ਕਾਂਗਰਸ ਤੇ ਜਨਤਾ ਦਲ (ਐਸ) ਵਿਚਾਲੇ ਅਗਾਮੀ ਲੋਕ ਸਭਾ ਚੋਣਾਂ ‘ਚ ਵੀ ਗੱਠਜੋੜ ਜਾਰੀ ਰੱਖਣ ਬਾਰੇ ਸਹਿਮਤੀ

ਕਾਂਗਰਸ ਤੇ ਜਨਤਾ ਦਲ (ਐਸ) ਵਿਚਾਲੇ ਅਗਾਮੀ ਲੋਕ ਸਭਾ ਚੋਣਾਂ ‘ਚ ਵੀ ਗੱਠਜੋੜ ਜਾਰੀ ਰੱਖਣ ਬਾਰੇ ਸਹਿਮਤੀ

ਬੰਗਲੁਰੂ/ਬਿਊਰੋ ਨਿਊਜ਼ :
ਕਾਂਗਰਸ ਆਗੂ ਅਤੇ ਕਰਨਾਟਕ ਦੇ ਉਪ ਮੁੱਖ ਮੰਤਰੀ ਜੀ ਪਰਮੇਸ਼ਵਰ ਨੇ ਕਿਹਾ ਹੈ ਕਿ ਆਮ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਉਨ੍ਹਾਂ ਦੀ ਪਾਰਟੀ ਅਤੇ ਜਨਤਾ ਦਲ (ਐਸ) ਦਰਮਿਆਨ ਅਜੇ ਕੋਈ ਗੱਲਬਾਤ ਨਹੀਂ ਹੋਈ ਹੈ। ਦੋਵੇਂ ਪਾਰਟੀਆਂ ਨੇ ਸੂਬੇ ‘ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਗਠਜੋੜ ਕਰਨ ਦਾ ਫ਼ੈਸਲਾ ਲਿਆ ਹੈ। ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਲਈ ਵਰਕਰਾਂ ਨਾਲ ਸੱਦੀ ਬੈਠਕ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਕਾਂਗਰਸ ਆਗੂ ਨੇ ਕਿਹਾ ਕਿ ਜਨਤਾ ਦਲ (ਐਸ) ਦਾ ਟੀਚਾ 2019 ‘ਚ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਹੈ। ਸ੍ਰੀ ਪਰਮੇਸ਼ਵਰ ਨੇ ਕਿਹਾ,”ਅਸੀਂ ਜਨਤਾ ਦਲ (ਐਸ) ਨਾਲ ਲੋਕ ਸਭਾ ਚੋਣਾਂ ਲਈ ਵੀ ਗਠਜੋੜ ਕੀਤਾ ਹੈ ਤਾਂ ਜੋ ਭਾਜਪਾ ਨੂੰ ਕੇਂਦਰ ‘ਚੋਂ ਹਟਾਇਆ ਜਾ ਸਕੇ। ਅਸੀਂ ਸੀਟਾਂ ਦੀ ਵੰਡ ਬਾਰੇ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ ਹੈ। ਮੈਂ ਅਤੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਉਮੀਦਵਾਰਾਂ ਬਾਰੇ ਫ਼ੈਸਲਾ ਲਵਾਂਗੇ।”
ਸੂਬਾ ਕਾਂਗਰਸ ਪ੍ਰਧਾਨ ਨੇ ਵਿਭਾਗਾਂ ਦੀ ਵੰਡ ‘ਚ ਪਏ ਰੇੜਕੇ ਬਾਰੇ ਕਿਹਾ ਕਿ ਪਾਰਟੀ ਨੂੰ 22 ਵਿਭਾਗ ਮਿਲੇ ਹਨ ਜੋ ਉਹ ਬਿਨਾ ਕਿਸੇ ਦਿੱਕਤ ਦੇ ਵੰਡ ਦੇਣਗੇ।
ਉਨ੍ਹਾਂ ਕਿਹਾ ਕਿ ਦੋ ਵਾਰ ਤੋਂ ਜ਼ਿਆਦਾ ਅਹੁਦੇ ‘ਤੇ ਰਹਿ ਚੁੱਕੇ ਵਿਧਾਇਕਾਂ ਨੂੰ ਮੰਤਰੀ ਨਾ ਬਣਾਏ ਜਾਣ ਦਾ ਸੁਝਾਅ ਆਇਆ ਹੈ।
ਸ੍ਰੀ ਪਰਮੇਸ਼ਵਰ ਨੇ ਦੋਸ਼ ਲਾਇਆ ਕਿ ਕੇਂਦਰ ਸੀਬੀਆਈ ਦੀ ਦੁਰਵਰਤੋਂ ਕਰਕੇ ਕਾਂਗਰਸ ਆਗੂਆਂ ਨੂੰ ਝੂਠੇ ਕੇਸਾਂ ‘ਚ ਫਸਾ ਰਿਹਾ ਹੈ। ਸੂਬੇ ਦੇ ਨਵੇਂ ਕਾਂਗਰਸ ਪ੍ਰਧਾਨ ਦੀ ਨਿਯੁਕਤੀ ਬਾਰੇ ਉਨ੍ਹਾਂ ਕਿਹਾ ਕਿ ਇਸ ਅਹੁਦੇ ਦੇ ਕਈ ਦਾਅਵੇਦਾਰ ਹਨ ਅਤੇ ਹਾਈ ਕਮਾਂਡ ਨੇ ਇਸ ਬਾਰੇ ਫ਼ੈਸਲਾ ਲੈਣਾ ਹੈ।