ਪੰਜਾਬ ‘ਚ ਅੰਦਰਖਾਤੇ ਤੀਜੇ ਰਾਜਸੀ ਗਠਜੋੜ ਦੀਆਂ ਤਿਆਰੀਆਂ

ਪੰਜਾਬ ‘ਚ ਅੰਦਰਖਾਤੇ ਤੀਜੇ ਰਾਜਸੀ ਗਠਜੋੜ ਦੀਆਂ ਤਿਆਰੀਆਂ

ਚੰਡੀਗੜ੍ਹ/ਬਿਊਰੋ ਨਿਊਜ਼ :

ਪੰਜਾਬ ਦੀ ਸਿਆਸਤ ‘ਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਮਨਫ਼ੀ ਕਰਨ ਲਈ ਤੀਜਾ ਸਿਆਸੀ ਗਠਜੋੜ ਖੜਾ ਕਰਨ ਵਾਸਤੇ ਅੰਦਰਖਾਤੇ ਸਰਗਰਮੀਆਂ ਚਲ ਰਹੀਆਂ ਹਨ। ਤੀਜੇ ਗਠਜੋੜ ਲਈ ਆਮ ਆਦਮੀ ਪਾਰਟੀ (ਆਪ), ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਰਵਾਇਤੀ ਅਕਾਲੀ ਦਲ ਇਕ-ਦੂਜੇ ਨਾਲ ਨੇੜਤਾ ਵਧਾਉਣ ਲੱਗ ਪਏ ਹਨ। ਤਿੰਨਾਂ ਪਾਰਟੀਆਂ ਦਰਮਿਆਨ ਮੁਢਲੇ ਗੇੜ ਦੀਆਂ ਦੋ ਮੀਟਿੰਗਾਂ ਹੋ ਚੁੱਕੀਆਂ ਹਨ। ਬਰਗਾੜੀ ਇਨਸਾਫ਼ ਮੋਰਚਾ ਇਸ ਰਾਜਨੀਤਕ ਗਠਜੋੜ ਲਈ ਕੇਂਦਰ ਦਾ ਧੁਰਾ ਬਣ ਚੁੱਕਾ ਹੈ।

ਜਥੇਦਾਰ ਧਿਆਨ ਸਿੰਘ ਮੰਡ ਵਲੋਂ ਬਰਗਾੜੀ ਵਿਖੇ ਦੋ ਹਫ਼ਤਿਆਂ ਤੋਂ ਚਲ ਰਹੇ ਇਨਸਾਫ਼ ਮੋਰਚਾ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਡਾ. ਰਸ਼ਪਾਲ ਰਾਜੂ ਤੇ ਲਾਲ ਸਿੰਘ ਸਲਾਣੀਆ ਦੀ ਸ਼ਿਰਕਤ ਇਸੇ ਲੜੀ ਦਾ ਇਕ ਸੰਕੇਤ ਸਮਝਿਆ ਜਾ ਰਿਹਾ ਹੈ। ਭਾਈ ਮੰਡ ਵਲੋਂ ਬਰਗਾੜੀ ਵਿਖੇ ਸ਼ੁਰੂ ਕੀਤੇ ਮੋਰਚੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਅਤੇ ਬਰਗਾੜੀ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ‘ਆਪ’ ਦੇ ਅੱਧੀ ਦਰਜਨ ਵਿਧਾਇਕ ਵੀ ਧਰਨੇ ‘ਤੇ ਬੈਠ ਰਹੇ ਹਨ।

ਉੱਚ ਭਰੋਸੇਯੋਗ ਸੂਤਰਾਂ ਦਾ ਦੱਸਣਾ ਹੈ ਕਿ ਬਾਦਲਾਂ ਵਿਰੋਧੀ ਤਿੰਨਾਂ ਪਾਰਟੀਆਂ ਦੀ ਤੀਜੀ ਮੀਟਿੰਗ ਫ਼ਰੀਦਕੋਟ ਜ਼ਿਲ੍ਹੇ ਵਿਚ ਰੱਖੀ ਗਈ ਹੈ। ਸੂਤਰ ਇਹ ਵੀ ਦੱਸਦੇ ਹਨ ਕਿ ਇਨ੍ਹਾਂ ਮੀਟਿੰਗਾਂ ਵਿਚ ਹਾਲ ਦੀ ਘੜੀ ‘ਆਪ’ ਤੇ ਬਸਪਾ ਦੇ ਸੂਬਾ ਪਧਰੀ ਆਗੂ ਹਿੱਸਾ ਲੈ ਰਹੇ ਹਨ ਪਰ ਹਦਾਇਤਾਂ ਹਾਈ ਕਮਾਂਡ ਵਲੋਂ ਦਿਤੀਆਂ ਜਾ ਰਹੀਆਂ ਹਨ। ਤੀਜੇ ਗਠਜੋੜ ਲਈ ਮੁਢਲੇ ਦੌਰ ਦੀਆਂ ਮੀਟਿੰਗਾਂ ਵਿਚ ਰਵਾਇਤੀ ਅਕਾਲੀ ਦਲਾਂ ਵਲੋਂ ਅਕਾਲੀ ਦਲ ਯੂਨਾਈਟਡ ਅਤੇ ਅਕਾਲੀ ਦਲ 1920 ਦੇ ਆਗੂ ਮੋਹਰੀ ਭੂਮਿਕਾ ਨਿਭਾਅ ਰਹੇ ਹਨ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਨਾਲ ਲੈ ਕੇ ਚੱਲਣ ਬਾਰੇ ਵੀ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਹਿਲਾਂ ਹੀ ਬਹੁਜਨ ਮੁਕਤੀ ਮੋਰਚਾ ਅਤੇ ਬਹੁਜਨ ਕ੍ਰਾਂਤੀ ਪਾਰਟੀ ਨਾਲ ਰਾਜਨੀਤਕ ਸਾਂਝ-ਭਿਆਲੀ ਹੈ। ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਬਹੁਜਨ ਕ੍ਰਾਂਤੀ ਪਾਰਟੀ ਦੇ ਆਗੂ ਲਾਲ ਸਿੰਘ ਸਲਾਣੀਆ ਨੇ ਹਲਕਾ ਫ਼ਿਰੋਜ਼ਪੁਰ ਤੋਂ ਗੱਡਾ ਚੋਣ ਨਿਸ਼ਾਨ ‘ਤੇ ਚੋਣ ਲੜੀ ਸੀ।

‘ਆਪ’ ਤੇ ਬਸਪਾ ਦੇ ਅਕਾਲੀ ਧੜਿਆਂ ਨਾਲ ਰਲ ਕੇ ਲੋਕ ਸਭਾ ਦੀਆਂ ਅਗਲੀਆਂ ਚੋਣਾਂ ਲੜਨ ਦੀ ਸੂਰਤ ਵਿਚ ਪੰਜਾਬ ਦੇ ਸਿਆਸੀ ਸਮੀਕਰਨ ਬਦਲਣ ਦੀ ਪੂਰੀ ਉਮੀਦ ਕੀਤੀ ਜਾ ਰਹੀ ਹੈ। ‘ਆਪ’ ਵਲੋਂ ਖੱਬੀਆਂ ਪਾਰਟੀਆਂ ਨਾਲ ਰਲ ਕੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੂੰ ਮੰਗ ਪੱਤਰ ਦੇਣਾ ਇਸੇ ਲੜੀ ਦਾ ਇਕ ਹੋਰ ਅਗਲਾ ਅਤੇ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਇਸ ਵਫ਼ਦ ਵਿਚ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ।