ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਬਣੇ ਉਸਮਾਨ ਬੁਜ਼ਦਾਰ

ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਬਣੇ ਉਸਮਾਨ ਬੁਜ਼ਦਾਰ

ਲਾਹੌਰ/ਬਿਊਰੋ ਨਿਉਜ਼
ਲਹਿੰਦੇ ਪੰਜਾਬ ਦੇ ਸਭ ਤੋਂ ਪੱਛੜੇ ਕਬਾਇਲੀ ਖੇਤਰ ਡੇਰਾ ਗਾਜ਼ੀ ਖ਼ਾਨ ਡਿਵੀਜ਼ਨ ਨਾਲ ਸਬੰਧਤ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਉਮੀਦਵਾਰ ਸਰਦਾਰ ਉਸਮਾਨ ਬੁਜ਼ਦਾਰ (49 ਸਾਲ) ਨੂੰ ਪੰਜਾਬ ਸੂਬੇ ਦਾ ਮੁੱਖ ਮੰਤਰੀ ਚੁਣ ਲਿਆ ਗਿਆ ਹੈ। ਬੁਜ਼ਦਾਰ ਦੀ ਇਸ ਚੋਣ ਨਾਲ ਮੁਲਕ ਦੇ ਸਭ ਤੋਂ ਮਕਬੂਲ ਸੂਬੇ ਵਿਚੋਂ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਅਗਵਾਈ ਵਾਲੀ ਸ਼ਾਹਬਾਜ਼ ਸ਼ਰੀਫ਼ ਸਰਕਾਰ ਦੇ ਦਸ ਸਾਲ ਦੇ ਕਾਰਜਕਾਲ ਦਾ ਭੋਗ ਪੈ ਗਿਆ। ਪੰਜਾਬ ਅਸੈਂਬਲੀ ਵਿਚ ਹੋਈ ਵੋਟਿੰਗ ਦੌਰਾਨ ਜਨਾਬ ਬੁਜ਼ਦਾਰ ਨੂੰ 186 ਵੋਟਾਂ ਮਿਲੀਆਂ ਜਦੋਂਕਿ ਉਨ੍ਹਾਂ ਦੇ ਰਵਾਇਤੀ ਵਿਰੋਧੀ ਤੇ ਪੀਐਮਐਲ-ਐਨ ਦੇ ਉਮੀਦਵਾਰ ਹਮਜ਼ਾ ਸ਼ਾਹਬਾਜ਼ 159 ਵੋਟਾਂ ਹੀ ਹਾਸਲ ਕਰ ਸਕੇ। ਅਸੈਂਬਲੀ ਦੇ ਸਪੀਕਰ ਪਰਵੇਜ਼ ਇਲਾਹੀ ਨੇ ਨਤੀਜਿਆਂ ਦਾ ਐਲਾਨ ਕੀਤਾ। ਹਮਜ਼ਾ ਪੀਐਮਐਲ-ਐਨ ਮੁਖੀ ਸ਼ਾਹਬਾਜ਼ ਸ਼ਰੀਫ਼ ਦਾ ਪੁੱਤ ਹੈ, ਜੋ ਸਾਲ 2008 ਤੋਂ ਹੁਣ ਤਕ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਮੁੱਖ ਮੰਤਰੀ ਵਜੋਂ ਮਨੋਨੀਤ ਬੁਜ਼ਦਾਰ ਇਸ ਤੋਂ ਪਹਿਲਾਂ ਸ਼ਰੀਫ਼ ਦੀ ਟੀਮ ਦੇ ਮੈਂਬਰ ਸਨ। ਪੰਜਾਬ ਅਸੈਂਬਲੀ ਵਿੱਚ 179 ਸੀਟਾਂ ਨਾਲ ਪੀਟੀਆਈ ਸਭ ਤੋਂ ਵੱਡੀ ਪਾਰਟੀ ਹੈ ਜਦੋਂਕਿ ਪੀਐਮਐਲ-ਐਨ ਦੀਆਂ ਸੀਟਾਂ ਦੀ ਗਿਣਤੀ 164 ਹੈ। 371 ਮੈਂਬਰੀ ਸੂਬਾਈ ਅਸੈਂਬਲੀ ਵਿਚ ਨਵੀਂ ਸਰਕਾਰ ਦੇ ਗਠਨ ਲਈ ਕਿਸੇ ਪਾਰਟੀ ਨੂੰ 186 ਮੈਂਬਰਾਂ ਦੀ ਹਮਾਇਤ ਦੀ ਦਰਕਾਰ ਸੀ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਸੱਤ ਮੈਂਬਰਾਂ ਨੇ ਅਸੈਂਬਲੀ ਵਿਚ ਮੌਜੂਦ ਹੋਣ ਦੇ ਬਾਵਜੂਦ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ।
ਨਵੇਂ ਚੁਣੇ ਮੁੱਖ ਮੰਤਰੀ ਦਾ ਖੇਤਰ ਡੇਰਾ ਗਾਜ਼ੀ ਖ਼ਾਨ ਡਿਵੀਜ਼ਨ ਨਾਲ ਹੈ, ਜੋ ਸੂਬਾਈ ਰਾਜਧਾਨੀ ਲਾਹੌਰ ਤੋਂ ਕਰੀਬ ਚਾਰ ਸੌ ਕਿਲੋਮੀਟਰ ਦੂਰ ਹੈ। ਸੂਬਾਈ ਅਸੈਂਬਲੀ ‘ਚ ਆਪਣੇ ਪਲੇਠੇ ਸੰਬੋਧਨ ਦੌਰਾਨ ਬੁਜ਼ਦਾਰ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਸੂਬੇ ਦੇ ਅਣਗੌਲੇ ਖੇਤਰ ਰਹਿਣਗੇ। ਉਂਜ ਉਨ੍ਹਾਂ ਇਸ ਉੱਚ ਅਹੁਦੇ ਲਈ ਨਾਮਜ਼ਦਗੀ ਲਈ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਧੰਨਵਾਦ ਕੀਤਾ।