ਦਰਬਾਰ ਸਾਹਿਬ ਦੇ ਹੁਕਮਨਾਮੇ 'ਤੇ ਆਪਣੀ ਨਿਜੀ ਜਗੀਰ ਦਾ ਦਾਅਵਾ ਕਰਨ ਲੱਗਿਆ ਪੀਟੀਸੀ

ਦਰਬਾਰ ਸਾਹਿਬ ਦੇ ਹੁਕਮਨਾਮੇ 'ਤੇ ਆਪਣੀ ਨਿਜੀ ਜਗੀਰ ਦਾ ਦਾਅਵਾ ਕਰਨ ਲੱਗਿਆ ਪੀਟੀਸੀ

ਚੰਡੀਗੜ੍ਹ: ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਆਉਂਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਹੁਕਮਨਾਮਾ ਸਿੱਖ ਸਿਆਸਤ ਅਦਾਰੇ ਵੱਲੋਂ ਆਪਣੀ ਵੈੱਬਸਾਈਟ ਰਾਹੀਂ ਸਿੱਖ ਸੰਗਤਾਂ ਲਈ ਸਾਂਝਾ ਕਰਨ 'ਤੇ ਪੀਟੀਸੀ ਅਦਾਰੇ ਨੇ ਇਤਰਾਜ਼ ਦਰਜ ਕਰਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਸਿਆਸਤ ਵੱਲੋਂ ਆਪਣੇ ਫੇਸਬੁੱਕ ਖਾਤੇ 'ਤੇ ਲਿਖਿਆ ਗਿਆ, "ਪੀਟੀਸੀ ਨੇ ਸਿੱਖ ਸਿਆਸਤ ਵੱਲੋਂ ਸਿੱਖ ਸੰਗਤਾਂ ਲਈ ਸਾਂਝਾ ਕੀਤਾ ਜਾਂਦਾ ਦਰਬਾਰ ਸਾਹਿਬ ਦਾ ਹੁਕਮਨਾਮਾ ਫੇਸਬੁੱਕ ਕੋਲ ਸ਼ਿਕਾਇਤ ਕਰਕੇ ਰੁਕਵਾਇਆ।  ਦਾਅਵਾ ਕੀਤਾ ਕਿ ਦਰਬਾਰ ਸਾਹਿਬ ਦੇ ਹੁਕਮਨਾਮੇ ਦੀ ਆਵਾਜ ਉੱਤੇ ਪੂਰੀ ਦੁਨੀਆ ਵਿਚ ਸਿਰਫ ਪੀ.ਟੀ.ਸੀ. ਦਾ ਹੱਕ ਹੈ। ਅਸੀਂ ਫੇਸਬੁੱਕ ਕੋਲ ਮੋੜਵਾਂ ਦਾਅਵਾ ਪੇਸ਼ ਕੀਤਾ ਹੈ ਕਿ ਹੁਕਮਨਾਮਾ ਸਾਹਿਬ ਸਰਬ-ਸਾਂਝਾ (ਪਬਲਿਕ ਡੋਮੇਨ ਵਿੱਚ) ਹੈ ਤੇ ਕਿਸੇ ਅਦਾਰੇ ਦੀ ਜਾਗੀਰ ਨਹੀਂ ਹੈ। ਅਸੀਂ ਹੁਕਮਨਾਮਾ ਸਾਹਿਬ ਦੀ ਆਵਾਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੀ ਵੈਬਸਾਈਟ ਤੋਂ ਹਾਸਲ ਕਰਦੇ ਹਾਂ ਜਿੱਥੇ ਕਿ ਇਹ ਸਰਬ ਸੰਗਤ ਲਈ ਪਾਈ ਜਾਂਦੀ ਹੈ। ਪੀਟੀਸੀ ਕੋਲ ਜਵਾਬ ਦੇਣ ਲਈ 16 ਜਨਵਰੀ ਤੱਕ ਦਾ ਸਮਾਂ ਹੈ। ਇਸ ਮਾਮਲੇ ਦਾ ਫੇਸਬੁੱਕ ਨੇ ਜੋ ਵੀ ਨਤੀਜਾ ਕੱਢਿਆ ਉਹ ਪਾਠਕਾਂ ਨਾਲ ਸਾਂਝਾ ਕਰ ਦਿਆਂਗੇ।"

ਜ਼ਿਕਰਯੋਗ ਹੈ ਕਿ ਪੀਟੀਸੀ ਵੱਲੋਂ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ। ਇਹ ਪ੍ਰਸਾਰਣ ਕਰਨ ਦੇ ਹੱਕ ਸਿਰਫ ਇੱਕ ਵਪਾਰਕ ਅਦਾਰੇ ਨੂੰ ਦੇਣ 'ਤੇ ਸਿੱਖ ਸੰਗਤਾਂ ਵੱਲੋਂ ਬਹੁਤ ਵਾਰ ਸਵਾਲ ਖੜ੍ਹੇ ਕੀਤੇ ਗਏ ਹਨ। ਪਰ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਪੀਟੀਸੀ ਵਿੱਚ ਬਾਦਲ ਪਰਿਵਾਰ ਦੀ ਹਿੱਸੇਦਾਰੀ ਕਾਰਨ ਹੀ ਇਹ ਹੱਕ ਪੀਟੀਸੀ ਨੂੰ ਮਿਲੇ ਹੋਏ ਹਨ। ਪਰ ਹੁਣ ਪੀਟੀਸੀ ਵੱਲੋਂ ਹੁਕਮਨਾਮਾ ਸਾਹਿਬ ਨੂੰ ਆਪਣੀ ਨਿੱਜੀ ਜਗੀਰ ਬਣਾ ਕੇ ਉਸ 'ਤੇ ਦਾਅਵਾ ਪੇਸ਼ ਕਰਨਾ ਹੋਰ ਨਵੇਂ ਵਿਰੋਧਾਂ ਨੂੰ ਜਨਮ ਦੇ ਸਕਦਾ ਹੈ।

 
ਦਾਅਵੇ ਤੇ ਮੋੜਵੇਂ ਦਾਅਵੇ ਦੀ ਤਸਵੀਰ 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।