‘ਆਪ’ਦੀ ਪੰਜਾਬ ਇਕਾਈ ‘ਚ ਕੇਜਰੀਵਾਲ ਦਾ ਪੱਲੜਾ ਭਾਰੀ ਸੁਖਪਾਲ ਖਹਿਰੇ ਨਾਲ ਫਿਲਹਾਲ ੭ ਵਿਧਾਇਕ

‘ਆਪ’ਦੀ ਪੰਜਾਬ ਇਕਾਈ ‘ਚ ਕੇਜਰੀਵਾਲ ਦਾ ਪੱਲੜਾ ਭਾਰੀ ਸੁਖਪਾਲ ਖਹਿਰੇ ਨਾਲ ਫਿਲਹਾਲ ੭ ਵਿਧਾਇਕ

ਕੈਪਸ਼ਨ : ‘ਆਪ’ ਦੀ ਸੋਮਵਾਰ ਨੂੰ ਦਿੱਲੀ ਵਿਚ ਹੋਈ ਮੀਟਿੰਗ ਦਾ ਦ੍ਰਿਸ਼।

ਚੰਡੀਗੜ੍ਹ/ਬਿਊਰੋ ਨਿਊਜ਼ :

ਆਮ ਆਦਮੀ ਪਾਰਟੀ ਹਾਈਕਮਾਨ ਨੇ ਖਹਿਰਾ ਦੀ ਦੋ ਅਗਸਤ ਵਾਲੀ ਰੈਲੀ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਖਹਿਰਾ ਦੀ ਦੋ ਅਗਸਤ ਨੂੰ ਬਠਿੰਡਾ ਵਿਚ ਹੋਣ ਵਾਲੀ ਕਨਵੈਨਸ਼ਨ ਨੂੰ ਐਂਟੀ ‘ਆਪ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਜੋ ਵੀ ਇਸ ਕਨਵੈਨਸ਼ਨ ਵਿੱਚ ਜਾਏਗਾ ਉਸ ਨੂੰ ਪਾਰਟੀ ਵਿਰੋਧੀ ਸਮਝਿਆ ਜਾਵੇਗਾ। ਮੀਟਿੰਗ ਵਿੱਚ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ, ਨਵੇਂ ਬਣੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ, ਲੋਕ ਸਭਾ ਮੈਂਬਰ ਸਾਧੂ ਸਿੰਘ ਤੋਂ ਇਲਾਵਾ ਬਹੁਗਿਣਤੀ ਜ਼ਿਲ੍ਹਾ ਤੇ ਜ਼ੋਨਲ ਪ੍ਰਧਾਨ ਹਾਜ਼ਰ ਸਨ।

ਸਿਸੋਦੀਆ ਨੇ ਇਹ ਫੈਸਲਾ ਦਿੱਲੀ ਵਿੱਚ ਹੋਈ ਪੰਜਾਬ ‘ਆਪ’ ਬਾਰੇ ਦੂਜੀ ਬੈਠਕ ਵਿਚ ਲਿਆ ਹੈ। ਇਸ ਦਾ ਮਤਲਬ ਸਾਫ ਹੈ ਕਿ ਖਹਿਰਾ ਤੇ ਉਨ੍ਹਾਂ ਦੇ ਸਮਰਥਕ ਵਿਧਾਇਕਾਂ ਵਿਰੁੱਧ ਪਾਰਟੀ ਸਖ਼ਤੀ ਵਰਤਣ ਦੇ ਰੌਂਅ ਵਿੱਚ ਹੈ ਤੇ ਰੈਲੀ ਕਰਨ ‘ਤੇ ਅਨੁਸ਼ਾਸਨਿਕ ਕਾਰਵਾਈ ਕਰਨ ਦੇ ਸੰਕੇਤ ਵੀ ਦਿੱਤੇ ਹਨ। ਇਸ ਤਰ੍ਹਾਂ ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਨੇ ਦਿੱਲੀ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾ ਕੇ ਹਰਪਾਲ ਸਿੰਘ ਚੀਮਾ ਨੂੰ ਨਿਯੁਕਤ ਕਰਨ ਦੇ ਫ਼ੈਸਲੇ ਉਪਰ ਸਰਬਸੰਮਤੀ ਨਾਲ ਮੋਹਰ ਲਾ ਦਿੱਤੀ ਹੈ।
‘ਆਪ’ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਹੋਈ ਬੈਠਕ ਦੌਰਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਸਾਬਕਾ ਇੰਚਾਰਜ ਤੇ ਰਾਜ ਸਭਾ ਮੈਂਬਰ ਵੀ ਹਾਜ਼ਰ ਸਨ। ਮੀਟਿੰਗ ਵਿੱਚ ਇਹ ਫ਼ੈਸਲਾ ਵੀ ਹੋਇਆ ਕਿ ਸ੍ਰੀ ਖਹਿਰਾ ਵੱਲੋਂ 2 ਅਗਸਤ ਨੂੰ ਬਠਿੰਡਾ ‘ਚ ਸੱਦੀ ਕਨਵੈਨਸ਼ਨ ਨਾਲ ਪਾਰਟੀ ਦਾ ਕੋਈ ਸਬੰਧ ਨਹੀਂ ਹੈ ਅਤੇ ਇਹ ਕਨਵੈਨਸ਼ਨ ਪੰਜਾਬ ਦੇ ਮੁੱਦਿਆਂ ਲਈ ਨਹੀਂ ਸਗੋਂ ਕੁਰਸੀ ਖੁੱਸਣ ਦੇ ਰੋਸ ਵਜੋਂ ਪਾਰਟੀ ਵਿਰੁੱਧ ਕੀਤੀ ਜਾ ਰਹੀ ਹੈ। ਕਨਵੈਨਸ਼ਨ ‘ਚ ਪਾਰਟੀ ਦਾ ਕੋਈ ਵੀ ਆਗੂ ਹਾਜ਼ਰੀ ਨਹੀਂ ਭਰੇਗਾ। ਮੀਟਿੰਗ ਵਿਚ ਸਮੂਹ ਜ਼ੋਨ ਪ੍ਰਧਾਨ, 26 ਜ਼ਿਲ੍ਹਾ ਪ੍ਰਧਾਨਾਂ ਵਿੱਚੋਂ 23 ਅਤੇ ਕਿਸਾਨ ਵਿੰਗ ਨੂੰ ਛੱਡ ਕੇ ਬਾਕੀ ਸਾਰੇ ਵਿੰਗਾਂ ਦੇ ਪ੍ਰਧਾਨ ਤੇ ਸਹਿ-ਪ੍ਰਧਾਨ ਸ਼ਾਮਲ ਸਨ। ਭਾਵੇਂ 7 ਵਿਧਾਇਕ ਸ੍ਰੀ ਖਹਿਰਾ ਦੀ ਪਿੱਠ ‘ਤੇ ਖੜ੍ਹੇ ਹਨ ਪਰ ਪਾਰਟੀ ਵਿੱਚੋਂ ਉਨ੍ਹਾਂ ਨੂੰ ਕੋਈ ਸਮਰਥਨ ਨਹੀਂ ਮਿਲ ਸਕਿਆ ਹੈ।
ਮੀਟਿੰਗ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਉਪਰ ਤਿੱਖੇ ਹਮਲੇ ਕਰਦਿਆਂ ਫ਼ੈਸਲਾ ਕੀਤਾ ਗਿਆ ਕਿ ਭਵਿੱਖ ਵਿਚ ਪਾਰਟੀ ਬੈਂਸ ਭਰਾਵਾਂ ਨਾਲ ਕੋਈ ਸਿਆਸੀ ਸਮਝੌਤਾ ਨਹੀਂ ਕਰੇਗੀ। ਆਗੂਆਂ ਨੇ ਦੋਸ਼ ਲਾਇਆ ਕਿ ਬੈਂਸ ਭਰਾ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਾਜ਼ਿਸ਼ ‘ਤੇ ‘ਆਪ’ ਦੇ ਕੁਝ ਆਗੂਆਂ ਦੇ ਮੋਢਿਆਂ ਉਪਰ ਬੰਦੂਕ ਰੱਖ ਕੇ ਸ੍ਰੀ ਕੇਜਰੀਵਾਲ ਵਿਰੁੱਧ ਸਿਆਸੀ ਹਮਲੇ ਕਰਦੇ ਆ ਰਹੇ ਹਨ। ਸੂਤਰਾਂ ਅਨੁਸਾਰ ਮੀਟਿੰਗ ਵਿੱਚ ਸ੍ਰੀ ਸਿਸੋਦੀਆ ਨੇ ਸਵਾਲ ਉਠਾਇਆ ਕਿ ਸ੍ਰੀ ਖਹਿਰਾ, ਕੈਪਟਨ ਅਤੇ ਬਾਦਲਾਂ ਵਿਰੁੱਧ ਤਾਂ ਨਿਰੰਤਰ ਬੋਲਦੇ ਰਹਿੰਦੇ ਹਨ ਪਰ ‘ਆਪ’ ਵਿਰੁੱਧ ਬੋਲਣ ਵਾਲੇ ਬੈਂਸ ਭਰਾਵਾਂ ਬਾਰੇ ਉਹ ਖਾਮੋਸ਼ ਕਿਉਂ ਰਹਿਦੇ ਹਨ? ਮੀਟਿੰਗ ਵਿਚ ਮੰਗ ਕੀਤੀ ਗਈ ਕਿ ਸਿਮਰਜੀਤ ਸਿੰਘ ਬੈਂਸ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੂੰ ‘ਪੱਪੂ’ ਕਹਿਣ ਲਈ ਸਮੁੱਚੇ ਦਲਿਤ ਭਾਈਚਾਰੇ ਕੋਲੋਂ ਮੁਆਫ਼ੀ ਮੰਗਣ ਕਿਉਂਕਿ ਉਨ੍ਹਾਂ ਅਜਿਹਾ ਆਖ ਕੇ ਸਮੁੱਚੇ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਹੈ।
ਮੀਟਿੰਗ ਨੂੰ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਹਰਪਾਲ ਚੀਮਾ, ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਧਾਲੀਵਾਲ, ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੱਧੂ ਆਦਿ ਨੇ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ। ਸੂਤਰਾਂ ਅਨੁਸਾਰ ਇਸ ਮੌਕੇ ਪੰਜਾਬ ਦੇ ਕੁੱਝ ਆਗੂਆਂ ਨੇ ਕਿਹਾ ਕਿ ਸ੍ਰੀ ਖਹਿਰਾ ‘ਆਪ’ ਦੀ ਟਿਕਟ ਤੋਂ ਵਿਧਾਇਕ ਤੇ ਵਿਰੋਧੀ ਧਿਰ ਦੇ ਆਗੂ ਬਣਨ ਦੇ ਬਾਵਜੂਦ ਅਕਸਰ ਆਪਣੀ ਪਾਰਟੀ ਅਤੇ ਲੀਡਰਸ਼ਿਪ ਨੂੰ ਨਿੰਦਦੇ ਹਨ ਜਦਕਿ ਪਾਰਟੀ ਵਿਰੁੱਧ ਸਾਜ਼ਿਸ਼ਾਂ ਘੜਨ ਵਾਲਿਆਂ ਨਾਲ ਹੱਥ ਮਿਲਾਉਂਦੇ ਹਨ।

ਉੱਧਰ, ਸੁਖਪਾਲ ਖਹਿਰਾ ਨੇ ਸਾਰਿਆਂ ਨੂੰ ਕਨਵੈਨਸ਼ਨ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਵਿਰੋਧੀ ਧਿਰ ਨੇਤਾ ਸੁਖਪਾਲ ਸਿੰਘ ਖਹਿਰਾ ਨੇ 2 ਅਗਸਤ ਨੂੰ ਕੀਤੀ ਜਾਣ ਵਾਲੀ ਕਨਵੈਨਸ਼ਨ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਸੱਚੇ ਸਿਪਾਹੀ ਹਨ ਅਤੇ ਉਨ੍ਹਾਂ ਨੇ ਦਿੱਲੀ ਵਿਚ ਪਾਰਟੀ ਹਾਈਕਮਾਂਡ ਵੱਲੋਂ ਸੱਦੀ ਗਈ ਮੀਟਿੰਗ ਵਿਚ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਸਪੱਸ਼ਟ ਕੀਤਾ ਹੈ।