ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਸਿੱਖ ਕੌਮ ਨੂੰ ਬਰਗਾੜੀ ਮੋਰਚੇ ਦੀ ਹਮਾਇਤ ਕਰਨ ਦੀ ਅਪੀਲ

ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਸਿੱਖ ਕੌਮ ਨੂੰ ਬਰਗਾੜੀ ਮੋਰਚੇ ਦੀ ਹਮਾਇਤ ਕਰਨ ਦੀ ਅਪੀਲ

ਜੈਤੋ/ਬਿਊਰੋ ਨਿਊਜ਼ :
ਤਿਹਾੜ ਜੇਲ੍ਹ ਵਿੱਚ ਬੰਦ ਅਕਾਲ ਤਖ਼ਤ ਦੇ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਖ਼ਾਲਸਾ ਪੰਥ ਨੂੰ ਬਰਗਾੜੀ ਵਿਖੇ ਮੋਰਚੇ ’ਤੇ ਡਟੇ ਭਾਈ ਧਿਆਨ ਸਿੰਘ ਮੰਡ ਨਾਲ ਡਟਣ ਦਾ ਲਿਖਤੀ ਸੁਨੇਹਾ ਭੇਜਿਆ ਹੈ। ਇਹ ਸੰਦੇਸ਼ ਉਨ੍ਹਾਂ ਦੇ ਪਿਤਾ ਗੁਰਚਰਨ ਸਿੰਘ, ਵਕੀਲ ਅਮਰ ਸਿੰਘ ਚਹਿਲ ਤੇ ਬਗੀਚਾ ਸਿੰਘ ਰੱਤਾਖੇੜਾ ਲੈ ਕੇ ਬਰਗਾੜੀ ਪੁੱਜੇ।
ਸੁਨੇਹੇ ਵਿੱਚ ਦਰਜ ਹੈ ਕਿ ਉਨ੍ਹਾਂ ਦੀ ਗ਼ੈਰਹਾਜ਼ਰੀ ਵਿੱਚ ਭਾਈ ਮੰਡ ਨੇ ਕੌਮੀ ਮੰਗਾਂ ਲਈ ਜੋ ਮੋਰਚਾ ਲਾਇਆ ਲਾਇਆ ਹੈ, ਸਮੂਹ ਸਿੱਖ ਸੰਗਤ ਉਸ ਵਿੱਚ ਭਾਈਵਾਲ ਬਣੇ, ਕਿਉਂਕਿ ਜੋ ਤਾਕਤ ਬੰਦ ਮੁੱਠੀ ਵਿੱਚ ਹੈ, ਉਹ ਇਕੱਲੀ-ਇਕੱਲੀ ਉਂਗਲ ਵਿੱਚ ਨਹੀਂ ਹੁੰਦੀ।
ਅੱਗੇ ਲਿਖਿਆ ਹੈ ਕਿ ਖ਼ਾਲਸਾ ਪੰਥ ਦਾ ਜਨਮ ਸੰਘਰਸ਼ਾਂ ਵਿੱਚੋਂ ਹੋਇਆ ਹੈ ਤੇ ਦੇਸ਼ ਆਜ਼ਾਦ ਹੋਣ ਪਿੱਛੋਂ ਵੀ ਸਿੱਖਾਂ ਨੂੰ ਆਪਣੇ ਧਰਮ, ਜ਼ੁਬਾਨ ਤੇ ਪਛਾਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਜਮਹੂਰੀ ਤੇ ਸ਼ਾਂਤਮਈ ਤਰੀਕੇ ਨਾਲ ਆਵਾਜ਼ ਚੁੱਕਣ ਲਈ ਕਿਹਾ। ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ’ਤੇ ਉਨ੍ਹਾਂ ਕਿਹਾ ਕਿ ਭਾਈ ਗੁਰਬਖਸ਼ ਸਿੰਘ ਖ਼ਾਲਸਾ ਦੀ ਸ਼ਹਾਦਤ ਹੋ ਗਈ ਤੇ ਭਾਈ ਸੂਰਤ ਸਿੰਘ ਖ਼ਾਲਸਾ ਦੀ ਭੁੱਖ ਹੜਤਾਲ ਸਰਕਾਰੀ ਹਿਰਾਸਤ ਵਿੱਚ ਗੁਲੂਕੋਜ਼ ’ਤੇ ਚੱਲ ਰਹੀ ਹੈ। ਉਨ੍ਹਾਂ ਲਿਖਿਆ ਕਿ ਜਿਹੜੇ ਮੁੱਦਿਆਂ ’ਤੇ ਮੋਰਚਾ ਲੱਗਿਆ ਹੈ, ਉਹ ਮੰਗਾਂ ਮੰਨੇ ਜਾਣ ਤੱਕ ਜਾਰੀ ਰਹਿਣਾ ਚਾਹੀਦਾ ਹੈ। ਜੇਕਰ ਸਰਕਾਰ ਗੱਲਬਾਤ ਦਾ ਸੱਦਾ ਦਿੰਦੀ ਹੈ ਤਾਂ ਗੱਲ ਇਸ ਸ਼ਰਤ ’ਤੇ ਹੋਣੀ ਚਾਹੀਦੀ ਹੈ ਕਿ ਤਖ਼ਤਾਂ ਦੇ ਜਥੇਦਾਰ ਗੱਲ ਕਰਨ ਲਈ ਸਰਕਾਰ ਕੋਲ ਚੱਲ ਕੇ ਨਹੀਂ ਜਾਣਗੇ। ਨਾਲ ਹੀ ਲਿਖਿਆ ਹੈ ਕਿ ਗੱਲ ਕਰਨ ਲਈ ਉਹ ਆਪਣੇ ਨੁਮਾਇੰਦੇ ਜ਼ਰੂਰ ਭੇਜ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਬੇਅਦਬੀ ਘਟਨਾਵਾਂ ਦੇ ਮੁਲਜ਼ਮ ਫੜੇ ਜਾਣ ’ਤੇ ਤਸੱਲੀ ਪ੍ਰਗਟਾਈ।

ਉਧਰ ਇਸ ਮੋਰਚੇ ਬਾਰੇ ਵੱਖ-ਵੱਖ ਪੰਥਕ ਧਿਰਾਂ ਨੇ ਭਾਈ ਮੰਡ ਨੂੰ ਹਮਾਇਤ ਦਿੱਤੀ ਹੈ। ਇਸ ਮੌਕੇ ਤਖ਼ਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ, ਦਲ ਖ਼ਾਲਸਾ ਦੇ ਕੰਵਰਪਾਲ ਸਿੰਘ ਅਤੇ ਹਰਚਰਨ ਸਿੰਘ, ਪ੍ਰੋ. ਮਹਿੰਦਰਪਾਲ ਸਿੰਘ ਪਟਿਆਲਾ, ਚਮਕੌਰ ਸਿੰਘ ਭਾਈਰੂਪਾ ਤੇ ਪੰਥਕ ਸੇਵਾ ਦਲ ਦੇ ਸਤਨਾਮ ਸਿੰਘ ਵੀ  ਹਾਜ਼ਰ ਸਨ।