ਬਰਗਾੜੀ ਕਾਂਡ : ਸਿਰਸੇਵਾਲੇ ਦੀ ਸ਼ਹਿ ‘ਤੇ ਹੋਇਆ ਸੀ ਗੁਰੂ ਗ੍ਰੰਥ ਸਾਹਿਬ ‘ਤੇ ਹਮਲਾ

ਬਰਗਾੜੀ ਕਾਂਡ : ਸਿਰਸੇਵਾਲੇ ਦੀ ਸ਼ਹਿ ‘ਤੇ ਹੋਇਆ ਸੀ ਗੁਰੂ ਗ੍ਰੰਥ ਸਾਹਿਬ ‘ਤੇ ਹਮਲਾ

ਚੰਡੀਗੜ੍ਹ/ਬਿਊਰੋ ਨਿਊਜ਼ :

ਅੰਗਰੇਜ਼ੀ ਅਖਬਾਰ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਿਕ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਪੰਜਾਬ ਪੁਲਿਸ ਦੀ ਸਿੱਟ ਨੇ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਪੂਰੀ ਕਰਦਿਆਂ ਦੋਸ਼ੀਆਂ ਦੀ ਸ਼ਨਾਖਤ ਕਰ ਲਈ ਸੀ ਪਰ ਡੇਰਾ ਸਿਰਸਾ ਨਾਲ ਸਬੰਧਿਤ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੋਂ ਉਸ ਸਮੇਂ ਦੀ ਸ਼੍ਰੋਮਣੀ ਅਕਾਲੀ ਦਲ (ਬਾਦਲ)-ਭਾਜਪਾ ਸਰਕਾਰ ਨੇ ਪੁਲਿਸ ਨੂੰ ਰੋਕ ਦਿੱਤਾ। ਜੱਜ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਫਿਲਹਾਲ ਜਨਤਕ ਨਹੀਂ ਹੋਈ ਹੈ, ਤਾਂ ਇਹ ਖ਼ਬਰ ਛਾਪਣ ਵਾਲੇ ਹਿੰਦੁਸਤਾਨ ਟਾਈਮਜ਼ ਅਖਬਾਰ ਦੇ ਪੱਤਰਕਾਰ ਨੇ ਕਿਹਾ ਹੈ ਕਿ ਇਹ ਜਾਣਕਾਰੀ ਉਸ ਨੂੰ ਰਿਪੋਰਟ ਨਾਲ ਜੁੜੇ ਸਰਕਾਰੀ ਸੂਤਰ ਤੋਂ ਮਿਲੀ ਹੈ।
ਇਸ ਗੁਪਤ ਸੂਤਰ ਦੇ ਹਵਾਲੇ ਨਾਲ ਹਿੰਦੁਸਤਾਨ ਟਾਈਮਜ਼ ਅਖਬਾਰ ਨੇ ਛਾਪਿਆ ਹੈ ਕਿ ਪੰਜਾਬ ਪੁਲਿਸ ਦੀ ਸਿੱਟ ਦੇ ਮੁਖੀ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਜਾਂਚ ਕਮਿਸ਼ਨ ਨੂੰ ਦੱਸਿਆ ਕਿ ਉਨ੍ਹਾਂ ਬਾਦਲ ਸਰਕਾਰ ਮੌਕੇ ਬਰਗਾੜੀ ਬੇਅਦਬੀ ਮਾਮਲੇ ਨੂੰ ਹੱਲ ਕਰ ਲਿਆ ਸੀ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੋਂ ਰੋਕ ਦਿੱਤਾ ਗਿਆ। ਕੁਝ ਸਮਾਂ ਪਹਿਲਾਂ ਇਹ ਖਬਰਾਂ ਵੀ ਸਾਹਮਣੇ ਆਈਆਂ ਸਨ ਕਿ ਸਿੱਟ ਨੇ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਬੇਅਦਬੀ ਮਾਮਲਿਆਂ ਨੂੰ ਹੱਲ ਕਰ ਲਿਆ ਹੈ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵੀ ਸਿੱਟ ਨੂੰ ਕਾਰਵਾਈ ਰੋਕ ਦੇਣ ਲਈ ਕਹਿ ਦਿੱਤਾ ਹੈ।
ਗੌਰਤਲਬ ਹੈ ਕਿ ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਜਾਂਚ ਰਿਪੋਰਟ ਦਾ ਪਹਿਲਾ ਭਾਗ ਲੰਘੀ 30 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਦੇ ਦਿਤਾ ਸੀ। ਇਸ ਪਹਿਲੇ ਭਾਗ ਵਿਚ ਜੂਨ 2015 ‘ਚ ਬੁਰਜ ਜਵਾਹਰ ਸਿੰਘ ਵਾਲਾ ਦੀ ਬੇਅਦਬੀ ਘਟਨਾ, ਅਕਤੂਬਰ 2015 ਦੀ ਬਰਗਾੜੀ ਬੇਅਦਬੀ ਘਟਨਾ ਅਤੇ ਅਕਤੂਬਰ 2015 ਵਿਚ ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਕੋਟਕਪੁਰਾ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਰੋਸ ਮੁਜ਼ਾਹਰਾ ਕਰ ਰਹੀਆਂ ਸਿੱਖ ਸੰਗਤਾਂ ‘ਤੇ ਪੁਲਿਸ ਵਲੋਂ ਚਲਾਈ ਗੋਲੀ ਦੀਆਂ ਘਟਨਾਵਾਂ ਦੀ ਜਾਂਚ ਸ਼ਾਮਲ ਹੈ। ਜਸਟਿਸ ਰਣਜੀਤ ਸਿੰਘ ਦੀਆਂ ਸਿਫਾਰਸ਼ਾਂ ਅੁਨਸਾਰ ਬਹਿਬਲ ਕਲਾਂ ਗੋਲੀ ਕਾਂਡ ਵਿਚ ਦਸ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਖਿਲਾਫ ਕੇਸ ਦਰਜ ਕਰਨ ਵਾਸਤੇ ਗ੍ਰਹਿ ਵਿਭਾਗ ਵੱਲੋਂ ਪੰਜਾਬ ਪੁਲੀਸ ਦੇ ਮੁਖੀ ਨੂੰ ਸਬੰਧਤ ਫਾਈਲ ਭੇਜੀ ਗਈ ਹੈ । ਕਮਿਸ਼ਨ ਦੀਆਂ ਸਿਫਾਰਸ਼ ਅਨੁਸਾਰ ਜਿਨ੍ਹਾਂ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਨਾਂ ਬਾਜਾਖਾਨਾ ਪੁਲੀਸ ਥਾਣੇ ਵਿਚ ਪਹਿਲਾਂ ਹੀ ਦਰਜ ਐਫਆਈਆਰ. ਨੰਬਰ 130 ਵਿਚ ਜੋੜੇ ਜਾਣੇ ਹਨ, ਉਨ੍ਹਾਂ ਵਿਚ ਮੋਗਾ ਜ਼ਿਲ੍ਹੇ ਦਾ ਤਤਕਾਲੀ ਐਸਐਸਪੀ. ਚਰਨਜੀਤ ਸਿੰਘ ਸ਼ਰਮਾ, ਐਸਪੀ.ਬਿਕਰਮਜੀਤ ਸਿੰਘ, ਲਾਡੋਵਾਲ ਦਾ ਐਸਐਚਓ. ਹਰਪਾਲ ਸਿੰਘ, ਇੰਸਪੈਕਟਰ ਪਰਦੀਪ ਸਿੰਘ, ਸਬ-ਇੰਸਪੈਕਟਰ ਅਰੀਜੀਤ ਸਿੰਘ, ਹਵਾਲਦਾਰ ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਸਿਪਾਹੀ ਸ਼ਮਸ਼ੇਰ ਸਿੰਘ ਤੇ ਹਰਪ੍ਰੀਤ ਸਿੰਘ ਆਦਿ ਸ਼ਾਮਲ ਹਨ। ਇਨ੍ਹਾਂ ਨਾਵਾਂ ਦਾ ਜ਼ਿਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਇਕ ਪ੍ਰੈਸ ਕਾਨਫਰੰਸ ਵਿਚ ਵੀ ਕੀਤਾ ਸੀ ।
ਇਸੇ ਦੌਰਾਨ ਪੀਸੀਐਸ.ਐਸੋਸੀਏਸ਼ਨ ਪੰਜਾਬ ਦਾ ਇਕ ਵਫਦ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਮਿਲਿਆ ਤੇ ਕੋਟਕਪੂਰਾ ਦੇ ਐਸਡੀਐਮ ਹਰਜੀਤ ਸਿੰਘ ਸੰਧੂ ਦੀ ਗੋਲੀ ਕਾਂਡ ਵੇਲੇ ਸਥਿਤੀ ਨੂੰ ਬਿਆਨ ਕਰਦਿਆਂ ਕਾਰਵਾਈ ਨਾ ਕਰਨ ਦੀ ਅਪੀਲ ਕੀਤੀ। ਪਤਾ ਲੱਗਾ ਹੈ ਕਿ ਵਫਦ ਨੇ ਮੁੱਖ ਸਕੱਤਰ ਨੂੰ ਕਿਹਾ ਕਿ ਐਸਡੀਐਮ ਨੇ ਪੁਲੀਸ ਨੂੰ ਕੇਵਲ ਹਵਾਈ ਫਾਇਰ ਕਰਨ ਦੇ ਹੁਕਮ ਦਿਤੇ ਸਨ।
ਬਰਗਾੜੀ ਕਾਂਡ ਦੀ ‘ਗੁਪਤ ਰਿਪੋਰਟ’ ਵਿਚ ਕਈ ਗੁੱਝੇ ਭੇਤ ਬੰਦ ਹਨ, ਜਿਨ੍ਹਾਂ ਦੇ ਡਰੋਂ ਕੈਪਟਨ ਹਕੂਮਤ ਕੋਈ ਭਾਫ਼ ਬਾਹਰ ਨਹੀਂ ਕੱਢ ਰਹੀ। ਬਰਗਾੜੀ ਇਨਸਾਫ਼ ਮੋਰਚੇ ਦੀ ਮੰਗ ਹੈ ਕਿ ਰਿਪੋਰਟ ਜਨਤਕ ਕੀਤੀ ਜਾਵੇ, ਜਦੋਂ ਹੁਣ ਸਰਕਾਰ ‘ਬਰਗਾੜੀ ਰਿਪੋਰਟ’ ਨੂੰ ਜਨਤਕ ਕਰਨ ਤੋਂ ਪਿੱਛੇ ਹਟ ਰਹੀ ਹੈ, ਤਾਂ ਪੰਥਕ ਧਿਰਾਂ ਦੇ ਸ਼ੱਕ ਹੋਰ ਵਧ ਗਏ ਹਨ। ਦਰਅਸਲ ਹੁਣ ਤਕ ਦੀਆਂ ਖਬਰਾਂ ਮੁਤਾਬਕ ਬਰਗਾੜੀ ਕਾਂਡ ਦੀ ਤਾਰ ਸਿੱਧੀ ਡੇਰਾ ਸਿਰਸਾ ਨਾਲ ਜੁੜੀ ਹੈ। ਵੇਰਵਿਆਂ ਅਨੁਸਾਰ ਡੇਰਾ ਮੁਖੀ ਦੇ ਪੀਏ ਰਾਕੇਸ਼ ਦਿੜ੍ਹਬਾ ਦੇ ਇਸ਼ਾਰੇ ‘ਤੇ ਡੇਰੇ ਦੇ ਮੋਹਰੀ ਮੈਂਬਰਾਂ ਨੇ ਸਿੱਖ ਪ੍ਰਚਾਰਕਾਂ ਤੋਂ ਬਦਲਾ ਲੈਣ ਲਈ ਦੋ ਪੜਾਵੀ ਸਾਜ਼ਿਸ਼ ਘੜੀ। ਪਹਿਲੀ ਸਾਜ਼ਿਸ਼ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਮਾਰਨ ਦੀ ਸੀ ਅਤੇ ਦੂਸਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ। ਰਿਪੋਰਟ ਅਨੁਸਾਰ ਡੇਰਾ ਮੁਖੀ ਦੇ ਪੀਏ ਰਾਕੇਸ਼ ਦਿੜ੍ਹਬਾ ਦੀ ਹਦਾਇਤ ‘ਤੇ ਹਰਸ਼ ਧੂਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਨੇ ਕੋਟਕਪੂਰਾ ਦੇ ਮਹਿੰਦਰਪਾਲ ਬਿੱਟੂ ਨਾਲ ਸਿੱਖ ਪ੍ਰਚਾਰਕ ਦਾਦੂਵਾਲ ਨੂੰ ਭੀਖੀ ਵਿਚ ਮਾਰਨ ਦੀ ਯੋਜਨਾ ਬਣਾਈ ਸੀ। ਦਾਦੂਵਾਲ ਦੇ ਪ੍ਰੋਗਰਾਮਾਂ ਵਿਚ ਵੱਡੀ ਗਿਣਤੀ ਵਿਚ ਪ੍ਰੇਮੀ ਭੇਜੇ ਜਾਣ ਦੀ ਯੋਜਨਾ ਸੀ, ਤਾਂ ਜੋ ਹਮਲਾਵਰ ਬਚ ਕੇ ਨਿਕਲ ਸਕਣ। ਜਦੋਂ ਮਾਨਸਾ ਦੇ ਡੇਰਾ ਆਗੂਆਂ ਨੇ ਹਾਮੀ ਨਾ ਭਰੀ ਤਾਂ ਯੋਜਨਾ ਫ਼ਲਾਪ ਹੋ ਗਈ। ਬਿੱਟੂ ਨੇ ਡੇਰੇ ਦੇ ਹੁਕਮਾਂ ਨੂੰ ਅਮਲੀ ਰੂਪ ਦੇਣ ਲਈ ਆਪਣੇ ਸਾਥੀ ਨਿਸ਼ਾਨ ਸਿੰਘ ਕੋਟਕਪੂਰਾ, ਸ਼ਕਤੀ ਸਿੰਘ ਵਾਸੀ ਡੱਗੋ ਰੋਮਾਣਾ, ਰਣਦੀਪ ਸਿੰਘ ਨੀਲਾ ਫ਼ਰੀਦਕੋਟ, ਸੁਖਜਿੰਦਰ ਸਿੰਘ ਸੰਨੀ ਕੋਟਕਪੂਰਾ ਨਾਲ ਨਵੀਂ ਵਿਉਂਤ ਬਣਾਈ, ਜਿਸ ਤਹਿਤ ਸੰਨੀ ਤੇ ਨੀਲੇ ਨੇ ਮੱਲਕੇ, ਬਰਗਾੜੀ, ਸਾਹੋਕੇ ਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰਾਂ ਦੇ ਆਸੇ ਪਾਸੇ ਰੇਕੀ ਕੀਤੀ।
ਰਿਪੋਰਟ ਅਨੁਸਾਰ ਨੀਲਾ ਤੇ ਸੰਨੀ ਮੋਟਰਸਾਈਕਲ (ਪੀਬੀ 04 ਟੀ-0930) ‘ਤੇ ਬੁਰਜ ਜਵਾਹਰ ਸਿੰਘ ਵਾਲਾ ਗਏ। ਇਸ ਟੀਮ ਦੇ ਮੈਂਬਰ ਪਹਿਲਾਂ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਗੁਰਦੇਵ ਸਿੰਘ ਪ੍ਰੇਮੀ ਦੀ ਦੁਕਾਨ ‘ਤੇ ਗਏ, ਜਿੱਥੋਂ ਕੋਲਡ ਡਰਿੰਕ ਪੀਣ ਮਗਰੋਂ ਉਹ ਗੁਰੂ ਘਰ ਵਿੱਚ ਗਏ। ਗੁਰੂ ਘਰ ਵਿੱਚੋਂ ਸਰੂਪ ਚੁੱਕਣ ਮਗਰੋਂ ਮੋਟਰਸਾਈਕਲ ‘ਤੇ ਫ਼ਰਾਰ ਹੋ ਗਏ। ਕੋਟਕਪੂਰਾ ਸਾਈਡ ਉਡੀਕ ‘ਚ ਖੜ੍ਹੇ ਬਲਜੀਤ ਸਿੰਘ ਤੇ ਸ਼ਕਤੀ ਨੂੰ ਇਹ ਸਰੂਪ ਦੇ ਦਿੱਤੇ ਗਏ, ਜਿਨ੍ਹਾਂ ਨੇ ਸਰੂਪ ਸਮੇਤ ਅਲਟੋ ਕਾਰ ਕੋਟਕਪੂਰਾ ਦੇ ਨਾਮ ਚਰਚਾ ਘਰ ਵਿੱਚ ਖੜ੍ਹੀ ਕਰ ਦਿੱਤੀ। ਸ਼ਾਮ ਵਕਤ ਇਹ ਸਰੂਪ ਬਲਜੀਤ ਸਿੰਘ ਦੇ ਘਰ ਪਹੁੰਚਾਏ ਗਏ, ਜਿੱਥੇ ਸੰਦੂਕ ‘ਚ ਕਰੀਬ ਤਿੰਨ ਸਾਢੇ ਤਿੰਨ ਮਹੀਨੇ ਇਹ ਸਰੂਪ ਪਏ ਰਹੇ। ਜਦੋਂ ਸਤੰਬਰ 2015 ‘ਚ ਫ਼ਰੀਦਕੋਟ ਦੇ ਸਿਨੇਮਾ ਮਾਲਕਾਂ ਨੇ ਵਿਵਾਦਾਂ ਦੇ ਡਰੋਂ ਡੇਰਾ ਮੁਖੀ ਦੀ ਫ਼ਿਲਮ ਲਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਡੇਰਾ ਆਗੂਆਂ ਨੇ ਸਾਜ਼ਿਸ਼ ਨੂੰ ਅਗਲੇ ਪੜਾਅ ਵਿੱਚ ਦਾਖ਼ਲ ਕਰ ਦਿੱਤਾ। ਸਾਜ਼ਿਸ਼ ਤਹਿਤ ਸ਼ਕਤੀ ਸਿੰਘ ਨੇ ਬਰਗਾੜੀ ਤੋਂ ਸਾਫ਼ ਕਾਗ਼ਜ਼ ਤੇ ਮਾਰਕਰ ਲਿਆ ਕੇ ਬਿੱਟੂ ਕੋਟਕਪੂਰਾ ਨੂੰ ਦੇ ਦਿੱਤੇ, ਜਿੱਥੇ ਸੰਨੀ ਨੇ ਸਿੱਖ ਧਰਮ ਪ੍ਰਤੀ ਇਤਰਾਜ਼ਯੋਗ ਭਾਸ਼ਾ ‘ਚ ਪੋਸਟਰ ਲਿਖੇ। ਸ਼ਕਤੀ, ਸੰਨੀ, ਭੋਲੇ ਤੇ ਬਲਜੀਤ ਸਿੰਘ ਨੇ 24 ਅਤੇ 25 ਸਤੰਬਰ 2015 ਦੀ ਸ਼ਾਮ ਨੂੰ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ‘ਚ ਇਹ ਪੋਸਟਰ ਲਾ ਦਿੱਤੇ। ਇਵੇਂ 12 ਅਕਤੂਬਰ 2015 ਦੀ ਸਵੇਰ ਨੂੰ ਤਿੰਨ ਵਜੇ ਨਿਸ਼ਾਨ ਸਿੰਘ ਦੀ ਕਾਰ ਵਿੱਚ ਬਲਜੀਤ ਸਿੰਘ ਦੇ ਘਰੋਂ ਸਰੂਪ ਲਿਆਂਦੇ ਗਏ। ਰਿਪੋਰਟ ਦੇ ਤੱਥਾਂ ਅਨੁਸਾਰ ਕਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਗਏ। ਸੰਨੀ, ਨਿਸ਼ਾਨ ਤੇ ਭੋਲੇ ਨੇ ਪਵਿੱਤਰ ਅੰਗ ਖਿਲਾਰ ਦਿੱਤੇ। ਕੁਝ ਅੰਗ ਪ੍ਰਦੀਪ ਕੁਮਾਰ ਨੂੰ ਖਿਲਾਰਨ ਲਈ ਦਿੱਤੇ ਪਰ ਉਸ ਨੇ ਇਹ ਅੰਗ ਰਜਵਾਹੇ ਵਿਚ ਜਲ ਪ੍ਰਵਾਹ ਕਰ ਦਿੱਤੇ।
ਇਸੇ ਦੌਰਾਨ ਜਦੋਂ ਪੂਰੇ ਪੰਜਾਬ ਵਿੱਚ ਰੋਸ ਵਜੋਂ ਧਰਨੇ ਮੁਜ਼ਾਹਰੇ ਹੋਣ ਲੱਗੇ ਤਾਂ 26-27 ਅਕਤੂਬਰ 2015 ਨੂੰ ਹਰਸ਼ ਧੂਰੀ ਦੇ ਆਦੇਸ਼ਾਂ ‘ਤੇ ਬਿੱਟੂ ਨੇ ਦੋ ਡੇਰਾ ਪੈਰੋਕਾਰਾਂ ਨੂੰ ਬਾਕੀ ਬਚਦੇ ਅੰਗ ਉਸ ਤੱਕ ਪਹੁੰਚਾਉਣ ਲਈ ਆਖਿਆ। ਬਿੱਟੂ ਨੇ ਆਪਣੇ ਬਚਾਅ ਲਈ ਗੁਰੂ ਗ੍ਰੰਥ ਸਾਹਿਬ ਦੀ ਜਿਲਦ ਆਪਣੀ ਬੇਕਰੀ ਦੀ ਭੱਠੀ ਵਿੱਚ ਜਲਾ ਦਿੱਤੀ ਅਤੇ ਬਾਕੀ ਬਚਦਾ ਸਰੂਪ ਡਰੇਨ ਵਿੱਚ ਸੁੱਟ ਦਿੱਤਾ। ਜਾਂਚ ਟੀਮ ਦੇ ਮੁਖੀ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਤੱਥਾਂ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਮੁਕੰਮਲ ਰਿਪੋਰਟ ਪੁਲੀਸ ਮੁਖੀ ਰਾਹੀਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਸੀਬੀਆਈ ਨੂੰ ਸੌਂਪ ਦਿੱਤੀ ਹੈ।