ਖਾਲੜਾ ਦੀ ਸ਼ਹਾਦਤ ਲਈ ਵੀ ਦੋਸ਼ੀ ਹੈ ਬਾਦਲ ਐਂਡ ਪਾਰਟੀ 

ਖਾਲੜਾ ਦੀ ਸ਼ਹਾਦਤ ਲਈ ਵੀ ਦੋਸ਼ੀ ਹੈ ਬਾਦਲ ਐਂਡ ਪਾਰਟੀ 

ਪ੍ਰੋ. ਬਲਵਿੰਦਰਪਾਲ ਸਿੰਘ
9815700916

ਕੀ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਲਈ ਤੇ ਹੋਰ ਪੰਥਕ ਦੁਖਾਤਾਂ ਲਈ ਪ੍ਰਕਾਸ਼ ਸਿੰਘ ਬਾਦਲ ਦੋਸ਼ੀ ਹਨ ਜਾਂ ਸਮੁੱਚੀ ਅਕਾਲੀ ਲੀਡਰਸ਼ਿਪ। ਇਹਨਾਂ ਸੁਆਲਾਂ ਦੀ ਹਕੀਕਤ ਵਿਚ ਜਾਣਨ ਲਈ ਉਸ ਸਮੇਂ ਦੀ ਅਕਾਲੀ ਲੀਡਰਸ਼ਿਪ ਦਾ ਕਿਰਦਾਰ ਤੇ ਸਟੇਟ ਉਪਰ ਰਾਜ ਕਰਨ ਵਾਲਿਆਂ ਦਾ ਕਿਰਦਾਰ ਘੋਖਣਾ ਪਵੇਗਾ। ਟਕਸਾਲੀ ਆਗੂ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਭਾਵੇਂ ਨਕੋਦਰ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਤੇ ਗੋਲੀ ਕਾਂਡ ਦਾ ਮੁੱਦਾ ਚੁੱਕਿਆ, ਪਰ ਉਹਨਾਂ ਦੀ ਅਕਾਲੀ ਸਰਕਾਰਾਂ ਵਿਚ ਦਾਲ ਨਾ ਗਲ ਸਕੀ। ਨਕੋਦਰ ਗੋਲੀ ਕਾਂਡ ਤੋਂ ਬਾਅਦ ਛੇ ਜ਼ਖਮੀ ਸਿੱਖ ਨੌਜਵਾਨ ਸਿਵਲ ਹਸਪਤਾਲ ਵਿਚ ਦਾਖਲ ਸਨ। ਉਹਨਾਂ ਵਿਚੋਂ ਇਕ ਨਿਤਨੇਮੀ ਸਿੱਖ ਬਜ਼ੁਰਗ ਬਾਪੂ ਰੋਸ਼ਨ ਸਿੰਘ ਜੋ ਪੁਲੀਸ ਡਾਗਾਂ ਨਾਲ ਭੰਨੇ ਪਏ ਸਨ, ਨੇ ਦੱਸਿਆ ਇਕ ਵਹਿਸ਼ੀ ਪੁਲੀਸ ਅਫਸਰ ਨੇ ਹਰਮਿੰਦਰ ਸਿੰਘ ਸ਼ਾਮ ਚੁਰਾਸੀ, ਜੋ ਖਾਲਸਾ ਕਾਲਜ ਜਲੰਧਰ ਦਾ ਐਮਐਸਸੀ ਦਾ ਵਿਦਿਆਰਥੀ ਸੀ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਜਲੰਧਰ ਜ਼ਿਲੇ ਦਾ ਕਨਵੀਨਰ ਸੀ,ਉਸ ਦੇ ਸਾਹਮਣੇ ਮਾਰਿਆ। ਉਹ ਕੰਧ ਟੱਪ ਕੇ ਆਰੇ ਵਾਲੀ ਥਾਂ ਲੁਕ ਗਏ ਸਨ, ਉਥੇ ਵੀ ਪੁਲੀਸ ਨੇ ਪਿੱਛਾ ਕਰਕੇ ਉਸ ਦੇ ਮੂੰਹ ਵਿੱਚ ਰਿਵਾਲਵਰ ਰੱਖ ਕੇ ਗੋਲੀ ਮਾਰੀ ਸੀ। ਉਹ ਉਥੇ ਗੁਰੂ ਗਰੰਥ ਸਾਹਿਬ ਬੇਅਦਬੀ ਦੇ ਪ੍ਰਤੀਕਰਮ ਵਜੋਂ ਰੋਸ ਪ੍ਰਗਟਾਵਾ ਕਰਨ ਆਏ ਸਨ।
ਕਿਹਾ ਜਾਂਦਾ ਹੈ ਕਿ  ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਸਮਂੇ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਨੇ ਇਹ ਆਰਡਰ ਦਿੱਤੇ ਸਨ। ਉਸ ਸਮੇਂ ਕੁਲਦੀਪ ਸਿੰਘ ਵਡਾਲਾ ਐਮਐਲਏ ਸਨ, ਉਹ ਸਿਵਲ ਹਸਪਤਾਲ ਆਏ। ਜ਼ਖਮੀ ਸਿੰਘਾਂ ਦੀ ਸੇਵਾ ਉਪਰ ਬੈਠੇ ਸਿੱਖਾਂ ਨੇ ਵਡਾਲਾ ਕੋਲ ਖਾਸਾ ਰੋਸ ਕੀਤਾ। ਸਿੱਖ ਬਜ਼ੁਰਗ ਅਨੁਸਾਰ ਮੈਂ ਵੀ ਵਡਾਲਾ ਜੀ ਨੂੰ ਬੇਨਤੀ ਕੀਤੀ ਕਿ ਨਕੋਦਰ ਗੋਲੀ ਕਾਂਡ ਦੇ ਜ਼ਿੰਮੇਵਾਰ ਪੁਲੀਸ ਅਫ਼ਸਰ ਕੇਸ ਦਰਜ ਕਰਕੇ ਸਸਪੈਂਡ ਕਰਨੇ ਚਾਹੀਦੇ ਹਨ ਜਿਹਨਾਂ ਸ਼ਾਂਤਮਈ ਸਿੱਖਾਂ 'ਤੇ ਗੋਲੀ ਚਲਾਈ। ਵਡਾਲਾ ਜੀ ਕਹਿਣ ਲੱਗੇ ਕਿ ਜਾਂਚ ਕਰਾਂਵਾਂਗੇ। ਮੈਂ ਕਿਹਾ ਜਾਂਚ ਤਾਂ ਦੋਸ਼ੀ ਅਫਸਰਾਂ ਦੇ ਹੱਕ ਵਿਚ ਭੁਗਤੇਗੀ। ਵਡਾਲਾ ਜੀ ਕਹਿਣ ਲੱਗੇ ਚਿੰਤਾ ਨਾ ਕਰੋ, ਮੈਂ ਸੰਘਰਸ਼ ਕਰਾਂਗਾ। ਇਹ ਮੇਰੀ ਜ਼ਿੰਮੇਵਾਰੀ ਹੈ। ਪਰ ਬਾਅਦ ਵਿਚ ਵਡਾਲਾ ਦੀ ਹਕੂਮਤ ਵਿਚ ਦਾਲ ਨਾ ਗਲ ਸਕੀ। ਬਹੁਤੇ ਅਕਾਲੀ ਲੀਡਰ ਮੌਕਾਪ੍ਰਸਤ ਹਨ। ਜੇ ਇਸੇ ਸੰਦਰਭ ਵਿਚ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਵਿਚਾਰੀਏ ਤਾਂ ਸਿਮਰਨਜੀਤ ਸਿੰਘ ਮਾਨ ਤੋਂ ਸਿਵਾਇ ਕਿਸੇ ਅਕਾਲੀ ਲੀਡਰ ਨੇ ਮਨੁੱਖੀ ਅਧਿਕਾਰਾਂ ਲਈ ਅਵਾਜ਼ ਨਹੀਂ ਉਠਾਈ। ਇਹ ਵੱਖਰਾ ਵਿਸ਼ਾ ਹੈ ਕਿ ਉਹ ਕੌਮ ਨੂੰ ਇਕਮੁੱਠ ਕਿÀੁਂ ਨਹੀ ਕਰ ਸਕੇ। 
ਸਰਦਾਰ ਗੁਰਤੇਜ ਸਿੰਘ ਨੇ ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਜੂਨ 84 ਸਾਕੇ ਲਈ ਦੋਸ਼ੀ ਦੱਸਿਆ। ਇਹਨਾਂ ਦੀਆਂ ਕੇਂਦਰ ਨੂੰ ਲਿਖੀਆਂ ਚਿੱਠੀਆਂ ਦਾ ਅਕਾਲੀ ਦਲ ਦੇ ਲੈਟਰਪੈਡ ਉਤੇ ਛਪਣਾ, ਕਈ ਕਿਤਾਬਾਂ ਦਾ ਹਿੱਸਾ ਬਣਨਾ ਤੇ ਅਕਾਲੀਆਂ ਵਲੋਂ ਕੋਈ ਨੋਟਿਸ ਨਾ ਲੈਣਾ ਇਹ ਸਿੱਧ ਕਰਦਾ ਹੈ ਕਿ ਇਹ ਚਿੱਠੀਆਂ ਇਨ੍ਹਾਂ ਨਕਲੀ ਨੀਲੇ ਸ਼ਾਹ ਅਸਵਾਰਾਂ ਦੀਆਂ ਹੀ ਹਨ। ਇਸ ਬਾਰੇ ਵਿਸਥਾਰਕ ਜਾਣਕਾਰੀ ਲਈ ਮਹਿੰਦਰ ਸਿੰਘ ਪੱਤਰਕਾਰ ਦੀ 'ਨੀਂਹ ਰੱਖੀ ਗਈ' ਅਤੇ ਗੁਰਤੇਜ ਸਿੰਘ ਆਈਏਐਸ ਦੀ 'ਚੱਕਰਵੀਊ' ਕਿਤਾਬ ਪੜ੍ਹੀ ਜਾ ਸਕਦੀ ਹੈ। 
ਟੌਹੜਾ-ਬਾਦਲ ਤੇ ਤਲਵੰਡੀ ਸਿਰਦਾਰ ਕਪੂਰ ਸਿੰਘ ਜੀ ਪਾਸੋਂ ਪੁੱਛਣ ਲੱਗੇ ਕਿ ਕੌਮ ਦੀ ਚੜ੍ਹਦੀਕਲਾ ਕਿਵੇਂ ਹੋ ਸਕਦੀ ਹੈ? ਸਿਰਦਾਰ ਕਪੂਰ ਸਿੰਘ ਦਾ ਜੁਆਬ ਸੀ 'ਜੇ ਤੁਸੀ ਤਿੰਨੇ ਮਰ ਜਾਓ'।
ਸ਼ਾਇਦ ਸਿਰਦਾਰ ਸਾਹਿਬ ਇਸ ਮੀਸਣੀ ਲੀਡਰਸ਼ਿਪ ਦੀ ਨਸ ਨਸ ਤੋਂ ਵਾਕਫ ਸਨ ਅਤੇ ਉਨ੍ਹਾਂ ਨੂੰ ਇਹਨਾਂ ਤੋਂ ਕੌਮ ਦੇ ਹੋਣ ਵਾਲੇ ਭਾਰੀ ਨੁਕਸਾਨ ਦਾ ਪੂਰਾ ਅੰਦਾਜ਼ਾ ਸੀ। ਇਹ ਚਰਚਾ ਪੰਥਕ ਹਲਕਿਆਂ ਵਿਚ ਆਮ ਹੈ। ਪੰਜਾਬ ਵਿੱਚ ਸੰਨ 1985 ਵਿੱਚ ਬਰਨਾਲੇ ਦੀ ਅਕਾਲੀ ਸਰਕਾਰ ਬਣੀ, 1997 ਵਿੱਚ ਬਾਦਲ ਦੀ ਅਕਾਲੀ ਸਰਕਾਰ ਬਣੀ, 2007 ਤੋਂ ਫੇਰ ਬਾਦਲ ਦੀ ਸਰਕਾਰ ਬਣੀ ਪਰ ਘੱਲੂਘਾਰਾ ਜੂਨ-84 ਦਾ ਹੋਵੇ, ਨਵੰਬਰ-84 ਹੋਵੇ ਜਾਂ 1984 ਤੋਂ 1995 ਤੱਕ ਹੋਈ ਸਿੱਖ ਨਸਲਕੁਸ਼ੀ ਹੋਵੇ, ਅਕਾਲੀਆਂ ਨੇ ਇਸ ਸਬੰਧੀ ਸਾਰੇ 'ਚੈਪਟਰ' ਬੰਦ ਕਰ ਦਿੱਤੇ ਅਤੇ ਕਦੀ ਵੀ ਮੂੰਹ ਨਹੀਂ ਖੋਲ੍ਹਿਆ।
ਜੇ ਬਾਦਲ ਜਸਵੰਤ ਸਿੰਘ ਖਾਲੜੇ ਦੀ ਗ੍ਰਿਫਤਾਰੀ ਤੇ ਚੁੱਪ ਸਨ ਤਾਂ ਪੈਂਤੜਾ ਜਥੇਦਾਰ ਗੁਰਚਰਨ ਸਿੰਘ ਟੌਹੜੇ ਦਾ ਕੋਈ ਵੱਖਰਾ ਨਹੀਂ ਸੀ। ਬਾਦਲ-ਟੌਹੜੇ ਦੀ ਆੜੀ ਕਿਸੇ ਨੂੰ ਭੁੱਲੀ ਨਹੀਂ। ਭ੍ਰਿਸ਼ਟ ਸੱਤਾਧਾਰੀ ਇਸ ਮਨੁੱਖੀ ਅਧਿਕਾਰਾਂ ਬਾਰੇ ਆਏ ਸਕੈਡਲ ਨੂੰ ਦਬਾਉਣਾ ਚਾਹੁੰਦੇ ਸਨ ਪਰ ਖਾਲੜਾ ਸ਼ਹਾਦਤ ਦੀ ਚਰਖੜੀ 'ਤੇ ਚੜ੍ਹਨ ਲਈ ਤਿਆਰ ਸਨ। ਜ਼ਮੀਰ ਮਾਰੂ ਚੁੱਪ ਖਾਲੜਾ ਨੂੰ ਮਨਜੂਰ ਨਹੀਂ ਸੀ। ਇਸ ਗ੍ਰਿਫਤਾਰੀ ਬਾਰੇ ਬਾਦਲ ਦਲ ਦਾ ਚੁੱਪ ਪੈਂਤੜਾ ਇਸ ਲਈ ਸੀ ਕਿ ਉਹ ਦਿੱਲੀ ਦੀ ਸਿਰਜੀ ਸੰਵਿਧਾਨ ਦੇ ਉਲਟ ਅਖੌਤੀ ਰਾਸ਼ਟਰਵਾਦੀ ਸਿਆਸਤ ਕਰਨਾ ਚਾਹੁੰਦੇ ਸਨ। ਪੰਜਾਬ ਦਾ ਮੀਡੀਆ ਇਸੇ ਰਾਸ਼ਟਰਵਾਦੀ ਪੈਂਤੜੇ ਤੇ ਸੀ ਕਿ ਖਾਲੜਾ ਨੂੰ ਖਾੜਕੂਵਾਦ ਨਾਲ ਇਕਮਿਕ ਕੀਤਾ ਜਾ ਸਕੇ, ਜਦ ਕਿ ਖਾਲੜਾ ਸਿਰਫ ਮਨੁੱਖੀ ਅਧਿਕਾਰਾਂ ਲਈ ਲੜ ਰਹੇ ਸਨ। ਇਹ ਗੱਲ ਨਾ ਬਾਦਲ ਦੀ ਸਿਆਸਤ ਨੂੰ ਵਾਰਾ ਖਾਂਦੀ ਸੀ, ਨਾ ਜਥੇਦਾਰ ਟੌਹੜਾ ਨੂੰ। ਉਹ ਨਹੀਂ ਚਾਹੁੰਦੇ ਸਨ ਕਿ ਜਸਵੰਤ ਸਿੰਘ ਖਾਲੜਾ ਪੰਥ ਤੇ ਪੰਜਾਬ ਦੇ ਸਿਆਸੀ ਮੰਚ 'ਤੇ ਉਭਰੇ। ਜੇ ਟੌਹੜਾ ਵੀ ਬੁਲੰਦ ਅਵਾਜ਼ ਨਾਲ ਖਾਲੜਾ ਦੇ ਹੱਕ ਵਿਚ ਖੜ੍ਹਦੇ ਤਾਂ ਮਨੁੱਖੀ ਅਧਿਕਾਰਾਂ ਦੀ ਲਹਿਰ ਖਾਲੜੇ ਦਾ ਕਤਲ ਨਹੀਂ ਸੀ ਹੋਣਾ। ਉਹ ਪੰਜਾਬ ਦੀ ਹਿੰਦੂ ਵੋਟ ਦਾ ਸਮਰਥਨ ਚਾਹੁੰਦੇ ਸਨ। ਇਹ ਦੋਸ਼ੀ ਇਸ ਲਈ ਹਨ ਕਿ ਇਹ ਲੋਕ ਮਨੁੱਖੀ ਅਧਿਕਾਰਾਂ 'ਤੇ ਸਟੈਂਡ ਨਹੀਂ ਲੈ ਸਕੇ। ਇਹਨਾਂ ਇਸ ਪੈਂਤੜੇ ਤੋਂ ਪੰਥ ਨਾਲ ਅਤੇ ਮਨੁੱਖੀ ਅਧਿਕਾਰਾਂ ਨਾਲ ਦਗਾ ਕੀਤਾ ਹੈ।