ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਜ਼ਿੰਮੇਵਾਰੀ ਤਿਆਗੀ

ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਜ਼ਿੰਮੇਵਾਰੀ ਤਿਆਗੀ

ਸਰਬੱਤ ਖਾਲਸਾ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਮਿਲੀ ਜ਼ਿੰਮੇਵਾਰੀ ਛੱਡਣ ਦਾ ਐਲਾਨ ਕਰਦੇ ਹੋਏ ਭਾਈ ਅਮਰੀਕ ਸਿੰਘ ਅਜਨਾਲਾ।
ਅਜਨਾਲਾ/ਬਿਊਰੋ ਨਿਊਜ਼:
ਕਰੀਬ ਦੋ ਸਾਲ ਪਹਿਲਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੱਬਾ ਵਿੱਚ ਸਰਬੱਤ ਖਾਲਸਾ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਥਾਪੇ ਗਏ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਸੰਗਤ ਵੱਲੋਂ ਮਿਲੀ ਜ਼ਿੰਮੇਵਾਰੀ ਛੱਡਣ ਦਾ ਐਲਾਨ ਕਰ ਦਿੱਤਾ। ਆਪਣੀ ਸਰਪ੍ਰਸਤੀ ਵਿੱਚ ਚੱਲ ਰਹੇ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਅਜਨਾਲਾ ਦੇ ਮੁੱਖ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਈ ਅਜਨਾਲਾ ਨੇ ਕਿਹਾ ਕਿ ਜਿਸ ਆਸ ਨਾਲ ਸਰਬੱਤ ਖਾਲਸਾ ਨੇ ਉਨ੍ਹਾਂ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਸੇਵਾ ਸੌਂਪੀ ਸੀ, ਉਸ ਸੇਵਾ ਨੂੰ ਸੰਗਤ ਦੀਆਂ ਆਸਾਂ ਅਨੁਸਾਰ ਨਿਭਾਉਣ ਤੋਂ ਉਹ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ”ਮੈਂ ਆਪਣੀਆਂ ਊਣਤਾਈਆਂ, ਅਣਗਹਿਲੀਆਂ ਅਤੇ ਆਪਣੀ ਯੋਗਤਾ ਨਾ ਸਮਝਦਿਆਂ ਸੰਗਤ ਵੱਲੋਂ ਦਿੱਤੀ ਜ਼ਿੰਮੇਵਾਰੀ ਛੱਡ ਰਿਹਾ ਹਾਂ ਅਤੇ ਸੰਗਤ ਆਪਣੀ ਮਰਜ਼ੀ ਨਾਲ ਉਨ੍ਹਾਂ ਦੀ ਜਗ੍ਹਾ ਨਵਾਂ ਜਥੇਦਾਰ ਨਿਯੁਕਤ ਕਰ ਸਕਦੀ ਹੈ ਕਿਉਂਕਿ ਇਹ ਹੱਕ ਸਰਬੱਤ ਖਾਲਸਾ ਅਤੇ ਸਮੁੱਚੇ ਪੰਥ ਦਾ ਹੈ।” ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਜੇ ਬਾਕੀ ਮੁਤਵਾਜ਼ੀ ਜਥੇਦਾਰਾਂ ਨੇ ਕੋਈ ਮੀਟਿੰਗ ਕੀਤੀ ਤਾਂ ਉਹ ਕਿਸੇ ਵੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ।
ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਅਜਨਾਲਾ ਸਿੱਖ ਰਾਜਨੀਤੀ ਦਾ ਸਰਗਰਮ ਕੇਂਦਰ ਬਣਿਆ ਹੋਇਆ ਸੀ। ਭਾਈ ਅਜਨਾਲਾ ਨੂੰ ਮਨਾਉਣ ਲਈ ਬੀਤੇ ਦਿਨਾਂ ਤੋਂ ਗੁਰਮਤਿ ਵਿਦਿਆਲਾ ਵਿੱਚ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਸਤਨਾਮ ਸਿੰਘ ਮਨਾਵਾ, ਪਰਮਜੀਤ ਸਿੰਘ ਤੇ ਵੱਸਣ ਸਿੰਘ ਜ਼ੱਫਰਵਾਲ  ਸਮੇਤ ਹੋਰ ਸਿੱਖ ਆਗੂ ਪਹੁੰਚਦੇ ਰਹੇ, ਜਿਨ੍ਹਾਂ ਦੀਆਂ ਭਾਈ ਅਮਰੀਕ ਸਿੰਘ ਨਾਲ ਗੁਪਤ ਮੀਟਿੰਗਾਂ ਵੀ ਹੋਈਆਂ। ਭਾਈ ਅਜਨਾਲਾ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਵਜੋਂ ਚੱਬੇ ਦੀ ਧਰਤੀ ‘ਤੇ ਲੱਖਾਂ ਦੀ ਗਿਣਤੀ ਵਿੱਚ ਇਕੱਤਰ ਸੰਗਤ ਨੂੰ ਉਸ ਵੇਲੇ ਥਾਪੇ ਗਏ ਜਥੇਦਾਰਾਂ ਪਾਸੋਂ ਕਈ ਆਸਾਂ ਸਨ, ਜੋ ਦੋ ਸਾਲ ਦਾ ਸਮਾਂ ਲੰਘਣ ਦੇ ਬਾਵਜੂਦ ਪੂਰੀਆਂ ਨਹੀਂ ਹੋ ਸਕੀਆਂ। ਭਾਈ ਅਜਨਾਲਾ ਨੇ ਸਭ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਸਰਬੱਤ ਖਾਲਸਾ ਵਾਲੇ ਜਥੇਦਾਰ ਕੌਮ ਨੂੰ ਕੋਈ ਨਵੀਂ ਸੇਧ ਵੀ ਨਹੀਂ ਦੇ ਸਕੇ। ਪਤਾ ਲੱਗਿਆ ਹੈ ਕਿ ਪਿਛਲੇ ਸਮੇਂ ਦੌਰਾਨ ਕਈ ਪੰਥਕ ਮਸਲਿਆਂ ਵਿੱਚ ਭਾਈ ਅਜਨਾਲਾ ਦਾ ਬਾਕੀ ਜਥੇਦਾਰਾਂ ਨਾਲ ਵਿਰੋਧ ਚਲਦਾ ਰਿਹਾ ਸੀ।