ਭਾਰਤ ਵਿਚ ਝੂਠੀਆਂ ਖਬਰਾਂ ਦਾ ”ਮੋਦੀ ਮਾਰਕਾ ਰਾਜਨੀਤੀ” ਨਾਲ ਗਹਿਰਾ ਸਬੰਧ

ਭਾਰਤ ਵਿਚ ਝੂਠੀਆਂ ਖਬਰਾਂ ਦਾ ”ਮੋਦੀ ਮਾਰਕਾ ਰਾਜਨੀਤੀ” ਨਾਲ ਗਹਿਰਾ ਸਬੰਧ

ਲੰਡਨ/ਬਿਊਰੋ ਨਿਊਜ਼ :
ਅੰਤਰਰਾਸ਼ਟਰੀ ਮੀਡੀਆ ਜਗਤ ਵਿਚ ਇਕ ਭਰੋਸੇਯੋਗ ਤੇ ਅਹਿਮ ਸ਼ਾਖ ਰੱਖਣ ਵਾਲੀ ਸੰਸਥਾ ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੋਸ਼ਨ (ਬੀਬੀਸੀ) ਵਲੋਂ ਕੀਤੀ ਘੋਖ ਦੀ ਮੰਨੀਏ ਤਾਂ ਭਾਰਤ ਵਿਚ ਬਹੁਤੇ ਲੋਕ ਫ਼ਰਜ਼ੀ ਖ਼ਬਰਾਂ ਅਤੇ ਸੁਨੇਹਿਆਂ ਨੂੰ ਬਿਨਾ ਸੋਚੇ-ਸਮਝੇ ਅਤੇ ਛਾਣਬੀਣ ਕੀਤੇ ਦੂਜੇ ਲੋਕਾਂ ਨੂੰ ਭੇਜ ਦਿੰਦੇ ਹਨ। ਭਾਰਤ ਵਿਚ ਅਜਿਹੇ ਬਹੁਤੇ ਸੁਨੇਹਿਆਂ ਨੂੰ ਕੱਟੜ ਕੌਮਪ੍ਰਸਤੀ ਦਾ ਤੜਕਾ ਲੱਗਾ ਹੁੰਦਾ ਹੈ, ਇਸ ਕਰਕੇ ਮਹਿਜ਼ ‘ਰਾਸ਼ਟਰਵਾਦ’ ਦੇ ਆਸ਼ੇ ਨਾਲ ਲੋਕ ਇਨ੍ਹਾਂ ਨੂੰ ਅੱਗੇ ਸਾਂਝਾ ਕਰ ਦਿੰਦੇ ਹਨ। ਅਜਿਹਾ ਕਰਨ ਲੱਗਿਆਂ ਉਹ ਤੱਥਾਂ ਨੂੰ ਘੋਖਣ ਦਾ ਯਤਨ ਨਹੀਂ ਕਰਦੇ।
ਪੀਟੀਆਈ ਵੱਲੋਂ ਬੀਬੀਸੀ ਦੇ ਹਵਾਲੇ ਨਾਲ ਦਿੱਤੀ ਗਈ ਇਸ ਖਬਰ ਮੁਤਾਬਕ ਬੀਬੀਸੀ ਦੀ ਇਹ ਖੋਜ ਰਿਪੋਰਟ ਭਾਰਤ, ਕੀਨੀਆ ਤੇ ਨਾਇਜੀਰੀਆ ਵਿਚ ਕੀਤੇ ਵਿਆਪਕ ਸਰਵੇਖਣ ‘ਤੇ ਅਧਾਰਿਤ ਹੈ।
ਰਿਪੋਰਟ ਮੁਤਾਬਕ ਟਵਿੱਟਰ ‘ਤੇ ਫ਼ਰਜ਼ੀ ਖ਼ਬਰਾਂ ਦੇ ਸਰੋਤ ਇਕ ਦੂਜੇ ਨਾਲ ਰਲਗੱਡ ਹੋ ਚੁੱਕੇ ਹਨ ਤੇ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਾਣੇ-ਬਾਣੇ ਦੀ ਹਮਾਇਤ ਕਰਦੇ ਹਨ। ਰਿਪੋਰਟ ਵਿਚ ਫ਼ਰਜ਼ੀ ਖ਼ਬਰਾਂ ਦੇ ਪਾਸਾਰ ਦਾ ਆਮ ਨਾਗਰਿਕ ਦੇ ਪਰਿਪੇਖ ਤੋਂ ਵਿਸ਼ਲੇਸ਼ਣ ਕਰਦਿਆਂ ਕਿਹਾ ਗਿਆ ਹੈ ਕਿ ਭਾਰਤ ਵਿਚ ਫਰਜ਼ੀ ਖ਼ਬਰਾਂ ਉਤੇ ਮੋਦੀ-ਪੱਖੀ ਸਿਆਸੀ ਸਰਗਰਮੀਆਂ ਇਕ ਦੂਜੇ ਨਾਲ ਰਲਗੱਡ ਹਨ। ‘ਬੀਬੀਸੀ’ ਨੇ ਕਿਹਾ ਉਸ ਦੀ ਇਸ ਪਹਿਲੀ ਪ੍ਰਕਾਸ਼ਿਤ ਘੋਖ ਵਿਚ ਫ਼ਰਜ਼ੀ ਖ਼ਬਰਾਂ ਦੇ ਪਸਾਰੇ ਦਾ ਧੁਰ ਅੰਦਰ ਤਕ ਜਾ ਕੇ ਅਧਿਐਨ ਕੀਤਾ ਗਿਆ ਹੈ ਕਿ ਕਿਵੇਂ ਝੂਠੀਆਂ ਖ਼ਬਰਾਂ ਤੇ ਅਣਅਧਿਕਾਰਤ ਸੂਚਨਾ ਨੂੰ ਐਨਕ੍ਰਿਪਟਿਡ ਚੈਟ ਐਪਜ਼ ਜ਼ਰੀਏ ਅੱਗੇ ਤੋਂ ਅੱਗੇ ਸ਼ੇਅਰ ਕੀਤਾ ਜਾਂਦਾ ਹੈ। ਬੀਬੀਸੀ ਵਰਲਡ ਸਰਵਿਸ ਦੇ ਡਾਇਰੈਕਟਰ ਜੈਮੀ ਐਂਗਸ ਨੇ ਕਿਹਾ, ਕਿ ਪੱਛਮ ਵਿਚ ਜਿੱਥੇ ਮੀਡੀਆ ਵਿਚ ਬਹੁਤੀ ਚਰਚਾ ਫ਼ਰਜ਼ੀ ਖ਼ਬਰਾਂ ਬਾਰੇ ਹੁੰਦੀ ਹੈ, ਇਹ ਘੋਖ ਇਸ ਗੱਲ ਦਾ ਠੋਸ ਪ੍ਰਮਾਣ ਹੈ ਕਿ ਬਾਕੀ ਰਹਿੰਦੀ ਦੁਨੀਆ ‘ਚ ਗੰਭੀਰ ਮੁਸ਼ਕਲਾਂ ਉਭਰ ਰਹੀਆਂ ਹਨ, ਜਿੱਥੇ ਰਾਸ਼ਟਰ ਨਿਰਮਾਣ ਦੇ ਨਾਂ ‘ਤੇ ਘੜੀਆਂ ਕਹਾਣੀਆਂ ਸੋਸ਼ਲ ਮੀਡੀਆਂ ਰਾਹੀਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਖੋਜ ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਭਾਰਤ, ਕੀਨੀਆ ਤੇ ਨਾਇਜੀਰੀਆ ਦੇ ਲੋਕ ਕਿਸੇ ਵੀ ਸੁਨੇਹੇ ਨੂੰ ਇਹ ਸੋਚ ਦੇ ਅੱਗੇ ਸ਼ੇਅਰ ਕਰ ਦਿੰਦੇ ਹਨ ਕਿ ਕੋਈ ਹੋਰ ਇਸ ਸੁਨੇਹੇ ਦੀ ਪ੍ਰਮਾਣਿਕਤਾ ਨੂੰ ਚੈੱਕ ਕਰ ਲਏਗਾ।
ਫ਼ਰਜ਼ੀ ਖ਼ਬਰਾਂ ਦੀ ਸਮੱਸਿਆ ਦਾ ਕੋਈ ਇਕ ਸਥਾਈ ਹੱਲ ਨਹੀਂ-ਡੋਰਸੀ : ਫ਼ਰਜ਼ੀ ਖ਼ਬਰਾਂ ਦੇ ਪਸਾਰੇ ‘ਤੇ ਨਜ਼ਰਸਾਨੀ ਲਈ ਭਾਰਤ ਦੇ ਪਲੇਠੇ ਦੌਰੇ ‘ਤੇ ਆਏ ਟਵਿੱਟਰ ਦੇ ਸੀਈਓ ਜੈਕ ਡੋਰਸੀ ਨੇ ਕਿਹਾ ਕਿ ਇਸ ‘ਬਹੁਪਰਤੀ’ ਸਮੱਸਿਆ ਦਾ ਕੋਈ ‘ਇਕਹਿਰਾ ਸਥਾਈ’ ਹੱਲ ਨਹੀਂ ਹੈ। ਆਈਆਈਟੀ ਦਿੱਲੀ ‘ਚ ਆਪਣੇ ਸੰਬੋਧਨ ਦੌਰਾਨ ਸ੍ਰੀ ਡੋਰਸੀ ਨੇ ਕਿਹਾ ਕਿ ਫ਼ਰਜ਼ੀ ਖ਼ਬਰਾਂ ਜਾਂ ਅਣਅਧਿਕਾਰਤ ਸੂਚਨਾ ਦੀ ਸਮੱਸਿਆ ਇੰਨੀ ਵੱਡੀ ਹੈ ਕਿ ਜਿੰਨਾ ਹੋ ਸਕੇ ਇਸ ਤੋਂ ਨਿਕਲਣ ਦਾ ਰਾਹ ਛੇਤੀ ਲੱਭੀਏ।