ਪੰਜਾਬ ਦੇ ਪਿੰਡ ਗੁਲਾਬਗੜ੍ਹ ਦੀ ਖੁਸ਼ਕਿਸਮਤ ਲੜਕੀ ਆਪਣੇ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਦੀ ਹੋਈ।

ਪੰਜਾਬ ਦੇ ਪਿੰਡ ਗੁਲਾਬਗੜ੍ਹ ਦੀ ਖੁਸ਼ਕਿਸਮਤ ਲੜਕੀ ਆਪਣੇ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਦੀ ਹੋਈ।

ਬਠਿੰਡਾ/ਬਿਊਰੋ ਨਿਊਜ਼ :

ਕਹਾਵਤ ਹੈ ਕਿ ”ਜਦੋਂ ਰੱਬ ਦਿੰਦਾ ਹੈ, ਤਾਂ ਛੱਪਰ ਪਾੜ ਕੇ ਦਿੰਦਾ ਹੈ”। ਅਜਿਹਾ ਹੀ ਵਾਪਰਿਆ ਹੈ ਪੰਜਾਬ ਦੇ ਜਿਲ੍ਹਾ ਬਠਿੰਡਾ ਦੇ ਪਿੰਡ ਗੁਲਾਬਗੜ੍ਹ ਦੇ ਇਕ ਗਰੀਬ ਪਰਿਵਾਰ ਨਾਲ। ਬਠਿੰਡਾ ਦੇ ਐਸਐਸਪੀ ਦਫ਼ਤਰ ਵਿਚ ਤਾਇਨਾਤ ਹੋਮਗਾਰਡ ਜਵਾਨ ਪਰਮਜੀਤ ਸਿੰਘ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਉਸ ਦੀ ਧੀ ਦੀ ਬਦੌਲਤ ਘਰ ਵਿਚ ਡੇਢ ਕਰੋੜ ਦੀ ਲਾਟਰੀ ਆਉਣ ਵਾਲੀ ਹੈ। ਪਰਮਜੀਤ ਮੰਨਦਾ ਹੈ ਕਿ ਲੜਕੀਆਂ ਨੂੰ ਹਮੇਸ਼ਾ ਬੋਝ ਮੰਨਣ ਵਾਲੇ ਮਾਪਿਆਂ ਵਿਚੋਂ ਉਹ ਵੀ ਇਕ ਸੀ। ਜਦੋਂ ਘੱਟ ਤਨਖਾਹ ਕਾਰਨ 4 ਬੱਚੇ ਪੜ੍ਹਾਈ ਲਈ ਫੀਸ ਮੰਗਦੇ ਤਾਂ ਮਨ ਉਦਾਸ ਹੋ ਜਾਂਦਾ। ਹੁਣ ਧੀ ਦੇ ਵੱਡੇ ਭਾਗਾਂ ਨਾਲ ਅਧਰੰਗ ਪੀੜਤ ਮੇਰੀ ਮਾਂ ਨੂੰ ਵਰ੍ਹਿਆਂ ਬਾਅਦ ਖ਼ੁਸ਼ੀ ਮਿਲੀ ਹੈ।
ਡੇਢ ਕਰੋੜ ਦਾ ਦੀਵਾਲੀ ਬੰਪਰ ਜੇਤੂ ਲਖਵਿੰਦਰ ਕੌਰ ਦੱਸਦੀ ਹੈ ਕਿ ਉਸ ਨੇ ਆਪਣੀ ਮਾਂ ਨਾਲ ਜ਼ਿੱਦ ਕਰਕੇ ਦੀਵਾਲੀ ਵਾਲੀ ਲਾਟਰੀ ਖਰੀਦੀ ਸੀ। ਲਖਵਿੰਦਰ ਕੌਰ ਪਿੰਡ ਗੁਲਾਬਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ 12ਵੀਂ ਕਲਾਸ ਦੀ ਵਿਦਿਆਰਥਣ ਹੈ ਤੇ ਹੁਣ ਲਾਟਰੀ ਨਿਕਲਣ ਕਾਰਨ ਆਪਣੀ ਪੜ੍ਹਾਈ ਦੇ ਨਾਲ ਛੋਟੇ ਭਰਾ ਤੇ ਭੈਣ ਨੂੰ ਅੱਗੇ ਪੜ੍ਹਨ ਲਈ ਪ੍ਰੇਰਿਤ ਕਰੇਗੀ। ਲਖਵਿੰਦਰ ਨੇ ਕਿਹਾ ਕਿ ਉਸਦੀ ਮਾਂ ਹਰਦੀਪ ਕੌਰ ਦਾ ਹਮੇਸ਼ਾ ਸੁਪਨਾ ਸੀ ਕਿ ਉਸ ਦਾ ਵੱਡਾ ਘਰ ਹੋਵੇ, ਉਹ ਹੁਣ ਵੱਡਾ ਘਰ ਵੀ ਬਣਾਉਣਗੇ। ਇਸ ਪਰਿਵਾਰ ਨੇ ਗਰੀਬੀ ਅਤੇ ਬੇਵਸੀ ਦੇ ਆਲਮ ਵਿਚ ਨਿੱਕੇ ਜਿਹੇ ਘਰ ਵਿਚ ਗੁਜ਼ਾਰੇ ਲਈ ਬੱਕਰੀਆਂ ਵੀ ਰੱਖੀਆਂ ਹੋਈਆਂ ਹਨ। ਲੜਕੀ ਦੇ ਭਰਾ ਅਰਸ਼ਦੀਪ ਤੇ ਰਾਮ ਸਿੰਘ ਦੱਸਦੇ ਹਨ ਕਿ ਉਹ ਕਾਰੋਬਾਰ ਲਈ ਛੋਟਾ ਹਾਥੀ (ਟੈਂਪੂ) ਲੈਣਗੇ।