ਹਿਲੇਰੀ ਕਲਿੰਟਨ ਵਲੋਂ ਦੁਨੀਆ ਭਰ ਵਿੱਚ ਲੋਕਤੰਤਰ ਨੂੰ ਮਜ਼ਬੂਤ ਕਰਨ ਦਾ ਸੱਦਾ

ਹਿਲੇਰੀ ਕਲਿੰਟਨ ਵਲੋਂ ਦੁਨੀਆ ਭਰ ਵਿੱਚ ਲੋਕਤੰਤਰ ਨੂੰ ਮਜ਼ਬੂਤ ਕਰਨ ਦਾ ਸੱਦਾ

ਮੁੰਬਈ/ਬਿਊਰੋ ਨਿਊਜ਼
ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਕਿ ਦੁਨੀਆਂ ਭਰ ਵਿੱਚ ਲੋਕਰਾਜ ਚੌਰਾਹੇ ‘ਤੇ ਆਣ ਖੜ੍ਹਾ ਹੈ ਅਤੇ ਲੋਕਰਾਜ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਭਾਰਤ ਨੂੰ ਵਧੇਰੇ ਗਤੀਸ਼ੀਲ ਬਣਨ ਅਤੇ ਏਸ਼ੀਆ ਦੇ ਭਵਿੱਖ ਲਈ ਕੰਮ ਕਰਨ ਦਾ ਸੱਦਾ ਦਿੰਦਿਆਂ ਬੀਬੀ ਕਲਿੰਟਨ ਨੇ ਕਿਹਾ ਕਿ ਉਪ ਮਹਾਂਦੀਪ ਦਾ ਭਵਿੱਖ ਇਸ ਦੇ ਲੋਕ ਹੀ ਲਿਖਣਗੇ। ਅਮਰੀਕਾ ਤੇ ਭਾਰਤ ਸਮੇਤ ਦੁਨੀਆਂ  ਦੇ ਲੋਕਰਾਜ ਚੌਰਾਹੇ ‘ਤੇ ਖੜ੍ਹੇ ਹਨ। ਇਹ ਨਾ ਕੇਵਲ ਸਰਕਾਰਾਂ ਤੇ ਸਿਆਸੀ ਆਗੂਆਂ ਦਾ ਸਗੋਂ ਕਾਰੋਬਾਰੀ ਮੋਹਰੀਆਂ, ਮੀਡੀਆ ਤੇ ਆਮ ਨਾਗਰਿਕਾਂ ਦਾ ਵੀ ਸਰੋਕਾਰ ਹੋਣਾ ਚਾਹੀਦਾ ਹੈ।
ਉਹ ਬੀਤੇ ਦਿਨ ਇੱਥੇ ਇੰਡੀਆ ਟੂਡੇ ਕਨਕਲੇਵ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ” ਇੱਕੀਵੀਂ ਸਦੀ ਤੇ ਉਸ ਤੋਂ ਬਾਅਦ ਦਾ ਸਾਡਾ ਸਾਂਝਾ ਭਵਿੱਖ ਏਸ਼ੀਆ ਵਿਚ ਲਿਖਿਆ ਜਾਵੇਗਾ ਅਤੇ ਏਸ਼ੀਆ ਦਾ ਬਹੁਤੇਰਾ ਭਵਿੱਖ ਭਾਰਤ  ਤੇ ਇਸ ਦੇ 1.3 ਅਰਬ ਲੋਕਾਂ ਵੱਲੋਂ ਲਿਖਿਆ ਜਾਵੇਗਾ।”  ਉਨ੍ਹਾਂ ਕਿਹਾ ਕਿ ਜਲਵਾਯੂ, ਮਨੁੱਖੀ ਹੱਕਾਂ ਅਤੇ ਹੋਰਨਾਂ ਮੁੱਦਿਆਂ ‘ਤੇ ਭਾਰਤ ਦੀ ਅਗਵਾਈ ‘ਤੇ ਦੁਨੀਆ ਦੀ ਟੇਕ ਵਧ ਰਹੀ ਹੈ।
‘ਚੋਣ ਵੇਲੇ ‘ਚ ਰੂਸੀ ਦਖ਼ਲ ਅੱਖਰਦਾ ਰਿਹਾ’
ਅਮਰੀਕਾ ਵਿਚ ਪਿਛਲੀ ਰਾਸ਼ਟਰਪਤੀ ਦੀ ਚੋਣ ਨੂੰ ਪਹਿਲੀ ਰਿਐਲਟੀ ਟੀਵੀ ਚੋਣ ਕਰਾਰ ਦਿੰਦਿਆਂ ਬੀਬੀ ਕਲਿੰਟਨ ਨੇ ਕਿਹਾ ਕਿ ਇਸ ਵਿਚ ਰੂਸੀ ਦਖ਼ਲ ਬੇਹੱਦ ਅੱਖਰਦਾ ਰਿਹਾ। ”ਇਹ ਹਰ ਕਿਤੇ ਲੋਕਤੰਤਰ ਲਈ ਖ਼ਤਰੇ ਦੀ ਮਿਸਾਲ ਹੈ। ਇਸ ਦਾ ਇਰਾਦਾ ਮੈਨੂੰ ਤੇ ਮੇਰੇ ਚੋਣ ਆਧਾਰ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ ਸਗੋਂ ਸਾਡੇ ਸਮਾਜ ਵਿਚਲੇ ਪਾੜਿਆਂ ਨੂੰ ਹਵਾ ਦੇਣਾ ਵੀ ਸੀ।”