ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਪਹਿਲਾਂ ਅਸਤੀਫ਼ੇ ਦੀ ਪੇਸ਼ਕਸ਼, ਫਿਰ ਨਾਂਹ-ਨੁੱਕਰ

ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਪਹਿਲਾਂ ਅਸਤੀਫ਼ੇ ਦੀ ਪੇਸ਼ਕਸ਼, ਫਿਰ ਨਾਂਹ-ਨੁੱਕਰ

ਅੰਮ੍ਰਿਤਸਰ/ਬਿਊਰੋ ਨਿਊਜ਼ :

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਖ਼ਾਲਸਾ ਨੇ ਖਰਾਬ ਸਿਹਤ ਦਾ ਹਵਾਲਾ ਦਿੰਦਿਆਂ ਅਹੁਦਾ ਛੱਡਣ ਦੀ ਇੱਛਾ ਜ਼ਾਹਰ ਕੀਤੀ ਹੈ। ਇਹ ਇੱਛਾ ਉਨ੍ਹਾਂ ਇਥੇ ਪ੍ਰੈੱਸ ਨੂੰ ਜਾਰੀ ਕੀਤੇ ਬਿਆਨ ਵਿਚ ਪ੍ਰਗਟਾਈ ਹੈ। ਪੰਥ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅੰਤਰਿੰਗ ਕਮੇਟੀ ਨੂੰ ਸੰਬੋਧਨ ਹੁੰਦਿਆਂ ਜਥੇਦਾਰ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਦੀ ਇੱਛਾ ਪ੍ਰਗਟਾਈ ਹੈ ਤੇ ਇਸ ਅਹੁਦੇ ‘ਤੇ ਕਿਸੇ ਯੋਗ ਵਿਅਕਤੀ ਨੂੰ ਨਿਯੁਕਤ ਕਰਨ ਲਈ ਆਖਿਆ ਹੈ। ਬਿਆਨ ‘ਚ ਉਨ੍ਹਾਂ ਆਪਣੀ ਵੱਡੀ ਉਮਰ ਅਤੇ ਇਸ ਨਾਲ ਜੁੜੀਆਂ ਸਿਹਤ ਦੀਆਂ ਕੁਝ ਦਿੱਕਤਾਂ ਦਾ ਹਵਾਲਾ ਦਿੰਦਿਆਂ ਆਖਿਆ ਕਿ ਉਹ ਹੁਣ ਇਹ ਜ਼ਿੰਮੇਵਾਰੀ ਵਾਲੀ ਸੇਵਾ ਨਿਭਾਉਣ ਤੋਂ ਅਸਮਰੱਥ ਹਨ। ਪ੍ਰੈੱਸ ਬਿਆਨ ਨੂੰ ਉਨ੍ਹਾਂ ਦੇ ਨਿੱਜੀ ਸਹਾਇਕ ਸਤਿੰਦਰਪਾਲ ਸਿੰਘ ਵੱਲੋਂ ਜਾਰੀ ਕੀਤਾ ਗਿਆ ਹੈ।
ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਪਣੇ ਅਸਤੀਫ਼ੇ ਦੀ ਖ਼ਬਰ ਨੂੰ ਅਫਵਾਹ ਦੱਸਿਆ। ਉਂਝ ਉਨ੍ਹਾਂ ਇਹ ਵੀ ਮੰਨਿਆ ਹੈ ਕਿ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਪਰ ਜਦੋਂ ਉਨ੍ਹਾਂ ਦਾ ਮਨ ਹੋਵੇਗਾ ਉਦੋਂ ਹੀ ਅਸਤੀਫ਼ਾ ਦੇਣਗੇ।
ਜਥੇਦਾਰ ਨੇ ਪ੍ਰੈੱਸ ਬਿਆਨ ਵਿੱਚ ਇਹ ਵੀ ਲਿਖਿਆ ਹੈ ਕਿ ਡੇਰਾ ਸਿਰਸਾ ਦੀ ਮੁਆਫ਼ੀ ਸਬੰਧੀ ਲਏ ਗਏ ਫ਼ੈਸਲੇ ‘ਤੇ ਕਿੰਤੂ ਪ੍ਰੰਤੂ ਵੀ ਹੋਇਆ ਹੈ, ਪਰ ਖਾਲਸਾ ਪੰਥ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਸਿੰਘ ਸਾਹਿਬਾਨ ਦੀ ਰਾਇ ਨਾਲ ਇਹ ਫ਼ੈਸਲਾ ਵਾਪਸ ਲੈ ਲਿਆ ਸੀ। ਉਨ੍ਹਾਂ ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੀਵ ਭੁੱਲਣਹਾਰ ਹੈ ਅਤੇ ਆਪਣੇ ਸੇਵਾ ਕਾਲ ਦੌਰਾਨ ਉਨ੍ਹਾਂ ਕੋਲੋਂ ਵੀ ਜਾਣੇ ਅਣਜਾਣੇ ‘ਚ ਭੁੱਲਾਂ ਹੋਈਆਂ ਹਨ। ਉਨ੍ਹਾਂ ਇਸ ਸਬੰਧ ਵਿੱਚ ਪੂਰੇ ਖਾਲਸਾ ਪੰਥ ਕੋਲੋਂ ਖਿਮਾ ਯਾਚਨਾ ਕੀਤੀ ਹੈ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕਈ ਕੌਮੀ ਮਸਲੇ ਹੱਲ ਕਰਨ ਬਾਰੇ ਵੀ ਦੱਸਿਆ ਹੈ। ਉਨ੍ਹਾਂ ਆਖਿਆ ਕਿ ਉਹ ਅਕਾਲ ਤਖ਼ਤ ਤੇ ਖਾਲਸਾ ਪੰਥ ਨੂੰ ਸਮਰਪਿਤ ਹਨ। ਉਨ੍ਹਾਂ ਲਗਾਤਾਰ 10 ਸਾਲ ਇਕ ਨਿਮਾਣੇ ਦਾਸ ਵਜੋਂ ਸੇਵਾ ਨਿਭਾਈ ਹੈ। ਉਨ੍ਹਾਂ ਨੇ ਮਿਲੇ ਸਹਿਯੋਗ ਲਈ ਸਮੁੱਚੀ ਧਾਰਮਿਕ ਜਥੇਬੰਦੀਆਂ ਅਤੇ ਸੰਗਤ ਦਾ ਧੰਨਵਾਦ ਵੀ ਕੀਤਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਸਤੀਫ਼ੇ ਦਾ ਖੰਡਨ ਕਰਦਿਆਂ ਕਿਹਾ ਕਿ ਮੀਟਿੰਗ ਵਿੱਚ ਉਨ੍ਹਾਂ ਬਾਰੇ ਜ਼ਿਕਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜਦ ਵੀ ਕੁਝ ਹੋਏਗਾ ਤਾਂ ਦੱਸ ਦਿੱਤਾ ਜਾਵੇਗਾ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਹਵਾਲੇ ਨਾਲ ਦੱਸਿਆ ਕਿ ਉਨ੍ਹਾਂ ਨੂੰ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਅਸਤੀਫ਼ਾ ਮਿਲਣ ਮਗਰੋਂ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।