ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 'ਅੱਜ ਦਾ ਸ਼ਬਦ' ਇੱਕ ਲਾਭਦਾਇਕ ਕਦਮ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 'ਅੱਜ ਦਾ ਸ਼ਬਦ'  ਇੱਕ ਲਾਭਦਾਇਕ ਕਦਮ

ਪੰਜਾਬ ਸਕੂਲ ਸਿੱਖਿਆ ਬੋਰਡ ਦਾ ਇੱਕ ਹੋਰ ਚੰਗਾ ਕਦਮ ਹੈ- "ਅੱਜ ਦਾ ਸ਼ਬਦ"। ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹਰ ਰੋਜ਼ ਸਵੇਰ ਦੀ ਸਭਾ ਵਿਚ ਇਕ ਸ਼ਬਦ ਪੰਜਾਬੀ ਦਾ ਅਤੇ ਇੱਕ ਸ਼ਬਦ ਅੰਗਰੇਜ਼ੀ ਦਾ ਵਟਸਐਪ ਦੇ ਜਰੀਏ ਭੇਜਿਆ ਜਾ ਰਿਹਾ ਹੈ। ਅਧਿਆਪਕ ਵਿਦਿਆਰਥੀਆਂ ਨੂੰ ਇਸ ਸ਼ਬਦ ਦਾ ਅਰਥ ਦਸਦੇ ਹਨ ਅਤੇ ਉਨ੍ਹਾਂ ਨੂੰ ਇਸ ਸ਼ਬਦ ਦਾ ਇਤਿਹਾਸ ਵੀ ਦੱਸਦੇ ਹਨ। ਇਸ ਸ਼ਬਦ ਦੇ ਨਾਲ ਸਬੰਧਤ ਹੋਰ ਬਹੁਤ ਸਾਰੇ ਸ਼ਬਦ ਵੀ ਚੇਤੇ ਕਰਵਾਏ ਜਾਂਦੇ ਹਨ। 

ਇਹ ਇੱਕ ਚੰਗਾ ਕਦਮ ਹੈ। ਇਸ ਨਾਲ ਬੱਚੇ ਆਪਣੇ ਸੱਭਿਆਚਾਰ ਨੂੰ ਵੀ ਸਮਝਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਸ਼ਬਦ ਭੰਡਾਰ ਨੂੰ ਦਰੁਸਤ ਕਰਨ ਦਾ ਅਤੇ ਨਵੇਂ ਸ਼ਬਦ ਸਿੱਖਣ ਦਾ ਉਤਸਾਹ ਮਿਲਦਾ ਹੈ ਜੋ ਕਿ ਅਜੋਕੇ ਵਕਤ ਦੀ ਲੋੜ ਹੈ। ਇਸ ਪ੍ਰਕਿਰਿਆ ਵਿਚ ਇੱਕਲੇ ਵਿਦਿਆਰਥੀ ਹੀ ਸਾਮਲ ਨਹੀਂ ਸਗੋਂ ਅਧਿਆਪਕ ਵੀ  ਸ਼ਮੂਲੀਅਤ ਕਰਦੇ ਹਨ। ਇਥੋਂ ਤੱਕ ਕਿ ਸਿੱਖਿਆ ਵਿਭਾਗ ਦੇ ਵੱਡੇ ਅਫਸਰ ਵੀ ਇਸ ਵਿੱਚ ਸਾਮਿਲ ਹੋ ਕੇ ਇਸ ਕਾਰਵਾਈ ਨੂੰ ਚਾਰ ਚੰਨ ਲਾਉਂਦੇ ਹਨ।  ਮੁੰਹਿਮ ਸਾਨੂੰ ਕੁੱਝ ਨਾ ਕੁੱਝ ਜਰੂਰ ਸਿਖਾਉਂਦੀ ਹੈ। ਜੇ ਅੱਜ ਦੇ ਸ਼ਬਦ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਸ਼ਬਦ ਅਜਿਹੇ ਵੀ ਹਨ ਜਿਨ੍ਹਾਂ ਤੋਂ ਅਧਿਆਪਕ ਵੀ ਅਣਜਾਣ ਸਨ । ਜਿਵੇਂ ਅਉਧੂ, ਉਨਾਬ, ਆਰਸੀ, ਮਣਾਂ, ਛਮਾਸ, ਖਾਰੀ ਆਦਿ ਸਬਦ ਸਾਡੇ ਲਈ ਨਵੇਂ ਸਾਬਤ ਹੋਏ। ਕਈ ਅਲਫਾਜ਼ ਸਾਨੂੰ ਆਪਣੇ ਅਤੀਤ ਨਾਲ ਵੀ ਜੋੜਦੇ ਹਨ ਜਿਵੇਂਕਿ ਕਸੀਦਾ, ਪਰਾਗਾ, ,ਉਖਲੀ, ਹਲ੍ਹ, ਪੰਜਾਲੀ, ਝਲਾਨੀ, ਟਿੰਡ, ਖੂਹ, ਵਿੱਘਾ, ਪੱਤਲ, ਗੋਪੀਆ, ਵਹਿੰਗੀ ਆਦਿ। ਏਸੇ ਤਰ੍ਹਾਂ ਅੰਗਰੇਜ਼ੀ ਦੇ ਸ਼ਬਦ ਵੀ ਸਾਡੇ ਲਈ ਲਾਭਦਾਇਕ ਸਾਬਿਤ ਹੋਏ ਹਨ। 

ਇੰਗਲਿਸ਼ ਵਿੱਚ ਆਇਆ  ਫਰੈਂਚ ਭਾਸ਼ਾ ਦਾ ਸ਼ਬਦ  'ਪਾਓਪੁਅਰੀ' ਕਦੇ ਸੁਣਿਆ ਹੀ ਨਹੀਂ ਸੀ। ਕਈ 'ਫਰਲੋ' ਸ਼ਬਦ ਨੂੰ ਪੰਜਾਬੀ ਦਾ ਹੀ ਸਮਝਦੇ ਸੀ। ਇਹ ਡੱਚ ਭਾਸ਼ਾ ਚੋਂ ਨਿਕਲਿਆ ਅੰਗਰੇਜ਼ੀ ਦਾ ਅਲਫਾਜ਼ ਹੈ।  ਅੰਗਰੇਜ਼ੀ ਦਾ ਕਿਹੜਾ ਸ਼ਬਦ ਕਿਹੜੇ ਰੂਟ  ਸ਼ਬਦ ਤੋਂ ਬਣਿਆ ਹੈ , ਇਹ ਵੀ ਬਹੁਤ ਦਿਲਚਸਪ  ਤਰੀਕਿਆਂ ਨਾਲ ਦੱਸਿਆ ਜਾਂਦਾ ਹੈ। ਮੇਰੇ ਨਿੱਜੀ ਤਜਰਬੇ ਮੁਤਾਬਕ ਇਸ ਨਾਲ ਬੱਚਿਆਂ ਅੰਦਰ ਨਵੀਂ ਉਮੀਦ ਪੈਦਾ ਹੁੰਦੀ ਹੈ। ਉਹਨਾਂ ਅੰਦਰ ਇੱਕ ਨਵਾਂ ਚਾਅ ਉਮੜਦਾ ਹੈ। ਕੁਇਜ ਦੌਰਾਨ ਉਨ੍ਹਾਂ ਦਾ ਪੂਰਾ ਧਿਆਨ ਕੇਂਦਰਿਤ ਹੋ ਕੇ ਸਿੱਖਣ ਪ੍ਰਕਿਰਿਆ ਵੱਲ ਲੱਗਦਾ ਹੈ।  ਬਿਨ੍ਹਾਂ ਸ਼ੱਕ ਇਹ ਇੱਕ ਬੜੀ ਵੱਡਮੁੱਲੀ ਕਿਰਿਆ ਹੈ ਜੋ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਚੱਲ ਰਹੀ ਹੈ। 

ਪਰ ਜੇਕਰ ਅਸੀਂ ਚਾਹੁੰਦੇ ਹਾਂ ਕਿ ਇਸ ਦੇ ਸਾਰਥਕ ਨਤੀਜੇ ਸਾਡੇ ਸਾਹਮਣੇ ਆਉਣ ਤਾਂ ਸਾਨੂੰ ਇਸ ਵਿੱਚ ਆਪਣੀ ਬਣਦੀ ਭੂਮਿਕਾ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ। ਚਾਹੇ ਸਾਡਾ ਆਹੁਦਾ ਕੋਈ ਵੀ ਹੈ ਸਾਨੂੰ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਦੂਜੀ ਗੱਲ ਇਹ ਪ੍ਰਕਿਰਿਆ ਪਾਠਕ੍ਰਮ ਦੇ ਨਾਲ ਨਾਲ ਚੱਲ ਰਹੀ ਹੈ, ਇਸ ਲਈ ਇਸ ਨੂੰ ਓਨਾ ਕੁ ਸਮਾਂ ਦੇਣਾ ਚਾਹੀਦਾ ਹੈ ਜਿੰਨੀ ਕੁ ਲੋੜ ਹੈ। ਅਗਰ ਅਸੀਂ ਬਹੁਤ ਸਾਰਾ ਸਮਾਂ ਇਸ ਕਿਰਿਆ ਵਿਚ ਹੀ ਲਗਾ ਦਿੱਤਾ ਫੇਰ ਪਾਠਕ੍ਰਮ ਪਿੱਛੇ ਰਹਿ ਜਾਵੇਗਾ ਜੋ ਕਿ ਮੁੱਖ ਕਿਰਿਆ ਹੈ।  ਸੋ ਉਮੀਦ ਹੈ ਕਿ ਭੱਵਿਖ ਵਿੱਚ ਇਹ ਕਿਰਿਆ ਵਿਭਾਗ ਵੱਲੋਂ ਚਲਦੀ ਰਹੇਗੀ , ਅਸੀਂ ਸਾਰੇ ਆਪਣਾ ਯੋਗਦਾਨ ਪਾਉਂਦੇ ਰਹਾਂਗੇ ਤੇ ਇਸ ਦੇ ਸਾਰਥਕ ਨਤੀਜੇ ਸਾਡੇ ਸਾਹਮਣੇ ਆਉਣਗੇ। 

ਕੇਵਲ ਸਿੰਘ ਧਰਮਪੁਰਾ