ਕੁਕਨੂਸ ਦੀ ਹੋਣੀ

ਕੁਕਨੂਸ ਦੀ ਹੋਣੀ

ਕੁਕਨੂਸ ਇਕ ਖਿਆਲੀ ਪੰਛੀ ਹੈ ਜਿਸ ਬਾਰੇ ਮਿੱਥ ਹੈ ਕਿ ਇਹ ਜਦ ਆਪਣੇ ਖੰਭ ਫੈਲਾਉਂਦਾ ਅਤੇ ਉਡਾਰੀ ਲਾਉਂਦਾ ਹੈ ਤਾਂ ਇਨ੍ਹਾਂ ਦੀ ਥਰਥਰਾਹਟ ਵਿਚੋਂ ਖਾਸ ਸੰਗੀਤ (ਰਾਗ) ਉਪਜਦਾ ਹੈ ਜਿਸ ਨਾਲ ਇਸ ਦੇ ਖੰਭਾਂ ਨੂੰ ਅੱਗ ਲੱਗ ਜਾਂਦੀ ਹੈ ਅਤੇ ਇਹ ਸੜ ਕੇ ਰਾਖ ਹੋ ਜਾਂਦਾ ਹੈ ਤੇ ਇਸ ਦਾ ਰਾਖ ਵਿਚੋਂ ਫਿਰ ਅੰਡਾ ਪੈਦਾ ਹੁੰਦਾ ਹੈ ਜਿਸ ਵਿਚੋਂ ਨਵਾਂ ਚੂਚਾ ਨਿਕਲਦਾ ਹੈ ਫਿਰ ਉਹ ਜਵਾਨ ਹੁੰਦਾ ਵਿਗਸਦਾ ਹੈ ਤੇ ਫਿਰ ਉਸ ਨਾਲ ਉਹੀ ਹੋਣੀ ਵਾਪਰਦੀ ਹੈ। ਸਿੱਖ ਕੌਮ ਦਾ ਨਿਆਰਾਪਣ ਵੀ ਕੁਕਨੂਸ ਦੀ ਨਿਆਈਂ ਹੈ। ਸਿਰਫ਼ ਪੰਜ ਸਦੀਆਂ ਦੇ ਛੋਟੇ ਜਿਹੜੇ ਇਤਿਹਾਸ ਵਿਚ ਇਸ ਕੌਮ ’ਤੇ ਜੋ ਝੱਖੜ ਝੁੱਲੇ, ਜ਼ੁਲਮ ਦੀਆਂ ਹਨੇਰੀਆਂ ਚੱਲੀਆਂ, ਇਸ ਨੂੰ ਬੇਇੱਜ਼ਤ ਅਤੇ ਬੇਪਤ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਉਹ ਆਪਣੇ ਆਪ ਵਿਚ ਇਕ ਮਿਸਾਲ ਹੈ। ਪ੍ਰੋ. ਮੋਹਨ ਸਿੰਘ ਦੀ ਜਗਤ ਪ੍ਰਸਿੱਧ ਕਵਿਤਾ ‘ਸਿੱਖੀ ਦਾ ਬੂਟਾ’ ਵਿਚੋਂ ਇਸ ਕੌਮ ਦੇ ਕਿਰਦਾਰ ਅਤੇ ਨਿਆਰੇਪਣ ਦੀ ਸਾਖਿਆਤ ਤਸਵੀਰ
ਸਾਹਮਣੇ ਆ ਜਾਂਦੀ ਹੈ। ਅੱਜ ਸਿੱਖ ਦੁਨੀਆ ਦੇ ਲਗਭਗ ਸਾਰੇ ਮੁਲਕਾਂ ਵਿਚ ਵਸਦਾ ਹੈ, ਉੱਤਰੀ ਅਮਰੀਕਾ ਦੇ ਕੈਨੇਡਾ ਅਤੇ ਯੂ.ਐਸ. ਵਿਚ ਤਾਂ ਕਿੰਨੇ ਹੀ ਪੰਜਾਬ ਵਸੇ ਹੋਏ ਹਨ। ਇਸੇ ਤਰ੍ਹਾਂ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹੋਰ ਪੱਛਮੀ ਮੁਲਕਾਂ ਵਿਚ ਵੀ ਸਿੱਖਾਂ ਦਾ ਕਾਫ਼ੀ ਵਸੇਬਾ ਹੈ। ਪਿਛਲੇ ਹਫ਼ਤੇ ਸਿੱਖੀ ਦੇ ਮੂਲ ਸਥਾਨ ਨਨਕਾਣਾ ਸਾਹਿਬ ਵਿਖੇ ਵਾਪਰੀ ਇਕ ਮੰਦਭਾਗੀ ਘਟਨਾ ਨੇ ਪੂਰੀ ਦੁਨੀਆ ਦੇ ਸਿੱਖਾਂ ਦਾ ਧਿਆਨ ਖਿੱਚਿਆ ਹੈ। ਇਹ ਘਟਨਾ ਬਹੁਤ ਸਾਰੇ ਪਹਿਲੂਆਂ ਤੋਂ ਖਾਸ ਤਵੱਜੋ ਦੀ ਮੰਗ ਕਰਦੀ ਹੈ। ਨਨਕਾਣਾ ਸਾਹਿਬ ਦੇ ਗੁਰਦੁਆਰਾ ਜਨਮ ਅਸਥਾਨ ਜੋ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਮਾਨ ਹੋਣ ਨਾਲ ਸਬੰਧਤ ਹੈ, ਦੇ ਬਾਹਰ ਇਕ ਸਿਰਫ਼ਰੇ ਕੱਟੜਪੰਥੀ ਦੇ ਇਸ਼ਾਰੇ ’ਤੇ ਪਾਕਿਸਤਾਨ ਦੇ ਕੁਝ ਲੋਕਾਂ ਵਲੋਂ ਧਰਨਾ ਦੇਣਾ ਅਤੇ ਨਾਹਰੇਬਾਜ਼ੀ ਤੇ ਪਥਰਾਓ ਕਰਨਾ ਜਿੱਥੇ ਉਸ ਦੇਸ਼ ਵਿਚ ਘੱਟਗਿਣਤੀ ਸਿੱਖਾਂ ਦੀ ਸੁਰੱਖਿਆ ਅਤੇ ਆਜ਼ਾਦੀ ਉਪਰ ਸੁਆਲੀਆ ਨਿਸ਼ਾਨ ਲਾਉਂਦਾ ਹੈ, ਉਥੇ ਇਸ ਘਟਨਾ ਨੂੰ ਲੈ ਕੇ ਭਾਰਤ ਅਤੇ ਹੋਰਨਾਂ ਥਾਵਾਂ 'ਤੇ ਹੋ ਰਹੀ ਸਿਆਸਤ ਵੱਲ ਵੀ ਸੁਚੇਤ ਕਰਦਾ ਹੈ।

ਜੇਕਰ ਸਿਆਸਤ ਨੂੰ ਇਕ ਪਾਸੇ ਰੱਖ ਕੇ ਸੋਚਿਆ ਜਾਵੇ ਤਾਂ ਨਨਕਾਣਾ ਸਾਹਿਬ ਪਾਕਿਸਤਾਨ ਦੇ ਸਾਰੇ ਮਜ੍ਹਬਾਂ ਦੇ ਲੋਕਾਂ ਲਈ ਉਨਾ ਹੀ ਮੁਕੱਦਸ ਹੈ ਜਿੰਨਾ ਸਿੱਖਾਂ ਲਈ ਅਤੇ ਹਰ ਫਿਰਕੇ ਦੇ ਲੋਕ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿਚ ਨਤਮਸਤਕ ਹੁੰਦੇ ਹਨ, ਪਰ ਇਹ ਘਟਨਾ ਐਨ ਉਸ ਸਮੇਂ ਵਾਪਰੀ ਜਦ ਭਾਰਤ ਵਿਚ ਇਥੋਂ ਦੀ ਪਾਰਲੀਮੈਂਟ ਵਲੋਂ ਪਾਸ ਕੀਤੇ ਨਵੇਂ ਨਾਗਰਿਕਤਾ ਕਾਨੂੰਨ ਖਿਲਾਫ਼ ਨੌਜਵਾਨਾਂ, ਘੱਟਗਿਣਤੀਆਂ ਅਤੇ ਜਮਹੂਰੀਅਤ ਪਸੰਦ ਲੋਕਾਂ ਵਲੋਂ ਅੰਦੋਲਨ ਚੱਲ ਰਿਹਾ ਸੀ। ਇਹ ਘਟਨਾ ਭਾਵੇਂ ਇਤਫਾਕ ਹੋ ਸਕਦੀ ਹੈ ਪਰ ਇਸ ਨੇ ਭਾਰਤੀ ਹਕੂਮਤ ਵਲੋਂ ਬਣਾਏ ਨਵੇਂ ਕਾਨੂੰਨ ਉਪਰ ਇਸ ਤਰੀਕੇ ਨਾਲ ਮੋਹਰ ਲਾ ਦਿੱਤੀ ਕਿ ਉਹ ਇਕ ਹਕੀਕਤ ਜਾਪਣ ਲੱਗ ਪਈ। ਭਾਰਤੀ ਹਾਕਮਾਂ ਨੇ ਇਸ ਘਟਨਾ ਦੇ ਹਵਾਲੇ ਦੇ ਕੇ ਵਾਰ ਵਾਰ ਨਵੇਂ ਨਾਗਰਿਕਤਾ ਕਾਨੂੰਨ ਦੇ ਹੱਕ ਵਿਚ ਬਿਆਨਬਾਜ਼ੀ ਕੀਤੀ। ਬਹੁਤ ਸਾਰੀਆਂ ਜਥੇਬੰਦੀਆਂ ਅਤੇ ਸਿਆਸੀ ਮਾਹਰਾਂ ਵਲੋਂ ਇਸ ਘਟਨਾ ਨੂੰ ਭਾਰਤੀ ਖੂਫ਼ੀਆ ਏਜੰਸੀਆਂ ਦੀ ਸ਼ਰਾਰਤ ਵੀ ਕਿਹਾ ਜਾ ਰਿਹਾ ਹੈ ਪਰ ਕੋਈ ਵੀ ਅਮਨ ਪਸੰਦ ਸ਼ਹਿਰੀ ਅਜਿਹੀ ਘਟਨਾ ਨੂੰ ਜ਼ਾਤੀ ਜਾਂ ‘ਸ਼ਰਾਰਤ’ ਕਹਿ ਕੇ ਨਜ਼ਰਅੰਦਾਜ ਨਹੀਂ ਕਰ ਸਕਦਾ। ਇਹ ਗੱਲ ਵਾਰ ਵਾਰ ਸਾਹਮਣੇ ਆਉਂਦੀ ਹੈ ਕਿ ਪਾਕਿਸਤਾਨ ਵਿਚ ਘੱਟਗਿਣਤੀਆਂ ਖਾਸ ਕਰਕੇ ਹਿੰਦੂ ਅਤੇ ਸਿੱਖ ਮਹਿਫ਼ੂਜ਼ ਨਹੀਂ ਹਨ। ਕਿਉਂਕਿ ਉਨ੍ਹਾਂ ਨੂੰ ਆਪਣੇ ਅਕੀਦੇ ਅਨੁਸਾਰ ਜਿੰਦਗੀ ਬਸ਼ਰ ਨਹੀਂ ਕਰਨ ਦਿੱਤੀ ਜਾਂਦੀ। ਨਨਕਾਣਾ ਸਾਹਿਬ ਦੀ ਘਟਨਾ ਤੋਂ ਦੋ ਤਿੰਨ ਦਿਨ ਬਾਅਦ ਹੀ ਉੱਤਰ ਪੱਛਮੀ ਫਰੰਟੀਅਰ ਸੂਬੇ ਪੇਸ਼ਾਵਰ ਵਿਚ ਇਕ ਸਿੱਖ ਨੌਜਵਾਨ ਦਾ ਕਤਲ ਹੋ ਜਾਂਦਾ ਹੈ। ਭਾਰਤ ਦੇ ਹਾਕਮ ਭਾਰਤੀ ਜਨਤਾ ਪਾਰਟੀ ਅਤੇ ਇਸ ਦੇ ਹੋਰ ਨੇਤਾ ਵਾਰ ਵਾਰ ਇਹ ਦੁਹਰਾ ਰਹੇ ਹਨ ਕਿ ਪਾਕਿਸਤਾਨ ਭਾਰਤ ਦਾ ਕੱਟੜ ਦੁਸ਼ਮਣ ਹੈ ਜਿਸ ਕਾਰਨ ਉਥੋਂ ਦੇ ਕੱਟੜਪੰਥੀਆਂ ਵਲੋਂ ਉੱਥੇ ਹਿੰਦੂ-ਸਿੱਖਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਅਜੇ ਦੋ ਮਹੀਨੇ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੀ ਸਰਕਾਰ ਨੇ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਲਈ ਡੇਰਾ ਬਾਬਾ ਨਾਨਕ ਤੋਂ ਲਾਂਘਾ ਖੋਲ੍ਹਿਆ ਹੈ ਜਿੱਥੇ ਸ਼ਰਧਾਲੂ ਦਰਸ਼ਨਾਂ ਲਈ ਜਾ ਰਹੇ ਹਨ। ਨਨਕਾਣਾ ਸਾਹਿਬ ਦੀ ਇਸ ਘਟਨਾ ਤੇ ਵੀ ਉਥੋਂ ਦੀ ਹਕੂਮਤ ਨੇ ਕਰੜਾ ਰੁਖ ਅਖਤਿਆਰ ਕੀਤਾ ਹੈ ਅਤੇ ਇਮਰਾਨ ਚਿਸ਼ਤੀ ਤੇ ਹੋਰਨਾਂ ਖਿਲ਼ਾਫ਼ ਮੁਕੱਦਮੇ ਦਰਜ ਕੀਤੇ ਹਨ। ਉਧਰ ਭਾਰਤ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਵਿਰੋਧੀ ਧਿਰ ਕਾਂਗਰਸ ਕੁਝ ਸਿੱਖਾਂ ਨੂੰ ਲੈ ਕੇ ਪਾਕਿਸਤਾਨੀ ਸਫਾਰਤਖਾਨਿਆਂ ਅੱਗੇ ਮੁਜ਼ਾਹਰੇ ਕਰ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲੱਗੀਆਂ ਹੋਈਆਂ ਹਨ।

ਜੇਕਰ ਸਿੱਖ ਇਤਿਹਾਸ ਅਤੇ ਪੰਜਾਬ ਦੇ ਇਤਿਹਾਸ ਉਪਰ ਸਰਸਰੀ  ਨਜ਼ਰ ਮਾਰੀਏ ਤਾਂ ਇਕ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਮਾਨਵਤਾ ਦਾ ਸੰਦੇਸ਼ ਦਿੱਤਾ। ਮੁਸਲਮਾਨ ਅਤੇ ਹਿੰਦੂ ਦੋਵੇਂ ਮਜ੍ਹਹਬਾਂ ਦੇ ਲੋਕ ਸਮਾਜਿਕ ਅਤੇ ਸੱਭਿਆਚਾਰਕ ਤੌਰ ’ਤੇ ਬਿਲਕੁਲ ਇਕ ਦੂਜੇ ਦੇ ਉਲਟ ਉੱਤਰੀ ਅਤੇ ਦੱਖਣੀ ਧਰੁਵਾਂ ਤੇ ਖੜ੍ਹੇ ਸਨ। ਗੁਰੂ ਸਾਹਿਬ ਨੇ ਦੋਹਾ ਫਿਰਕਿਆਂ ਵਿਚਕਾਰ ਇਕ ਪੁਲ ਦਾ ਕੰਮ ਕੀਤਾ ਅਤੇ ਇਹੋ ਇਕ ਵੱਡਾ ਇਤਿਹਾਸਕ ਕਾਰਨ ਹੈ ਕਿ ਤੁਰਕਾਂ, ਮੁਗਲਾਂ ਅਤੇ ਦੁਰਾਨੀਆਂ ਦੇ ਖਿਲਾਫ਼ ਸਿੱਖਾਂ ਦੇ ਲੰਮੇ ਸੰਘਰਸ਼ ਅਤੇ ਹਥਿਆਰਬੰਦ ਜੰਗਾਂ ਦੇ ਬਾਵਜੂਦ 1947 ਵਿਚ ਹਿੰਦੂ ਸਿੱਖ ਅਤੇ ਮੁਸਲਮਾਨ ਇਕੋ ਸੱਭਿਆਚਾਰਕ ਲੜੀ ਵਿਚ ਪਰੋਏ ਰਹੇ। ਹਿੰਦੋਸਤਾਨ ਦੇ ਬਟਵਾਰੇ ਸਮੇਂ ਜੋ ਵੀ ਹਿੰਦੂ ਸਿੱਖ ਪਾਕਿਸਤਾਨ ਵਿਚ ਰਹੇ, ਉਹ ਕਿਸੇ ਮਜਬੂਰੀ ਵਸ ਨਹੀਂ ਸਗੋਂ ਉਸ ਸਰਜ਼ਮੀਂ ਨਾਲ ਆਪਣੀ ਸਾਂਝ ਅਤੇ ਰਹਿਤਲ ਦੀ ਪਸੰਦ ਕਰਕੇ ਰਹੇ ਸਨ।

ਸੰਸਾਰ ਪੱਧਰ ਵਿਚ ਸਿੱਖਾਂ ਦੀ ਮੌਜੂਦਾ ਸਥਿਤੀ ਉਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਵੀ ਧਿਆਨ ਦੀ ਮੰਗ ਕਰਦਾ ਹੈ। ਜਿਨ੍ਹਾਂ ਨੇ ਕਿਹਾ ਕਿ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਸਿੱਖ ਮਹਿਫ਼ੂਜ ਨਹੀਂ ਹਨ। ਉਨ੍ਹਾਂ ਦਾ ਇਸ਼ਾਰਾ ਪਿੱਛੇ ਜਿਹੇ ਭਾਰਤ ਵਿਚ ਵਾਪਰੀਆਂ ਦੋ ਤਿੰਨ ਘਟਨਾਵਾਂ ਵੱਲ ਵੀ ਸੀ, ਜਿੱਥੇ ਸਿੱਖਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ। 11 ਸਤੰਬਰ 2001 ਨੂੰ ਨਿਊਯਾਰਕ ਵਿਚ ਵਰਲਡ ਟਰੇਡ ਸੈਂਟਰ ਉਪਰ ਹੋਏ ਦਹਿਸ਼ਤੀ ਹਮਲੇ ਜਿਸ ਵਿਚ 2977 ਜਾਨਾਂ ਗਈਆਂ ਸਨ ਤੋਂ ਬਾਅਦ ਉੱਤਰੀ ਅਮਰੀਕਾ ਖਾਸ ਕਰਕੇ ਯੂ.ਐਸ. ਵਿਚ ਸਿੱਖਾਂ ਲਈ ਸ਼ਨਾਖਤ ਦਾ ਸੰਕਟ ਖੜ੍ਹਾ ਹੋ ਗਿਆ ਸੀ, ਜਿਸ ਨੂੰ ਭਾਈਚਾਰੇ ਨੇ ਸੰਗਠਤ ਕੋਸ਼ਿਸ਼ਾਂ ਅਤੇ ਵਿਦਿਅਕ ਪ੍ਰੋਗਰਾਮਾਂ ਨਾਲ ਦੂਰ ਕੀਤਾ। ਵਿਦੇਸ਼ਾਂ ਵਿਚ ਵਸਦਾ ਸਿੱਖ ਭਾਈਚਾਰਾ ਸਮਾਜ ਸੇਵਾ ਅਤੇ ਮਾਨਵਤਾ ਦੇ ਕਾਰਜਰਾਂ ਵਿਚ ਹਮੇਸ਼ਾ ਮੋਹਰੀ ਰਹਿੰਦਾ ਹੈ। ਹਾਲ ਹੀ ਵਿਚ ਆਸਟ੍ਰੇਲੀਆ ਵਿਚ ਲੱਗੀ ਭਿਆਨਕ ਅੱਗ ਦੇ ਪੀੜਤਾਂ ਨੂੰ ਫੌਰੀ ਰਾਤ ਪਹੁੰਚਾਉਣ ਵਿਚ ਸਿੱਖ ਭਾਈਚਾਰੇ ਦੇ ਵਲੰਟੀਅਰਾਂ ਦੀ ਭੂਮਿਕਾ ਦਾ ਕੌਮਾਂਤਰੀ ਮੀਡੀਆ ਨੇ ਵੀ ਨੋਟਿਸ ਲਿਆ ਹੈ। ਇਸ ਤਰ੍ਹਾਂ ਗੁਰੂ ਸਾਹਿਬਾਨ ਦੇ ‘ਸਰਬੱਤ ਦੇ ਭਲੇ’ ਦੇ ਸਿੱਧਾਂਤ ਉਪਰ ਚੱਲ ਰਹੀ ਸਿੱਖ ਕੌਮ ਸਮਾਜਿਕ ਅਤੇ ਰਾਜਨੀਤਕ ਤੌਰ ’ਤੇ ਔਕੜਾਂ ਦਾ ਸਾਹਮਣਾ ਵੀ ਕਰ ਰਹੀ ਹੈ ਪਰ ਫਿਰ ਸਮਾਜ ਸੇਵਾ ਦੇ ਕਾਰਜਾਂ ਵਿਚ ਅੱਗੇ ਹੋ ਕੇ ਜੁਟ ਜਾਂਦੀ ਹੈ। ‘ਸੱਪਾਂ ਨੂੰ ਦੁੱਧ ਪਿਲਾਉਣ’ ਦਾ ਵੱਲ ਵੀ ਇਸੇ ਕੌਮ ਕੋਲ ਹੀ ਹੈ। ਇਸ ਸਾਲ ਜਦ ਸਿੱਖ ਕੌਮ ਆਪਣੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਤਾਬਦੀ ਮਨਾਉਣ ਜਾ ਰਹੀ ਹੈ ਤਾਂ ਪਿਛਲੀ ਸਦੀ ਦੇ 20ਵੇਂ ਦਹਾਕੇ ਵਿਚ ਹੋਂਦ ਵਿਚ ਆਈ ਸਿੱਖਾਂ ਦੀ ਸਿਆਸੀ ਧਿਰ ਸ਼੍ਰੋਮਣੀ ਅਕਾਲੀ ਦਲ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਵੀ ਕੀਤਾ ਜਾਣਾ ਹੈ ਜਿਸ ਨੇ ਸਮੇਂ ਸਮੇਂ ਸਿੱਖਾਂ ਦੇ ਮਸਲਿਆਂ ਨੂੰ ਕੇਂਦਰੀ ਸਥਾਨ ਤੇ ਵੀ ਲਿਆਂਦਾ ਅਤੇ ਇਸ ਦੇ ਨੇਤਾਵਾਂ ਨੇ ਆਪਣੇ ਜ਼ਾਤੀ ਮੁਫ਼ਾਦ ਲਈ ਸਮੁੱਚੀ ਕੌਮ ਦੇ ਹਿੱਤਾਂ ਨੂੰ ਦਾਅ ਤੇ ਵੀ ਲਾਇਆ। ਉੱਘੇ ਪੰਜਾਬੀ ਪ੍ਰਸ਼ਾਸਕ, ਚਿੰਤਕ ਅਤੇ ਲੇਖਕ ਡਾ. ਮਹਿੰਦਰ ਸਿੰਘ ਰੰਧਾਵਾ ਨੇ 1947 ਦੇ ਬਟਵਾਰੇ ਮਗਰੋਂ ਭਾਰਤ ਵਿਚ ਸਿੱਖਾਂ ਦੇ ਮੁੜ ਵਸੇਬੇ ਸਮੇਂ ਲਿਖੀ ਪੁਸਤਕ ‘ਆਊਟ ਆਫ਼ ਐਸ਼ਜ਼ (ਰਾਖ ’ਚੋਂ ਉਪਜੇ)’ ਵੀ ਸਿੱਖ ਕੌਮ ਦੇ ਕੁਕਨੂਸ ਵਾਲੇ ਚਰਿਤਰ ਨੂੰ ਦੁਹਰਾਉਂਦੀ ਹੈ। ਮੌਜੂਦਾ ਸਥਿਤੀ ਵਿਚ ਜਦ ਇਕ ਪਾਸੇ ਸਮੁੱਚੀ ਕੌਮ ਮਾਨਵਤਾ ਦੇ ਭਲੇ ਦੀਆਂ ਅਰਦਾਸਾਂ ਅਤੇ ਕਾਰਜਾਂ ਵਿਚ ਜੁਟੀ ਹੋਈ ਹੈ ਦੂਜੇ ਪਾਸੇ ਭਾਰਤੀ ਰਾਜਤੰਤਰ ਸਿੱਖਾਂ ਨੂੰ ਵਡੇਰੀ ਹਿੰਦੂ ਤਾਕਤ ਦਾ ਹਿੱਸਾ ਬਣਾਉਣ ਲਈ ਆਤੁਰ ਹੈ। ਇਸ ਲਈ ਸਾਰੀਆਂ ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਕ ਗਤੀਵਿਧੀਆਂ ਨੂੰ ਗੁਰੂ ਨਾਨਕ ਸਾਹਿਬ ਦੇ ਇਸ ਉਪਦੇਸ਼ ‘ ਨਾ ਹਮ ਹਿੰਦੂ ਨਾ ਹਮ ਮੁਸਲਮਾਨ’ ਦੀ ਰੋਸ਼ਨੀ ਵਿਚ ਵੇਖਿਆ ਜਾਣਾ ਚਾਹੀਦਾ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।