਸਿੰਘ ਦਾ ਬੇਟਾ ਸੁਖਰਾਜ ਸਿੰਘ ਵੀ ਹਾਜ਼ਰ ਸੀ। ਭਾਈ ਰਣਜੀਤ ਸਿੰਘ ਨੇ ਦੁਨੀਆ ਭਰ ਦੀ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ 30 ਅਪਰੈਲ ਨੂੰ ਅਦਾਲਤ ਦੇ ਫ਼ੈਸਲੇ ਦੀਆਂ ਕਾਪੀਆਂ ਸਾੜ ਕੇ ਆਪਣਾ ਰੋਸ ਦਰਜ ਕਰਵਾਉਣ। ਉਨ੍ਹਾਂ ਕਿਹਾ ਕਿ ਉਹ ਖ਼ੁਦ ਕੋਟਕਪੂਰਾ ਚੌਕ ਵਿੱਚ ਅਦਾਲਤ ਦੇ ਫ਼ੈਸਲੇ ਦੀਆਂ ਕਾਪੀਆਂ ਸਾੜ ਕੇ ਮੁੜ ਸੰਘਰਸ਼ ਦਾ ਮੁੱਢ ਬੰਨ੍ਹਣਗੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਨਿਆਂ ਪ੍ਰਣਾਲੀ ਅਤੇ ਹੁਕਮਰਾਨਾਂ ਨੂੰ ਇਹ ਸੰਦੇਸ਼ ਭੇਜਣ ਲਈ ਕਿ ਸਿੱਖ ਇਸ ਬੇਇਨਸਾਫ਼ੀ ਤੋਂ ਬੇਹੱਦ ਪ੍ਰੇਸ਼ਾਨ ਅਤੇ ਖ਼ਫ਼ਾ ਹਨ, ਇਸ ਗਤੀਵਿਧੀ ਦੀ ਰਿਪੋਰਟ ਸੋਸ਼ਲ ਮੀਡੀਆ ਉੱਤੇ ਅੱਪਲੋਡ ਕੀਤੀ ਜਾਵੇ। ਵਿਧਾਇਕ ਖਹਿਰਾ ਨੇ ਕਿਹਾ ਕਿ ਇਹ ਵਿਰੋਧ ਅੰਦੋਲਨਕਾਰੀ ਕਿਸਾਨਾਂ ਦੀ ਤਰਜ਼ ’ਤੇ ਹੈ, ਜੋ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਰਹੇ ਹਨ। ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਵਿੱਚ ਨਿਆਂ ਤੋਂ ਇਨਕਾਰੀ ਹੋਣਾ, ਪੰਜਾਬ ਨੂੰ 80ਵੇਂ ਦਹਾਕੇ ਵਿੱਚ ਵਾਪਸ ਲੈ ਜਾਵੇਗਾ, ਜਦੋਂ ਪੰਜਾਬ ਦੇ ਲੋਕ ਆਪਣੇ ਹੱਥੀਂ ਇਨਸਾਫ਼ ਕਰਨ ਲਈ ਮਜਬੂਰ ਹੋ ਗਏ ਸਨ।  ਢੀਂਡਸਾ ਨੇ ਕਿਹਾ ਕਿ ਮੁੱਖ ਮੰਤਰੀ ਜ਼ੁਬਾਨੀ ਸੇਵਾ ਕਰ ਰਹੇ ਹਨ ਪਰ ਪੀੜਤ ਪਰਿਵਾਰਾਂ ਤੇ ਕੌਮ ਨੂੰ ਇਨਸਾਫ਼ ਦਿਵਾਉਣ ਵਿੱਚ ਕੋਈ ਦਿਲਚਸਪੀ ਨਹੀਂ ਲੈ ਰਹੇ। 

ਉਧਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਜਦੋਂ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਨਵੀਂ ਵਿਸ਼ੇਸ਼ ਜਾਂਚ ਟੀਮ ਬਣਾਉਣ ਦਾ ਫੈਸਲਾ ਹੋ ਗਿਆ ਹੈ ਤਾਂ ਕੁਝ ਪੰਥਕ ਧਿਰਾਂ ਵੱਲੋਂ ਇਸ ਮਾਮਲੇ ’ਤੇ ਮੁੜ ਧਰਨਾ ਲਾਏ ਜਾਣ ਦੀ ਕੋਈ ਤੁੱਕ ਨਹੀਂ ਬਣਦੀ। ਮੁੱਖ ਮੰਤਰੀ ਨੇ ਕਿਹਾ ਕਿ ‘ਸਿਟ’ ਖਾਰਜ ਕਰਨ ਵਾਲਾ ਫੈਸਲਾ ਸਿਰਫ ਕੋਟਕਪੂਰਾ ਗੋਲੀ ਕਾਂਡ ਨਾਲ ਸਬੰਧ ਰੱਖਦਾ ਹੈ ਜਦੋਂਕਿ ਬੇਅਦਬੀ ਮਾਮਲੇ ਦੇ ਕੁਝ ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਤੇ ਇਸ ਸਬੰਧੀ ਅਦਾਲਤ ਵਿਚ ਚਲਾਨ ਵੀ ਪੇਸ਼ ਕੀਤੇ ਗਏ ਹਨ।

ਆਪ ਪਾਰਟੀ ਕੈਪਟਨ ਵਿਰੁਧ ਸਰਗਰਮ

ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਕੈਪਟਨ ਸਰਕਾਰ ਬਾਦਲਾਂ ਦੇ ਇਸ਼ਾਰੇ ’ਤੇ ਕੰਮ ਕਰ ਰਹੀ ਹੈ। ਇਸੇ ਲਈ ਬੇਅਦਬੀ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਦਾ ਬਚਾਅ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਹਾਈ ਕੋਰਟ ਦੇ ਡਬਲ ਬੈਂਚ ਕੋਲ ਅਪੀਲ ਕਰਨ ਦੀ ਥਾਂ ਸਿੰਗਲ ਬੈਚ ਦੇ ਫ਼ੈਸਲੇ ਅਨੁਸਾਰ ਤੁਰੰਤ ਨਵੀਂ ਜਾਂਚ ਕਮੇਟੀ ਬਣਾਉਣ ਦਾ ਐਲਾਨ ਕੀਤਾ। ਇਸ ਤੋਂ ਪਤਾ ਲੱਗਦਾ ਹੈ ਕਿ ਬਾਦਲਾਂ ਨੂੰ ਬਚਾਉਣ ਲਈ ਕੈਪਟਨ ਸਰਕਾਰ ਨੇ ਜਾਣ-ਬੁੱਝ ਕੇ ਹਾਈ ਕੋਰਟ ਵਿੱਚ ਕੇਸ ਕਮਜ਼ੋਰ ਕਰਵਾਇਆ ਅਤੇ ਇਸੇ ਲਈ ਵਿਸ਼ੇਸ਼ ਜਾਂਚ ਕਮੇਟੀ ਦੀ ਰਿਪੋਰਟ ਖਾਰਜ ਹੋਈ। ਚੀਮਾ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫਿਆਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਸਿਰਫ ਡਰਾਮਾ ਕਰ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਨਾਲ ਮਿਲੇ ਹੋਏ ਹਨ ਅਤੇ ਉਨ੍ਹਾਂ ਨੂੰ ਬਚਾਅ ਰਹੇ ਹਨ। 

ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਾਲਸਾ ਨੂੰ ਚਿੱਠੀ ਲਿਖ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਥ ’ਚੋਂ ਛੇਕਣ ਦੀ ਮੰਗ ਕੀਤੀ ਹੈ। ਉਨ੍ਹਾਂ ਚਿੱਠੀ ਵਿੱਚ ਕਿਹਾ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਕੈਪਟਨ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਨਸ਼ਾ ਖਤਮ ਕਰਨ ਅਤੇ ਬੇਅਦਬੀ ਦੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਦਾ ਭਰੋਸਾ ਦਿੱਤਾ ਸੀ। ਇਨ੍ਹਾਂ ਦੋਹਾਂ ਮਸਲਿਆਂ ’ਤੇ ਕੈਪਟਨ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ।ਸੰਧਵਾਂ ਨੇ ਕਿਹਾ ਕਿ ਕੈਪਟਨ ਨੇ ਆਪਣੇ ਸਾਢੇ ਚਾਰ ਸਾਲਾਂ ਦੇ ਰਾਜ ਦੌਰਾਨ ਬਰਗਾੜੀ ਵਿੱਚ ਹੋਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਦੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਦੀ ਥਾਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਮੁੱਖ ਮੰਤਰੀ ਵੱਲੋ ਬੇਅਦਬੀ ਮਾਮਲੇ ਵਿੱਚ ਕਮਿਸ਼ਨ ਦਰ ਕਮਿਸ਼ਨ ਅਤੇ ਵਾਰ ਵਾਰ ਐੱਸਆਈਟੀ ਦਾ ਗਠਨ ਕਰਕੇ ਜਾਂਚ ਲਮਕਾਉਣ ਤੋਂ ਸਪੱਸ਼ਟ ਹੁੰਦਾ ਹੈ ਕਿ ਕੈਪਟਨ ਵੀ ਗੁਰੂ ਗ੍ਰੰਥ ਸਾਹਿਬ ਨੂੰ ਰਾਜਨੀਤੀ ਲਈ ਵਰਤਣ ਦਾ ਯਤਨ ਕਰ ਰਹੇ ਹਨ। 

ਬਲਵਿੰਦਰ ਪਾਲ ਸਿੰਘ ਪ੍ਰੋਫੈਸਰ