ਸੁਪਰੀਮ ਕੋਰਟ ਨੇ ਪੱਤਰਕਾਰ ਪਰਸ਼ਾਂਤ ਕਨੋਜੀਆ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ

ਸੁਪਰੀਮ ਕੋਰਟ ਨੇ ਪੱਤਰਕਾਰ ਪਰਸ਼ਾਂਤ ਕਨੋਜੀਆ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ

ਨਵੀਂਂ ਦਿੱਲੀ: ਭਾਰਤ ਦੀ ਸੁਪਰੀਮ ਕੋਰਟ ਨੇ ਅੱਜ ਪੱਤਰਕਾਰ ਪਰਸ਼ਾਂਤ ਕਨੋਜੀਆ ਦੇ ਮਾਮਲੇ 'ਚ ਫੈਸਲਾ ਸੁਣਾਉਂਦਿਆਂ ਉਸਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਪੱਤਰਕਾਰ ਪਰਸ਼ਾਾਂਂਤ ਨੂੰ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਬਾਰੇ ਸੋਸ਼ਲ ਮੀਡੀਆ 'ਤੇ ਟਿੱਪਣੀ ਕਰਨ ਦੇ ਦੋਸ਼ ਹੇਠ ਗਿ੍ਫਤਾਰ ਕਰ ਲਿਆ ਗਿਆ ਸੀ। 

ਪੱਤਰਕਾਰ ਪਰਸ਼ਾਂਤ ਦੀ ਗਿ੍ਫਤਾਰੀ ਖਿਲਾਫ ਭਾਰਤ ਦੀ ਸੁਪਰੀਮ ਕੋਰਟ ਵਿੱਚ ਅਪੀਲ ਦਰਜ ਕੀਤੀ ਗਈ ਸੀ। ਜੱਜ ਇੰਦਰਾ ਬੈਨਰਜੀ ਅਤੇ ਅਜੇ ਰਸਤੋਗੀ ਦੇ ਮੇਜ ਨੇ ਪਰਸ਼ਾਂਤ ਦੀ ਪਤਨੀ ਜਗੀਸ਼ਾ ਅਰੋੜਾ ਵੱਲੋਂ ਪਾਈ ਹੈਬਸ ਕੋਰਪਸ ਅਪੀਲ 'ਤੇ ਸੁਣਵਾਈ ਕਰਦਿਆਂ ਇਹ ਫੈਸਲਾ ਸੁਣਾਇਆ। 

ਅਦਾਲਤ ਨੇ ਇਸ ਗਿ੍ਫਤਾਰੀ ਨੂੰ ਗੈਰ ਕਾਨੂੰਨੀ ਦਸਦਿਆਂ ਇਸ ਨੂੰ ਨਿੱਜੀ ਅਜ਼ਾਦੀ 'ਤੇ ਹਮਲਾ ਕਿਹਾ।  ਹਲਾਂਕਿ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਇਹ ਗਿ੍ਫਤਾਰੀ ਜਰੂਰੀ ਸੀ ਜਿਸ ਨਾਲ ਇਹ ਸੁਨੇਹਾ ਦੇਣਾ ਸੀ ਕਿ ਭੜਕਾਊ ਟਵੀਟ ਸਹਿਣ ਨਹੀਂ ਕੀਤੇ ਜਾਣਗੇ। 

ਇੰਡੀਅਨ ਇੰਸਟੀਚਿਊਟ ਆਫ ਮਾਸ ਕਮਿਊਨੀਕੇਸ਼ਨ ਦਿੱਲੀ ਤੋਂ ਪੜ੍ਹੇ ਹੋਏ ਪਰਸ਼ਾਂਤ ਨੇ ਨਾਮੀਂ ਅਖਬਾਰ ਇੰਡੀਅਨ ਐਕਸਪ੍ਰੈਸ ਨਾਲ ਵੀ ਕੰਮ ਕੀਤਾ ਹੈ। ਵੀਰਵਾਰ ਸ਼ਾਮ ਨੂੰ ਪਰਸ਼ਾਂਤ ਨੇ ਇੱਕ ਖਬਰ ਨੂੰ ਆਪਣੇ ਟਵੀਟ 'ਤੇ ਸਾਂਝਾ ਕੀਤਾ ਸੀ ਜੋ ਇਕ ਔਰਤ ਸਬੰਧੀ ਸੀ, ਜੋ ਯੋਗੀ ਅਦਿਤਿਆਨਾਥ ਨਾਲ ਆਪਣੇ ਸਬੰਧ ਹੋਣ ਦਾ ਦਾਅਵਾ ਕਰਦਿਆਂ ਉਸ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। 

ਇਸ ਟਵੀਟ ਦੇ ਅਧਾਰ 'ਤੇ ਪੁਲਿਸ ਨੇ ਪਰਸ਼ਾਂਤ ਖਿਲਾਫ ਮਾਮਲਾ ਦਰਜ ਕਰਕੇ ਗਿ੍ਫਤਾਰ ਕਰ ਲਿਆ ਸੀ। 

ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਵਲੋਂ ਪਰਸ਼ਾਂਤ ਦਾ 11 ਦਿਨਾਂ ਦਾ ਰਿਮਾਂਡ ਦੇਣ 'ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਕੀ ਉਸਨੇ ਕੋਈ ਕਤਲ ਕੀਤਾ ਸੀ।