ਮਾਮਲਾ ਪੰਜਾਬ 'ਚ ਬੋਤਲਬੰਦ ਗੰਦੇ ਪਾਣੀ ਦਾ 

ਮਾਮਲਾ ਪੰਜਾਬ 'ਚ ਬੋਤਲਬੰਦ ਗੰਦੇ ਪਾਣੀ ਦਾ 

 ਅੰਮ੍ਰਿਤਸਰ ਟਾਈਮਜ਼ ਬਿਊਰੋ 

 ਸਰਕਾਰ ਸਪਲਾਈ ਦੇ ਦਾਅਵਿਆਂ ਦੀ ਜਾਂਚ ਕਰੇਗੀ

ਚੰਡੀਗੜ੍ਹ- ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਗੰਦੇ ਤੇ ਮਿਲਾਵਟੀ ਪਾਣੀ ਨੂੰ ਬੋਤਲਬੰਦ ਕਰ ਮਿਨਰਲ ਵਾਟਰ ਦੇ ਤੌਰ ਉੱਤੇ ਵੇਚਿਆ ਜਾ ਰਿਹਾ ਹੈ । ਇਹ ਦੋਸ਼ ਲਾਉਂਦੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ 'ਚ ਪੰਜਾਬ ਸਰਕਾਰ ਦਾ ਜਵਾਬ ਸੁਣਨ ਤੋਂ ਬਾਅਦ ਹਾਈਕੋਰਟ ਨੇ ਇਸ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ । ਅੰਮਿ੍ਤਸਰ ਵਸਨੀਕ ਸੰਜੀਵ ਭਾਸਕਰ ਨੇ ਹਾਈਕੋਰਟ 'ਚ ਦਾਇਰ ਪਟੀਸ਼ਨ 'ਚ ਗੰਦੇ ਅਤੇ ਮਿਲਾਵਟੀ ਪਾਣੀ ਦੀ ਬੋਤਲਬੰਦ ਸਪਲਾਈ ਦਾ ਮੁੱਦਾ ਚੁੱਕਿਆ ਸੀ । ਉਸ ਨੇ ਕਿਹਾ ਸੀ ਕਿ ਅੰਮਿ੍ਤਸਰ ਦੀਆਂ ਫ਼ੈਕਟਰੀਆਂ 'ਚ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਕੰਮ ਕੀਤਾ ਜਾ ਰਿਹਾ ਹੈ |

ਇੱਥੇ ਜੋ ਪਾਣੀ ਮਿਨਰਲ ਵਾਟਰ ਦੇ ਨਾਂਅ 'ਤੇ ਪੈਕ ਕੀਤਾ ਜਾਂਦਾ ਹੈ ਉਹ ਗੰਦਾ ਤੇ ਮਿਲਾਵਟੀ ਹੁੰਦਾ ਹੈ । ਇਸ ਪਾਣੀ ਦੀ ਸਪਲਾਈ ਅੰਮਿ੍ਤਸਰ, ਬਟਾਲਾ, ਤਰਨਤਾਰਨ ਅਤੇ ਹੁਸ਼ਿਆਰਪੁਰ 'ਚ ਹੋ ਰਹੀ ਹੈ । ਇਸ ਬਾਰੇ ਮੰਗ ਪੱਤਰ ਸੌਂਪਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ ਹੈ | ਇਸ 'ਤੇ ਪੰਜਾਬ ਸਰਕਾਰ ਵਲੋਂ ਦੱਸਿਆ ਗਿਆ ਕਿ ਮੰਗ ਪੱਤਰ ਨੂੰ ਆਧਾਰ ਬਣਾ ਕੇ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ । ਲਗਾਤਾਰ ਇਨ੍ਹਾਂ ਫ਼ੈਕਟਰੀਆਂ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ । ਇਸ ਦੇ ਨਾਲ ਹੀ ਇਸ ਮਾਮਲੇ 'ਚ ਜਾਂਚ ਵੀ ਕੀਤੀ ਜਾਵੇਗੀ । ਸਰਕਾਰ ਨੇ ਇਹ ਵੀ ਕਿਹਾ ਕਿ ਜੇਕਰ ਪਟੀਸ਼ਨਰ ਜਾਂਚ 'ਚ ਸ਼ਾਮਿਲ ਹੋ ਕੇ ਜਾਂਚ ਦਲ ਦੀ ਮਦਦ ਕਰਨਾ ਚਾਹੇ ਤਾਂ ਵੀ ਪੰਜਾਬ ਸਰਕਾਰ ਨੂੰ ਇਸ ਤੋਂ ਕੋਈ ਇਤਰਾਜ਼ ਨਹੀਂ ਹੈ ।