ਮੋਤੀਆਂ ਵਾਲੀ ਸਰਕਾਰ ਅਰੂਸਾ ਦਾ ਜਨਮ ਦਿਨ ਮਨਾਉਣ ਮਨਾਲੀ ਪਹੁੰਚੀ

ਮੋਤੀਆਂ ਵਾਲੀ ਸਰਕਾਰ ਅਰੂਸਾ ਦਾ ਜਨਮ ਦਿਨ ਮਨਾਉਣ ਮਨਾਲੀ ਪਹੁੰਚੀ

ਹੋਟਲ ਉਰਵਸ਼ੀ ਰਿਟਰੀਟ ਵਿਖੇ ਅਰੂਸਾ ਆਲਮ ਅਤੇ ਉਸ ਦੇ ਦੋਸਤ ਆਨੰਦ ਮਾਣਦੇ ਹੋਏ।
ਮਨਾਲੀ/ਬਿਊਰੋ ਨਿਊਜ਼ :
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਦੇ ਜਨਮ ਦਿਨ ਦੀ ਪਾਰਟੀ ਮਨਾਲੀ ਦੇ ਲੋਕਾਂ ਲਈ ਵੱਡੀ ਦਿਲਚਸਪੀ ਅਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਪਾਰਟੀ ਲਈ ਮਨਾਲੀ ਨਾਲ ਲਗਦੇ ਪਿੰਡ ਸਨਾਗ ਦਾ ਹੋਟਲ ਉਰਵਸ਼ੀ ਰਿਟਰੀਟ ਪਹਿਲਾਂ ਹੀ ਬੁੱਕ ਕਰ ਲਿਆ ਗਿਆ ਸੀ ਅਤੇ ਪੰਜਾਬ ਤੋਂ ਨਵੀਨਤਮ ਹਥਿਆਰਾਂ ਨਾਲ ਲੈਸ ਸੁਰੱਖਿਆ ਕਰਮਚਾਰੀ ਤੇ ਅਧਿਕਾਰੀ ਇਕ ਦਿਨ ਪਹਿਲਾਂ ਹੀ ਇਥੇ ਪੁੱਜ ਗਏ ਸਨ, ਜਿਨ੍ਹਾਂ ਦੀ ਕਮਾਂਡ ਪੰਜਾਬ ਦੇ ਇਕ ਵਧੀਕ ਡੀਜੀਪੀ. ਰੈਂਕ ਦੇ ਅਧਿਕਾਰੀ ਹੇਠ ਹੈ। ਆਖਰ ਤਕ ਹੋਟਲ ਵਿਚ ਕੋਈ 40 ਤੋਂ 50 ਹੋਰ ਮਹਿਮਾਨਾਂ ਦੇ ਪੁੱਜਣ ਦੀ ਖ਼ਬਰ ਹੈ, ਜਿਨ੍ਹਾਂ ‘ਚੋਂ ਕੁਝ ਪਾਕਿਸਤਾਨ ਤੋਂ ਵੀ ਆਏ ਦੱਸੇ ਜਾ ਰਹੇ ਹਨ ਪਰ ਪੰਜਾਬ ਪੁਲਿਸ ਅਤੇ ਹਿਮਾਚਲ ਪੁਲਿਸ ਦੇ ਸਖ਼ਤ ਪ੍ਰਬੰਧਾਂ ਕਾਰਨ ਕਿਸੇ ਵੀ ਸਥਾਨਕ ਵਿਅਕਤੀ ਨੂੰ ਰਿਜ਼ਾਰਟ ਦੇ ਨੇੜੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਸਥਾਨਕ ਸੂਤਰਾਂ ਦਾ ਦੱਸਣਾ ਹੈ ਕਿ ਉਕਤ ਰਿਜ਼ਾਰਟ ਦੇ ਬਗੀਚੇ ਵਿਚ ਪਾਰਟੀ ਅਤੇ ਰੰਗਾਰੰਗ ਪ੍ਰੋਗਰਾਮ ਜਾਰੀ ਰਿਹਾ ਅਤੇ ਇਸ ਮੰਤਵ ਲਈ ਚੰਡੀਗੜ੍ਹ ਤੋਂ ਇਕ ਵਿਸ਼ੇਸ਼ ਮਿਊਜ਼ਿਕ ਗਰੁੱਪ ਵੀ ਇੱਥੇ ਪੁੱਜਾ ਹੋਇਆ ਹ ੈਜੋ ਮੁੱਖ ਮੰਤਰੀ ਨੂੰ ਬਹੁਤ ਪਸੰਦ ਦੱਸਿਆ ਜਾ ਰਿਹਾ ਹੈ ਕਿ ਉਹ ਹੈ।
ਵਰਨਣਯੋਗ ਹੈ ਕਿ ਅਰੂਸਾ ਆਲਮ ਦਾ ਜਨਮ 22 ਮਈ, 1955 ਦਾ ਹੈ। ਸੂਤਰਾਂ ਦਾ ਦੱਸਣਾ ਹੈ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਸੋਢੀ, ਰਾਜ ਦੇ ਐਡਵੋਕੇਟ ਜਨਰਲ ਸ੍ਰੀ ਅਤੁਲ ਨੰਦਾ ਅਤੇ ਸੀਨੀਅਰ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ, ਪੰਜਾਬ ਦੇ ਇਕ ਡੀਜੀਪੀ. ਮੁਹੰਮਦ ਮੁਸਤਫ਼ਾ ਅਤੇ ਉਨ੍ਹਾਂ ਦੀ ਕੈਬਨਿਟ ਮੰਤਰੀ ਪਤਨੀ ਰਜ਼ੀਆ ਸੁਲਤਾਨਾ ਪਰਿਵਾਰਾਂ ਸਮੇਤ ਇਥੇ ਪੁੱਜੇ ਹੋਏ ਹਨ। ਪੰਜਾਬ ਤੋਂ ਕੁਝ ਹੋਰ ਸੀਨੀਅਰ ਅਧਿਕਾਰੀ ਅਤੇ ਮੁੱਖ ਮੰਤਰੀ ਦੇ ਨਿੱਜੀ ਦੋਸਤ ਅਤੇ ਅਰੂਸਾ ਆਲਮ ਦੇ ਨਿੱਜੀ ਦੋਸਤਾਂ ਦੇ ਵੀ ਪੁੱਜਣ ਦੀ ਰਿਪੋਰਟ ਹੈ, ਜਦੋਂਕਿ ਮੁੱਖ ਮੰਤਰੀ ਦੇ ਕਿਸੇ ਪਰਿਵਾਰਕ ਮੈਂਬਰ ਦੀ ਇਸ ਪਾਰਟੀ ਵਿਚ ਪੁੱਜਣ ਦੀ ਸੂਚਨਾ ਨਹੀਂ।
ਚਰਚਾ ਇਹ ਵੀ ਸੀ ਕਿ ਪੰਜਾਬ ਪੁਲਿਸ ਦੇ ਸੁਰੱਖਿਆ ਅਮਲੇ ਵਲੋਂ ਰਿਜ਼ਾਰਟ ਅੰਦਰ ਜਾਣ ਵਾਲੇ ਲੋਕਾਂ ਤੋਂ ਮੋਬਾਈਲ ਫ਼ੋਨ ਵੀ ਲਏ ਜਾ ਰਹੇ ਸਨ । ਸੂਚਨਾ ਅਨੁਸਾਰ ਮਨਾਲੀ ਵਿਖੇ ਇਨ੍ਹਾਂ ਮਹਿਮਾਨਾਂ ਨੂੰ ਪਹੁੰਚਾਉਣ ਲਈ ਕਈ ਨਿੱਜੀ ਹੈਲੀਕਾਪਟਰ ਵੀ ਇਥੇ ਪੁੱਜੇ। ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਸਾਲ ਅਰੂਸਾ ਆਲਮ ਦੀ ਜਨਮ ਦਿਨ ਪਾਰਟੀ ਮਨਾਲੀ ‘ਚ ਰੱਖਣ ਦਾ ਫ਼ੈਸਲਾ ਇਸ ਲਈ ਲਿਆ ਗਿਆ ਕਿਉਂਕਿ ਭਾਰਤ ਦੇ ਰਾਸ਼ਟਰਪਤੀ ਇਨ੍ਹਾਂ ਦਿਨਾਂ ‘ਚ ਸ਼ਿਮਲਾ ਆਏ ਹੋਏ ਹਨ। ਪਿਛਲੇ ਸਾਲ ਮੁੱਖ ਮੰਤਰੀ ਵਲੋਂ ਇਹ ਪਾਰਟੀ ਸ਼ਿਮਲਾ ਵਿਖੇ ਰੱਖੀ ਗਈ ਸੀ।