ਭਾਰਤ ਸਰਕਾਰ ਵੱਲੋਂ ਪੰਜਾਬ ਦੀ ਸਪਲਾਈ ਰੋਕਣ ਕਾਰਨ ਪੰਜਾਬ 'ਚ ਬਿਜਲੀ ਸੰਕਟ ਗਹਿਰਾਇਆ; ਕੈਪਟਨ ਦੇ ਹੱਥ ਖੜ੍ਹੇ

ਭਾਰਤ ਸਰਕਾਰ ਵੱਲੋਂ ਪੰਜਾਬ ਦੀ ਸਪਲਾਈ ਰੋਕਣ ਕਾਰਨ ਪੰਜਾਬ 'ਚ ਬਿਜਲੀ ਸੰਕਟ ਗਹਿਰਾਇਆ; ਕੈਪਟਨ ਦੇ ਹੱਥ ਖੜ੍ਹੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਦੇ ਤਾਪ ਬਿਜਲੀ ਘਰਾਂ ਵਿਚ ਕੋਲੇ ਦੀ ਸਪਲਾਈ ਬੰਦ ਹੋਣ ਕਾਰਨ ਹੁਣ ਸਰਕਾਰ ਨੇ ਹੱਥ ਖੜ੍ਹੇ ਕਰਦਿਆਂ ਬਿਜਲੀ ਦੇ ਕੱਟ ਲਾਉਣੇ ਸ਼ੁਰੂ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਪੰਜਾਬ ਵਿਚ ਮਾਲ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਹੋਈ ਹੈ ਜਿਸ ਦੇ ਚਲਦਿਆਂ ਪੰਜਾਬ ਦੇ ਥਰਮਲਾਂ ਲਈ ਕੋਲੇ ਦੀ ਸਪਲਾਈ ਨਹੀਂ ਪਹੁੰਚ ਰਹੀ। 

ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਦਾ ਆਖ਼ਰੀ ਪਾਵਰ ਪਲਾਂਟ ਜੀਵੀਕੇ ਥਰਮਲ ਦੇ ਬੰਦ ਹੋਣ ਕਾਰਨ ਦਿਨ ਦੌਰਾਨ ਬਿਜਲੀ ਦੀ ਘਾਟ ਵਿੱਚ 1000-1500 ਮੈਗਾਵਾਟ ਵਾਧੇ ਦੇ ਮੱਦੇਨਜ਼ਰ, ਬਿਜਲੀ ਵਿਭਾਗ ਕੋਲ ਸਾਰੇ ਰਿਹਾਇਸ਼ੀ, ਵਪਾਰਕ ਤੇ ਖੇਤੀਬਾੜੀ ਖ਼ਪਤਕਾਰਾਂ ਨੂੰ ਮੰਗਲਵਾਰ ਸ਼ਾਮ ਤੋਂ ਬਿਜਲੀ ਦੇ ਕੱਟ ਲਗਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ।

ਮੌਜੂਦਾ ਸਮੇਂ ਸੂਬੇ ਵਿੱਚ ਦਿਨ ਦੇ ਸਮੇਂ ਬਿਜਲੀ ਦੀ ਮੰਗ ਲਗਭਗ 5100-5200 ਮੈਗਾਵਾਟ ਹੈ ਅਤੇ ਰਾਤ ਸਮੇਂ ਕਰੀਬ 3400 ਮੈਗਾਵਾਟ ਹੈ। ਦੂਜੇ ਪਾਸੇ ਸਪਲਾਈ ਲੋੜ ਤੋਂ ਬਹੁਤ ਘੱਟ ਹੈ ਕਿਉਂਕਿ ਦਿਨ ਸਮੇਂ ਰੋਜ਼ਾਨਾ 4-5 ਘੰਟਿਆਂ ਲਈ ਸਿਰਫ਼ ਸਬਜ਼ੀ ਫੀਡਰਾਂ (800 ਮੈਗਾਵਾਟ) ਦੀ ਖੇਤੀਬਾੜੀ ਬਿਜਲੀ (ਏਪੀ) ਲੋਡ ਸਪਲਾਈ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ ਹੋਰ ਏਪੀ ਲੋਡ (ਲਗਭਗ 300 ਮੈਗਾਵਾਟ) ਘੱਟ ਹੈ। ਬੁਲਾਰੇ ਨੇ ਦੱਸਿਆ ਕਿ ਸਥਿਤੀ ਗੰਭੀਰ ਬਣੀ ਹੋਈ ਹੈ ਕਿਉਂਕਿ ਪਾਵਰਕੌਮ ਕੋਲ ਕੋਈ ਵੀ ਉਤਪਾਦਨ ਕੰਟਰੋਲ ਨਹੀਂ ਬਚਿਆ ਤੇ ਬਿਜਲੀ ਦੀਆਂ ਮਾਰਕੀਟ ਦਰਾਂ ਜ਼ਿਆਦਾਤਰ ਬਦਲਵੀਆਂ ਚੱਲ ਰਹੀਆਂ ਹਨ ਅਤੇ ਕਿਸੇ ਵੀ ਸਮੇਂ ਇਸ ਵਿੱਚ ਵਾਧਾ ਹੋ ਸਕਦਾ ਹੈ ਜਿਸ ਦੇ ਨਤੀਜੇ ਵਜੋਂ ਬਿਜਲੀ ਖਰੀਦ ਦੀ ਲਾਗਤ ਵਿੱਚ ਵੀ ਵਾਧਾ ਹੋਇਆ ਹੈ। ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਵੱਖ ਵੱਖ ਫੀਡਰਾਂ ’ਤੇ ਦੁਪਹਿਰ 4 ਵਜੇ ਤੋਂ ਬਾਅਦ ਰੋਜ਼ਾਨਾ 4-5 ਘੰਟਿਆਂ ਲਈ ਨਿਯਮਤ ਤੌਰ ’ਤੇ ਲੋਡ ਦੀ ਵੰਡ ਕੀਤੀ ਜਾ ਰਹੀ ਹੈ, ਜਦਕਿ ਏਪੀ/ਸਬਜ਼ੀਆਂ ਸਬੰਧੀ ਸਪਲਾਈ ਵੀ ਘੱਟ ਕੀਤੀ ਜਾ ਰਹੀ ਹੈ।

ਪੰਜਾਬ ਵਿਚ ਲਗਾਏ ਗਏ ਪ੍ਰਾਈਵੇਟ ਥਰਮਲਾਂ ਵਿਚੋਂ ਸਿਰਫ ਗੋਇੰਦਵਾਲ ਸਾਹਿਬ ਦਾ ਪਲਾਂਟ ਚਲ ਰਿਹਾ ਸੀ ਉਹ ਵੀ ਮੰਗਲਵਾਰ ਨੂੰ ਬੰਦ ਹੋ ਗਿਆ ਹੈ ਅਤੇ ਹੁਣ ਸਰਕਾਰ ਦੀ ਟੇਕ ਮਹਿਜ਼ ਰੋਪੜ ਤੇ ਲੋਹਰਾ ਮੁਹੱਬਤ ਦੇ ਸਰਕਾਰੀ ਪਲਾਂਟਾਂ 'ਤੇ ਰਹਿ ਗਈ ਹੈ। ਇਹਨਾਂ ਸਰਕਾਰੀ ਥਰਮਲਾਂ ਨੂੰ ਮੁੜ ਚਾਲੂ ਕਰ ਦਿੱਤਾ ਗਿਆ ਹੈ ਪਰ ਇਹਨਾਂ ਕੋਲ ਵੀ ਕੁੱਝ ਦਿਨਾਂ ਦਾ ਹੀ ਕੋਲਾ ਬਚਿਆ ਹੈ। 

ਅਹਿਮ ਗੱਲ ਇਹ ਹੈ ਕਿ ਜਦੋਂ ਹੁਣ ਭਾਰਤ ਦੀ ਕੇਂਦਰ ਸਰਕਾਰ ਨੇ ਪੰਜਾਬ ਵਿਚ ਕੋਲੇ ਦੀ ਸਪਲਾਈ ਰੋਕ ਕੇ ਵੱਡਾ ਬਿਜਲੀ ਸੰਕਟ ਖੜ੍ਹਾ ਕਰ ਦਿੱਤਾ ਹੈ ਤਾਂ ਪੰਜਾਬ ਵਿਚੋਂ ਅਵਾਜ਼ਾਂ ਉੱਠ ਰਹੀਆਂ ਹਨ ਕਿ ਪੰਜਾਬ ਦੇ ਡੈਮਾਂ ਦੀ ਬਿਜਲੀ ਜੋ ਕੇਂਦਰ ਦੇ ਪ੍ਰਬੰਧ ਵਿਚ ਹੈ ਅਤੇ ਹੋਰ ਸੂਬਿਆਂ ਨੂੰ ਦਿੱਤੀ ਜਾਂਦੀ ਹੈ ਉਸ ਦਾ ਪ੍ਰਬੰਧ ਪੰਜਾਬ ਸਰਕਾਰ ਆਪਣੇ ਹੱਥ ਵਿਚ ਲਵੇ। 

ਪਾਵਰਕੌਮ ਦੇ ਮੁੱਖ ਦਫ਼ਤਰ ਪਟਿਆਲਾ ਤੋਂ ਇਕੱਤਰ ਜਾਣਕਾਰੀ ਮੁਤਾਬਿਕ ਸੂਬੇ ਅੰਦਰ ਬਿਜਲੀ ਸਪਲਾਈ ਲਈ ਰੋਪੜ ਤੇ ਲਹਿਰਾ ਮੁਹੱਬਤ ਥਰਮਲ ਦੇ ਇੱਕ-ਇੱਕ ਉਤਪਾਦਨ ਯੂਨਿਟ ਚਾਲੂ ਕਰ ਦਿੱਤੇ ਗਏ ਹਨ, ਜੇ ਲੋੜ ਪਈ ਤਾਂ ਇਨ੍ਹਾਂ ਥਰਮਲਾਂ ਦੇ ਹੋਰ ਯੂਨਿਟਾਂ ਨੂੰ ਚਲਾਇਆ ਜਾ ਸਕਦਾ ਹੈ। ਰੋਪੜ ਤੇ ਲਹਿਰਾ ਮੁਹੱਬਤ ਕੋਲ ਵੀ ਪੂਰੀ ਲੋਡ ਸਮੱਰਥਾ ’ਚ ਚਲੱਣ ਦੀ ਸੂਰਤ ’ਚ ਚਾਰ-ਪੰਜ ਦਿਨ ਜੋਗਾ ਕੋਲੇ ਦਾ ਭੰਡਾਰ ਹੈ। ਪੰਜਾਬ ਵਾਰ ਵਾਰ ਇਹ ਵੀ ਕਹਿ ਰਿਹਾ ਹੈ ਕਿ ਨੈਸ਼ਨਲ ਗਰਿੱਡਾਂ ਪਾਸੋਂ ਬਿਜਲੀ ਖਰੀਦਣ ਲਈ ਸੂਬੇ ਕੋਲ ਪੈਸਾ ਨਹੀ ਹੈ, ਅਜਿਹੇ ਮੰਦੜੇ ਹਾਲਾਤ ’ਚ ਖਤਰੇ ਵਾਲੀ ਵੱਡੀ ਗੱਲ ਇਹ ਹੈ ਕਿ ਜੇ ਅਗਲੇ ਚਾਰ ਪੰਜ ਦਿਨਾਂ ਤੱਕ ਰੇਲਾਂ ਦੀ ਆਵਾਜਾਈ ਨਾ ਖੁੱਲੀ ਤਾਂ ਕੋਲ ਸੰਕਟ ਕਾਰਨ ਸਰਕਾਰੀ ਪੱਧਰ ਦੇ ਦੋਵੇਂ ਥਰਮਲਾਂ ਨੂੰ ਵੀ ਬੰਦ ਕਰਨਾ ਪੈ ਸਕਦਾ ਹੈ।