ਖਾੜਕੂ ਜਥੇਬੰਦੀ ਬੱਬਰ ਖਾਲਸਾ ਦੇ ਨਾਂ ‘ਤੇ ਫਿਰੌਤੀ ਮੰਗਣ ਵਾਲੇ ਕਾਬੂ

ਖਾੜਕੂ ਜਥੇਬੰਦੀ ਬੱਬਰ ਖਾਲਸਾ ਦੇ ਨਾਂ ‘ਤੇ ਫਿਰੌਤੀ ਮੰਗਣ ਵਾਲੇ ਕਾਬੂ

ਬੱਬਰ ਖਾਲਸਾ ਦੇ ਨਾਂ ‘ਤੇ ਫਿਰੌਤੀਆਂ ਮੰਗਣ ਵਾਲਾ ਗਰੋਹ ਪੁਲੀਸ ਪਾਰਟੀ ਨਾਲ।
ਮਲੋਟ/ਬਿਊਰੋ ਨਿਊਜ਼ :
ਪੰਜਾਬ ਪੁਲੀਸ ਨੇ ਸਿੱਖ ਖਾੜਕੂ ਜਥੇਬੰਦੀ ਬੱਬਰ ਖਾਲਸਾ ਦੇ ਜਾਅਲੀ ਲੈਟਰਪੈਡ ਤਿਆਰ ਕਰਕੇ ਲੋਕਾਂ ਤੋਂ ਪੈਸੇ ਮੰਗਣ ਵਾਲਾ ਗਿਰੋਹ ਕਾਬੂ ਕੀਤਾ ਹੈ।  ਮਲੋਟ ਦੇ ਇਕ ਨਾਮਵਰ ਆੜ੍ਹਤੀਏ ਰਾਜੀ ਨਾਗਪਾਲ ਨੂੰ ਬੱਬਰ ਖਾਲਸਾ ਦੇ ਨਾਂ ਹੇਠ ਮਿਲੇ ਧਮਕੀ ਪੱਤਰ ਵਿਚ 50 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕੀਤੀ ਤਾਂ ਮਾਮਲਾ ਖੁੱਲ੍ਹ ਗਿਆ।
ਸੀਆਈਏ ਸਟਾਫ ਸ਼੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਪੁਲਿਸ ਨੇ ਮਲੋਟ ਦੇ ਹੀ ਸਰਾਭਾ ਨਗਰ ਦੇ ਵਸਨੀਕ ਜਸਪਾਲ ਸਿੰਘ ਕੰਗ ਤੇ ਉਸਦੇ ਪੁੱਤਰ ਸੰਦੀਪ ਸਿੰਘ ਕੰਗ ਸਮੇਤ 2 ਹੋਰ ਵਿਅਕਤੀਆਂ ਬਲਜੀਤ ਸਿੰਘ ਉਰਫ ਬੱਗਾ ਪਿੰਡ ਸੁਖਨਾ ਅਬਲੂ ਤੇ ਰਾਜ ਕੁਮਾਰ ਉਰਫ ਰਾਜੂ ਸ਼ਰਮਾ ਵਾਸੀ ਪਿੰਡ ਪੰਜਾਵਾ ਨੂੰ ਕਾਬੂ ਕਰ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਆਪਣਾ ਜੁਰਮ ਕਬੂਲ ਕਰ ਲਿਆ।
ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਜਸਪਾਲ ਸਿੰਘ ਨੂੰ ਆੜ੍ਹਤ ਦੇ ਕੰਮ ਵਿੱਚੋਂ ਘਾਟਾ ਪੈਣ ਕਰਕੇ ਉਸ ਨੇ ਆਪਣੇ ਪੁੱਤਰ ਸਮੇਤ ਦੋ ਹੋਰ ਵਿਅਕਤੀਆਂ ਨਾਲ ਰਲ ਕੇ ਬੱਬਰ ਖਾਲਸਾ ਦੇ ਨਾਂ ਦੀ ਫਰਜ਼ੀ ਲੈਟਰ ਪੈਡ ਤਿਆਰ ਕਰਕੇ ਇਸੇ ਕਾਰਨਾਮੇ ਨੂੰ ਅੰਜਾਮ ਦਿੱਤਾ।ਇਹ ਵੀ ਪਤਾ ਲੱਗਿਆ ਕਿ ਉਨ੍ਹਾਂ ਸ਼ਹਿਰ ਦੇ ਹੋਰ ਵੀ ਕਈ ਵਪਾਰੀਆਂ ਤੇ ਬਿਜਨਸਮੈਨਾਂ ਨੂੰ ਫਿਰੌਤੀ ਲਈ ਧਮਕੀ ਭਰੇ ਪੱਤਰ ਲਿਖੇ ਸਨ, ਜਿਨਾਂ ‘ਚ ਰਜਿੰਦਰ ਕੁਮਾਰ ਛਾਬੜਾ ਵਾਸੀ ਸਰਾਭਾ ਨਗਰ ਤੋਂ 5 ਲੱਖ ਤੇ ਭੋਲਾ ਰਾਮ ਆੜ੍ਹਤੀਆ ਵਾਸੀ ਪੰਜਾਵਾ ਤੋਂ 20 ਲੱਖ ਦੀ ਫਿਰੌਤੀ ਮੰਗੀ ਸੀ।