ਸਿਮਰਨਜੀਤ ਸਿੰਘ ਮਾਨ ਨੇ ਜਥੇਦਾਰ ਕਾਉਂਕੇ ਕਤਲ ਕੇਸ ਦੇ ਦੋਸ਼ੀ ਅਫਸਰਾਂ ਖਿਲਾਫ ਕਾਰਵਾਈ ਮੰਗੀ

ਸਿਮਰਨਜੀਤ ਸਿੰਘ ਮਾਨ ਨੇ ਜਥੇਦਾਰ ਕਾਉਂਕੇ ਕਤਲ ਕੇਸ ਦੇ ਦੋਸ਼ੀ ਅਫਸਰਾਂ ਖਿਲਾਫ ਕਾਰਵਾਈ ਮੰਗੀ

ਸਰਕਾਰਾਂ ‘ਤੇ  ਤਿਵਾੜੀ ਰਿਪੋਰਟ ਨੂੰ ਦੱਬਣ ਦੇ ਦੋਸ਼ ਲਗਾਏ

ਫ਼ਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ :
ਪੰਜਾਬ ਵਿਚ 80-90 ਦੇ ਦਹਾਕੇ ਦੌਰਾਨ ਭਾਰਤੀ ਫੌਜ ਅਤੇ ਪੰਜਾਬ ਪੁਲਿਸ ਵਲੋਂ ਝੁਲਾਈ ਗਈ ਸਿੱਖ ਕਤਲੇਆਮ ਦੀ ਹਨੇਰੀ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਉੱਤੇ ਜ਼ੁਲਮ ਕਰਕੇ ਉਨ੍ਹਾਂ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਅਫਸਰਾਂ ਖਿਲਾਫ ਫੌਰੀ ਕਾਰਵਾਈ ਦੀ ਮੰਗ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਥੇਦਾਰ ਕਤਲ ਕੇਸ ਦੀ ਜਾਂਚ ਕਰਕੇ ਤਿਵਾੜੀ ਕਮਿਸ਼ਨ ਵੱਲੋਂ ਆਪਣੀ ਰਿਪੋਰਟ ਬਹੁਤ ਪਹਿਲੇ ਪੂਰਨ ਕਰਕੇ ਸਰਕਾਰ ਨੂੰ ਦੇਣ ਦੇ ਬਾਵਜੂਦ ਵੀ ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਅਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਨੇ ਤਿਵਾੜੀ ਰਿਪੋਰਟ ਨੂੰ ਨਾ ਤਾਂ ਜਨਤਕ ਕੀਤਾ ਅਤੇ ਨਾ ਹੀ ਉਸ ਰਿਪੋਰਟ ਮੁਤਾਬਿਕ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ।
ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਹ ਦੋਵੇ ਆਗੂ ਸਿੱਖ ਕੌਮ ਦੇ ਕਾਤਲਾਂ ਦੇ ਸਹਿਯੋਗੀ ਹੀ ਸਾਬਤ ਹੁੰਦੇ ਆ ਰਹੇ ਹਨ, ਜਿਸ ਤੋਂ ਸਿੱਖ ਕੌਮ ਤੇ ਪੰਜਾਬੀਆਂ ਨੂੰ ਸੁਚੇਤ ਰਹਿਣਾ ਪਵੇਗਾ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕਾਤਲ ਕੰਵਲਜੀਤ ਸਿੰਘ ਸੰਧੂ, ਗੁਰਦੀਪ ਸਿੰਘ ਇੰਸਪੈਕਟਰ ਅਤੇ ਹੋਰਨਾਂ ਨੇ ਜਥੇਦਾਰ ਸਾਹਿਬ ਉਤੇ ਬਹੁਤ ਹੀ ਅਕਹਿ ਤੇ ਅਸਹਿ ਜਬਰ -ਜ਼ੁਲਮ ਕਰਕੇ ਸ਼ਹੀਦ ਕੀਤਾ ਅਤੇ ਫਿਰ ਸੀਆਈਏ. ਜਗਰਾਉਂ ਵਿਚ ਉਨ੍ਹਾਂ ਦੀ ਲਾਸ਼ ਦੇ ਟੋਟੇ ਕਰਕੇ ਉਨ੍ਹਾਂ ਨੂੰ ਬੋਰੀ ਵਿਚ ਪਾ ਕੇ ਸਤਲੁਜ ਦਰਿਆ ਦੇ ਡੂੰਘੇ ਥਾਂ ਤੇ ਸੁੱਟ ਦਿੱਤਾ ਸੀ।
ਬਿਆਨ ਵਿਚ ਕਿਹਾ ਗਿਆ ਹੈ ਕਿ ਪਾਰਟੀ ਦੇ ਜਨਰਲ ਸਕੱਤਰ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਜਥੇਦਾਰ ਤਰਲੋਕ ਸਿੰਘ ਡੱਲਾ ਪ੍ਰਧਾਨ ਜ਼ਿਲ੍ਹਾ ਜਗਰਾਉਂ ਜਥੇਦਾਰ ਕਾਉਂਕੇ ਕਤਲ ਕੇਸ ਦੇ ਚਸ਼ਮਦੀਦ ਗਵਾਹ ਅੱਜ ਵੀ ਮੌਜੂਦ ਹਨ।
ਉਨ੍ਹਾਂ ਕਿਹਾ ਕਿ ਜੇਕਰ ਮੌਜੂਦਾ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਸਿੱਖ ਕੌਮ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਅਤੇ ਇਨਸਾਫ਼ ਦੇਣ ਲਈ ਸੁਹਿਰਦ ਹੈ ਤਾਂ ਉਨ੍ਹਾਂ ਨੂੰ ਤੁਰੰਤ ਤਿਵਾੜੀ ਰਿਪੋਰਟ ਮੁਤਾਬਿਕ ਕਾਰਵਾਈ ਕਰਕੇ ਕਾਤਲ ਅਫਸਰਸ਼ਾਹੀ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜ਼ਾਵਾਂ ਦੇਣ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ।