ਰਾਮੂਵਾਲੀਏ ਨੇ ਨਿਤੀਸ਼ ਕੁਮਾਰ ਦੀ ਢੱਡ ਖੜਕਾਈ

ਰਾਮੂਵਾਲੀਏ ਨੇ ਨਿਤੀਸ਼ ਕੁਮਾਰ ਦੀ ਢੱਡ ਖੜਕਾਈ

ਬਲਵੰਤ ਸਿੰਘ ਰਾਮੂਵਾਲੀਆ ਦਾ ਸਨਮਾਨ ਕਰਦੇ ਹੋਏ ਮੁੱਖ ਮੰਤਰੀ ਨਿਤੀਸ਼ ਕੁਮਾਰ।
ਪਟਨਾ ਸਾਹਿਬ/ਬਿਊਰੋ ਨਿਊਜ਼ :
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ। ਸੰਗਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਅਤੇ 351ਵੇ ਪ੍ਰਕਾਸ਼ ਪੁਰਬ ਮਨਾਉਣ ਲਈ ਕੀਤੇ ਗਏ ਪ੍ਰਬੰਧਾਂ ਦੀਆਂ ਧੁੰਮਾਂ ਪੂਰੀ ਦੁਨੀਆਂ ਵਿੱਚ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਿਤੀਸ਼ ਕੁਮਾਰ ਨੂੰ ਸਿੱਖ ਹੁਣ ਨਫ਼ੀਸ ਕੁਮਾਰ ਕਹਿਣ ਲੱਗ ਪਏ ਹਨ ਕਿਉਂਕਿ ਨਫ਼ੀਸ ਉਹ ਅਨਮੋਲ ਸ਼ੈਅ ਹੁੰਦੀ ਹੈ, ਜਿਸ ਦੀ ਕੋਈ ਕੀਮਤ ਨਹੀਂ ਦਿੱਤੀ ਜਾ ਸਕਦੀ। ਜਥੇਦਾਰ ਇਕਬਾਲ ਸਿੰਘ ਨੇ ਬਲਵੰਤ ਸਿੰਘ ਰਾਮੂਵਾਲੀਆਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ।
ਬਾਅਦ ਵਿੱਚ ਸ੍ਰੀ ਰਾਮੂਵਾਲੀਆ, ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਜਾ ਕੇ ਵੀ ਮਿਲੇ। ਮੁੱਖ ਮੰਤਰੀ ਨੇ ਸ੍ਰੀ ਰਾਮੂਵਾਲੀਆ ਨੂੰ ਯਾਦ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਹੋਏ ਸਮਾਗਮਾਂ ਵਿੱਚ ਕੇਂਦਰੀ ਮੰਤਰੀ ਐਸ.ਐਸ. ਆਹਲੂਵਾਲੀਆ ਨੇ ਨਿਤੀਸ਼ ਕੁਮਾਰ ਦੀਆਂ ਸਿਫਤਾਂ ਕਰਦਿਆਂ ਕਿਹਾ ਸੀ ਕਿ ਮੁੱਖ ਮੰਤਰੀ ਨੇ ਜਿਸ ਸ਼ਰਧਾ ਨਾਲ ਧਾਰਮਿਕ ਸਮਾਗਮ ਕਰਵਾਏ ਹਨ ਤਾਂ ਉਨ੍ਹਾਂ ਦਾ ਨਾਂ ਸਰਦਾਰ ਨਿਤੀਸ਼ ਕੁਮਾਰ ਸਿੰਘ ਹੋਣਾ ਚਾਹੀਦਾ ਹੈ।