ਸਿੱਖ ਨੌਜਵਾਨ ਨੇ ਕੌਮਾਂਤਰੀ ਕੁਸ਼ਤੀ ਮੁਕਾਬਲਾ ਛੱਡਿਆ ਪਰ ਸਿਦਕ ਨਾ ਛੱਡਿਆ

ਸਿੱਖ ਨੌਜਵਾਨ ਨੇ ਕੌਮਾਂਤਰੀ ਕੁਸ਼ਤੀ ਮੁਕਾਬਲਾ ਛੱਡਿਆ ਪਰ ਸਿਦਕ ਨਾ ਛੱਡਿਆ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਸਿੱਖ ਗੱਭਰੂ ਨੂੰ ਅਪਣਾ ‘ਪਟਕਾ’ ਏਨਾ ਪਿਆਰਾ ਰਿਹਾ ਕਿ ਉਸ ਨੇ ਅੰਤਰਰਾਸ਼ਟਰੀ ਖੇਡ ਮੁਕਾਬਲੇ ਵਿਚ ਹਿੱਸਾ ਲੈਣ ਤੋਂ ਹੀ ਇਨਕਾਰ ਕਰ ਦਿੱਤਾ ਕਿਉਂਕਿ ਉਸ ਨੂੰ ‘ਪਟਕਾ’ ਲਾਹ ਕੇ ਕੁਸ਼ਤੀ ਕਰਨ ਲਈ ਕਿਹਾ ਗਿਆ ਸੀ।
ਤਰਨਤਾਰਨ ਦੇ ਪਹਿਲਵਾਨ ਜਸਕੰਵਰਬੀਰ ਸਿੰਘ ਗਿੱਲ ਨੂੰ ਪਹਿਲੀ ਵਾਰ ਅੰਤਰਰਾਸ਼ਟਰੀ ਕੁਸ਼ਤੀ ਮੁਕਾਬਲੇ ਵਿਚ ਹਿੱਸਾ ਲੈਣ ਦਾ ਮੌਕਾ ਮਿਲਿਆ ਸੀ ਪਰ ‘ਪਟਕਾ’ ਉਸ ਦੇ ਰਾਹ ਦਾ ਅੜਿੱਕਾ ਬਣਾ ਦਿੱਤਾ ਗਿਆ। ਉਂਜ ਉਸ ਨੂੰ ਅਪਣੇ ਫ਼ੈਸਲੇ ‘ਤੇ ਉੱਕਾ ਹੀ ਅਫ਼ਸੋਸ ਨਹੀਂ। ਇਹ ਮੁਕਾਬਲਾ ਪਿਛਲੀ 27 ਜੁਲਾਈ ਤੋਂ 29 ਜੁਲਾਈ ਵਿਚਕਾਰ ਇਸਤਾਂਬੁਲ, ਤੁਰਕੀ ਵਿਚ ਹੋਇਆ ਤੇ ਜਸਕੰਵਰਬੀਰ ਯਾਸਰ ਦੋਗੂ ਮੈਮੋਰੀਅਲ ਟੂਰਨਾਮੈਂਟ ਲਈ ਭਾਰਤੀ ਟੀਮ ਦਾ ਹਿੱਸਾ ਸੀ। ਮੁਕਾਬਲਾ ਯੂਨਾਈਟਿਡ ਵਰਲਡ ਰੈਸਲਿੰਗ (ਯੂਡਬਲਿਊਡਬਲਿਊ) ਨੇ ਕਰਵਾਇਆ ਸੀ। ਵਿਦੇਸ਼ ਮੰਤਰਾਲੇ ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਤੁਰਕੀ ਦੇ ਭਾਰਤੀ ਸਫ਼ੀਰ ਕੋਲੋਂ ਰਿਪੋਰਟ ਮੰਗ ਲਈ ਹੈ।
ਅੰਤਰਰਾਸ਼ਟਰੀ ਕੁਸ਼ਤੀ ਨਿਯਮਾਂ ਮੁਤਾਬਕ ਖਿਡਾਰੀਆਂ ਨੂੰ ਸਿਰ ਉਪਰ ਉਹੀ ਪਟਕਾ ਜਾਂ ਕੱਪੜਾ ਬੰਨ੍ਹਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜਿਸ ਨਾਲ ਵਿਰੋਧੀ ਖਿਡਾਰੀ ਨੂੰ ਕੋਈ ਨੁਕਸਾਨ ਨਾ ਪੁੱਜੇ। ਸ਼ਾਇਦ ਇਹ ਪਹਿਲੀ ਵਾਰ ਹੈ ਕਿ ਲੰਮੀ ਤੇ ਭਰਵੀਂ ਦਾਹੜੀ ਵਾਲਾ ਸਿੱਖ ਪਹਿਲਵਾਨ ਅੰਤਰਰਾਸ਼ਟਰੀ ਕੁਸ਼ਤੀ ਟੂਰਨਾਮੈਂਟ ਵਿਚ ਹਿੱਸਾ ਲੈ ਰਿਹਾ ਸੀ। ਜਸਕੰਵਰਬੀਰ ਨੂੰ ਕੌਮੀ ਖੇਡਾਂ ਵਿਚ ਸੋਨੇ ਅਤੇ ਚਾਂਦੀ ਦੇ ਤਮਗ਼ੇ ਮਿਲੇ ਹੋਏ ਹਨ। ਗਿੱਲ ਪੰਜਾਬ ਆਰਮਡ ਪੁਲਿਸ ਵਿਚ ਹੈ ਅਤੇ ਕੁਸ਼ਤੀ ਵਿਚ ਏਸ਼ੀਆਈ ਗੋਲਡ ਮੈਡਲਿਸਟ ਸਲਵਿੰਦਰ ਸਿੰਘ ਉਰਫ਼ ਸ਼ਿੰਦਾ ਪਹਿਲਵਾਨ ਦਾ ਪੁੱਤਰ ਹੈ। 15 ਜੁਲਾਈ 1993 ਨੂੰ ਜਨਮੇ ਗਿੱਲ ਨੇ 125 ਭਾਰ ਵਰਗ ਵਿਚ ਯੂਕਰੇਨ ਦੇ ਪਹਿਲਵਾਨ ਨਾਲ ਭਿੜਨਾ ਸੀ ਜਦੋਂ ਪ੍ਰਬੰਧਕਾਂ ਨੇ ਉਸ ਦੇ ‘ਪਟਕੇ’ ਉਤੇ ਇਤਰਾਜ਼ ਕਰ ਦਿਤਾ। ਗਿੱਲ ਤੋਂ ਇਲਾਵਾ ਭਾਰਤੀ ਟੀਮ ਦੇ ਵਫ਼ਦ ਨੇ ਪ੍ਰਬੰਧਕਾਂ ਨੂੰ ਬਹੁਤ ਬੇਨਤੀਆਂ ਕੀਤੀਆਂ ਕਿ ਉਸ ਨੂੰ ਘੁਲਣ ਦਿਤਾ ਜਾਵੇ ਪਰ ਪ੍ਰਬੰਧਕਾਂ ‘ਤੇ ਕੋਈ ਅਸਰ ਨਾ ਹੋਇਆ। ਪ੍ਰਬੰਧਕਾਂ ਨੂੰ ਸਿੱਖ ਧਰਮ ਵਿਚ ਪੱਗ ਤੇ ਪਟਕੇ ਦੀ ਅਹਿਮੀਅਤ ਤੋਂ ਜਾਣੂੰ ਵੀ ਕਰਵਾਇਆ ਗਿਆ ਪਰ ਪ੍ਰਬੰਧਕ ਨਾ ਮੰਨੇ। ਗਿੱਲ ਦਾ ਕਹਿਣਾ ਹੈ, ‘ਮੈਨੂੰ ਪਟਕਾ ਲਾਹੁਣ ਅਤੇ ਕੇਸ ਪਿੱਛੇ ਬੰਨ੍ਹਣ ਲਈ ਕਿਹਾ ਗਿਆ ਜਿਵੇਂ ਖਿਡਾਰਣਾਂ ਕਰਦੀਆਂ ਹਨ ਪਰ ਮੈਂ ਕਿਹਾ ਕਿ ”ਮੈਨੂੰ ਟੂਰਨਾਮੈਂਟ ਵਿਚ ਨਾ ਖੇਡਣਾ ਮਨਜ਼ੂਰ ਹੈ, ਪਟਕਾ ਲਾਹੁਣਾ ਨਹੀਂ। ਮੈਨੂੰ ਅਪਣੇ ਫ਼ੈਸਲੇ ‘ਤੇ ਕੋਈ ਅਫ਼ਸੋਸ ਨਹੀਂ ਹੈ”।