ਜ਼ਿਮਨੀ ਚੋਣ ਲਈ ਗੁਰਦਾਸਪੁਰੀਆਂ ਨੇ ਨਾ ਦਿਖਾਇਆ ਉਤਸ਼ਾਹ

ਜ਼ਿਮਨੀ ਚੋਣ ਲਈ ਗੁਰਦਾਸਪੁਰੀਆਂ ਨੇ ਨਾ ਦਿਖਾਇਆ ਉਤਸ਼ਾਹ

ਗੁਰਦਾਸਪੁਰ/ਬਿਊਰੋ ਨਿਊਜ਼ :

ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਕੇ ਵੋਟਾਂ ਪੈਣ ਦਾ ਕੰਮ ਪੁਰਅਮਨ ਨੇਪਰੇ ਚੜ੍ਹਨ ਨਾਲ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਹੈ। ਇਸ ਮੌਕੇ ਕਰੀਬ ਕੁੱਲ 55.87 ਫੀਸਦੀ ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਦਿਆਂ ਵੋਟਾਂ ਪਾਈਆਂ, ਜਦੋਂਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ 68.22 ਫੀਸਦੀ ਪੋਲਿੰਗ ਹੋਈ ਸੀ।
ਵਿਧਾਨ ਸਭਾ ਹਲਕਾ ਵਾਰ ਪੋਲਿੰਗ ਨੂੰ ਦੇਖੀਏ ਤਾਂ ਹਲਕਾ ਡੇਰਾ ਬਾਬਾ ਨਾਨਕ ਮੋਹਰੀ ਰਿਹਾ। ਸਵੇਰੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਣ ਮੌਕੇ ਕਈ ਪੋਲਿੰਗ ਬੂਥਾਂ ਉੱਤੇ ਵੀਵੀਪੈਟ ਮਸ਼ੀਨਾਂ ਵਿੱਚ ਨੁਕਸ ਪੈਣ ਕਾਰਨ ਪੋਲਿੰਗ ਤੈਅ ਸਮੇਂ ਨਾਲੋਂ ਦੇਰੀ ਨਾਲ ਸ਼ੁਰੂ ਹੋ ਸਕੀ। ਜ਼ਿਮਨੀ ਚੋਣਾਂ ਨੂੰ ਸਫਲਤਾ ਨਾਲ ਨੇਪਰੇ ਚਾੜ੍ਹਨ ਲਈ 1781 ਪੋਲਿੰਗ ਬੂਥ ਬਣਾਏ ਗਏ ਸਨ। ਸਵੇਰੇ ਅੱਠ ਵਜੇ ਵੋਟਾਂ ਪੈਣ ਦਾ ਅਮਲ ਸ਼ੁਰੂ ਹੁੰਦਿਆਂ ਹੀ ਕਈ ਬੂਥਾਂ ਦੇ ਬਾਹਰ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲਗ ਗਈਆਂ ਪਰ ਦੁਪਹਿਰ ਬਾਅਦ ਵੋਟਰਾਂ ਦੀ ਗਿਣਤੀ ਵਿੱਚ ਕਮੀ ਆਉਂਦੀ ਗਈ। ਪੰਚਾਇਤੀ ਤੇ ਵਿਧਾਨ  ਸਭਾ ਚੋਣਾਂ ਮੁਕਾਬਲੇ ਇਸ ਜ਼ਿਮਨੀ ਚੋਣ ਵਿੱਚ ਲੋਕਾਂ ਦਾ ਮੱਠਾ ਹੁੰਗਾਰਾ ਵੇਖਣ ਨੂੰ ਮਿਲਿਆ।
ਵੋਟਾਂ ਪੈਣ ਦਾ ਅਮਲ ਮੁਕੰਮਲ ਹੁੰਦਿਆਂ ਹੀ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ, ਅਕਾਲੀ-ਭਾਜਪਾ ਦੇ ਸਵਰਨ ਸਲਾਰੀਆ ਅਤੇ ‘ਆਪ’ ਦੇ ਸੁਰੇਸ਼ ਖਜੂਰੀਆ ਸਮੇਤ 11 ਉਮੀਦਵਾਰਾਂ ਦਾ ਸਿਆਸੀ ਭਵਿੱਖ ਈਵੀਐਮ ਮਸ਼ੀਨਾ ਵਿਚ ਬੰਦ ਹੋ ਗਿਆ ਹੈ। ਵੋਟਾਂ ਦੀ ਗਿਣਤੀ 15 ਅਕਤੂਬਰ ਨੂੰ ਹੋਵੇਗੀ। ਜ਼ਿਲ੍ਹਾ ਚੋਣ  ਅਫ਼ਸਰ ਗੁਰਲਵਲੀਨ ਸਿੰਘ ਸਿੱਧੂ ਨੇ ਦੱਸਿਆ ਕਿ ਹਲਕਾ ਗੁਰਦਾਸਪੁਰ ਵਿਚ 57.1 ਫ਼ੀਸਦੀ, ਦੀਨਾਨਗਰ (ਰਾਖਵਾਂ) ਵਿਚ 54, ਕਾਦੀਆਂ 57, ਬਟਾਲਾ 50, ਫਤਿਹਗੜ੍ਹ ਚੂੜੀਆਂ 50, ਡੇਰਾ ਬਾਬਾ ਨਾਨਕ 64.5, ਪਠਾਨਕੋਟ 54.7, ਭੋਆ 59.65 ਤੇ ਸੁਜਾਨਪੁਰ ਵਿਖੇ 55.30  ਫੀਸਦੀ ਵੋਟਾਂ ਪਈਆਂ। ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਛੇ ਵਿਧਾਨ ਸਭਾ ਹਲਕਿਆਂ ਗੁਰਦਾਸਪੁਰ, ਦੀਨਾਨਗਰ, ਡੇਰਾ ਬਾਬਾ ਨਾਨਕ, ਫਤਿਹਗੜ੍ਹ ਚੂੜੀਆਂ, ਬਟਾਲਾ ਤੇ ਕਾਦੀਆਂ ਦੀਆਂ ਈਵੀਐਮਜ਼ ਸਥਾਨਕ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਵਿਖੇ ਰੱਖੀਆਂ ਗਈਆਂ ਹਨ, ਜਦਕਿ ਪਠਾਨਕੋਟ ਜ਼ਿਲ੍ਹੇ ਵਿਚਲੇ ਤਿੰਨ ਹਲਕਿਆਂ ਭੋਆ, ਸੁਜਾਨਪੁਰ ਤੇ ਪਠਾਨਕੋਟ ਦੀਆਂ ਮਸ਼ੀਨਾਂ ਪਠਾਨਕੋਟ ਦੇ ਐਸਡੀ ਕਾਲਜ ਵਿਖੇ ਰੱਖੀਆਂ ਗਈਆਂ ਹਨ। ਦੱਸਣਯੋਗ ਹੈ ਕਿ ਪੋਲਿੰਗ ਲਈ ਤਾਇਨਾਤ ਅਮਲੇ ਨੂੰ ਵੋਟ ਪਾਉਣ ਦੀ ਸਹੂਲਤ ਦੇਣ ਤਹਿਤ ਸਬੰਧਤ ਹਲਕੇ ਦੇ ਸਹਾਇਕ ਚੋਣ ਅਫ਼ਸਰ ਕੋਲੋਂ ਇਲੈਕਸ਼ਨ ਡਿਊਟੀ ਸਰਟੀਫਿਕੇਟ ਲੈ ਕੇ ਡਿਊਟੀ ਵਾਲੇ ਬੂਥ ਉੱਤੇ ਵੋਟ ਪਾਉਣ ਦਾ ਹੱਕ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਵੱਡੀ ਗਿਣਤੀ ਪੋਲਿੰਗ ਸਟਾਫ਼ ਇਸ ਹੱਕ ਦਾ ਇਸਤੇਮਾਲ ਕਰਨੋਂ ਰਹਿ ਗਿਆ।
ਵੀਵੀਪੈਟ ਮਸ਼ੀਨਾਂ ਵਿਚ ਨੁਕਸ :
ਸਮੁੱਚੇ ਲੋਕ ਸਭਾ ਹਲਕੇ ਅੰਦਰ ਈਵੀਐਮ ਮਸ਼ੀਨਾਂ ਦੇ ਨਾਲ ਵੀਵੀਪੈਟ ਮਸ਼ੀਨਾਂ ਦਾ ਇਸਤੇਮਾਲ ਪਹਿਲੀ ਵਾਰ ਕੀਤਾ ਗਿਆ। ਇਸ ਦੌਰਾਨ ਵਿਧਾਨ ਸਭਾ ਹਲਕਾ ਕਾਦੀਆਂ ਦੇ ਬੂਥ 74 ਅਤੇ ਕਈ ਪੋਲਿੰਗ ਬੂਥਾਂ ਉਤੇ ਵੀਵੀਪੈਟ ਮਸ਼ੀਨ ਵਿੱਚ ਨੁਕਸ ਪੈਣ ਕਾਰਨ ਵੋਟਾਂ ਪੈਣ ਦੀ ਪ੍ਰਕਿਰਿਆ ਦੇਰ ਨਾਲ ਸ਼ੁਰੂ ਹੋ ਸਕੀ ਗੁਰਦਾਸਪੁਰ ਹਲਕੇ ਦੇ ਪਿੰਡ ਪਾਹੜਾ ਦੇ ਬੂਥ 51 ਅਤੇ ਬੱਬੇਹਾਲੀ ਦੇ ਬੂਥ 11 ਉੱਤੇ ਦੋ ਧਿਰਾਂ ਵਿਚਾਲੇ ਝੜਪਾਂ ਵੀ ਹੋਈਆਂ।
ਵੱਖ ਵੱਖ ਥਾਈਂ ਝੜਪਾਂ ਵਿੱਚ ਕਈ ਜ਼ਖ਼ਮੀ :
ਚੰਡੀਗੜ੍ਹ: ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪੋਲਿੰਗ ਮੌਕੇ ਕੁਝ ਥਾਈਂ ਵੱਖ-ਵੱਖ ਧਿਰਾਂ ਦੀਆਂ ਝੜਪਾਂ ਕਾਰਨ ਕਈ ਵਿਅਕਤੀ ਜ਼ਖ਼ਮੀ ਹੋ ਗਏ। ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ ਪਾਹੜਾ ਤੇ ਬੱਬੇਹਾਲੀ ਵਿੱਚ ਝੜਪਾਂ ਕਾਰਨ ਪਾਹੜਾ ਬਲਾਕ ਸਮਿਤੀ ਦੇ ਚੇਅਰਮੈਨ ਤੇ ਅਕਾਲੀ-ਭਾਜਪਾ ਹਮਾਇਤੀ ਹਰਵਿੰਦਰ ਸਿੰਘ ਉਰਫ਼ ਹੈਪੀ ਪਾਹੜਾ ਸਮੇਤ ਚਾਰ ਜਣੇ ਜ਼ਖ਼ਮੀ ਹੋ ਗਏ। ਧਾਰੀਵਾਲ ਨੇੜਲੇ ਪਿੰਡ ਖਾਨਮਲੱਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪਿੰਡ ਤਲਵੰਡੀ ਬਥੁੱਨਗੜ੍ਹ ਦੇ ਬੂਥ ਉਤੇ ਅਕਾਲੀਆਂ ਨੇ ਕਾਂਗਰਸੀ ਸਮਰਥਕਾਂ ‘ਤੇ ਕਥਿਤ ਕਬਜ਼ੇ ਦੀ ਕੋਸ਼ਿਸ਼ ਦੇ ਦੋਸ਼ ਲਾਏ। ਪਠਾਨਕੋਟ ਨੇੜੇ ਪਿੰਡ ਪੰਗੋਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚਲੇ ਬੂਥ ‘ਤੇ ‘ਆਪ’ ਉਮੀਦਵਾਰ ਮੇਜਰ ਜਨਰਲ (ਸੇਵਾਮੁਕਤ) ਸੁਰੇਸ਼ ਖਜੂਰੀਆ ਦੀ ਕਾਂਗਰਸੀ ਪੋਲਿੰਗ ਏਜੰਟ ਨਾਲ ਝੜਪ ਹੋ ਗਈ, ਜਦੋਂ ਏਜੰਟ ਵੋਟਰਾਂ ਨੂੰ ਕਥਿਤ ਇਸ਼ਾਰੇ ਕਰ ਰਿਹਾ ਸੀ। ਹਲਕਾ ਕਾਦੀਆਂ ਦੇ ਪਿੰਡ ਭਿੱਟੇਵੱਢ ਵਿੱਚ ਕਾਂਗਰਸੀਆਂ ਤੇ ਅਕਾਲੀਆਂ ਦੇ ਝਗੜੇ ਵਿਚ ਅਕਾਲੀ ਵਰਕਰ ਗੰਭੀਰ ਜ਼ਖ਼ਮੀ ਹੋ ਗਿਆ।
ਅਕਾਲੀਆਂ ਤੇ ਕਾਂਗਰਸੀਆਂ ਦਰਮਿਆਨ ਝੜਪ ਵਿਚ ਇੱਕ ਜ਼ਖ਼ਮੀ:
ਕੈਪਸ਼ਨ-ਕਾਹਨੂੰਵਾਨ ਦੇ ਸਿਹਤ ਕੇਂਦਰ ਵਿੱਚ ਜ਼ੇਰੇ ਇਲਾਜ ਹਰਜਿੰਦਰ ਸਿੰਘ।
ਕਾਹਨੂੰਵਾਨ: ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡ ਭਿੱਟੇਵੱਢ ਵਿੱਚ 130 ਨੰਬਰ ਬੂਥ ‘ਤੇ ਕਾਂਗਰਸੀ ਤੇ ਅਕਾਲੀ ਵਰਕਰਾਂ ਵਿੱਚ ਝਗੜਾ ਹੋ ਗਿਆ, ਜਿਸ ਦੌਰਾਨ ਇਕ ਅਕਾਲੀ ਵਰਕਰ ਗੰਭੀਰ ਜ਼ਖ਼ਮੀ ਹੋ ਗਿਆ।
ਅਕਾਲੀ ਵਰਕਰਾਂ ਨੇ ਦੋਸ਼ ਲਾਏ ਕਿ ਪਿੰਡ ਦੇ ਕੁਝ ਕਾਂਗਰਸੀਆਂ ਨੇ ਅਣਪਛਾਤਿਆਂ ਵਿਅਕਤੀਆਂ ਨੂੰ ਨਾਲ ਲੈ ਕੇ ਉਨ੍ਹਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਜ਼ਖ਼ਮੀ ਹੋਏ ਹਰਜਿੰਦਰ ਸਿੰਘ ਦੇ ਭਰਾ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਚੋਣ ਬੂਥ ਵਿੱਚ ਬੈਠੇ ਸਨ ਕਿ ਕੁਝ ਕਾਂਗਰਸੀਆਂ ਨੇ ਧੱਕੇ ਨਾਲ ਵੋਟਾਂ ਆਪਣੇ ਹੱਕ ਵਿੱਚ ਭੁਗਤਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਨ੍ਹਾਂ (ਅਕਾਲੀਆਂ) ਦੇ ਚੋਣ ਏਜੰਟ  ਹਰਜਿੰਦਰ ਸਿੰਘ ਨੇ ਇਸ ਦਾ ਵਿਰੋਧ ਕੀਤਾ ਤਾਂ ਕਾਂਗਰਸੀਆਂ ਦੇ ਹਜੂਮ ਨੇ ਹਰਜਿੰਦਰ ਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਇਸ ਦੌਰਾਨ ਕੁਝ ਹੋਰ ਵਿਅਕਤੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ। ਜ਼ਖ਼ਮੀ ਹਰਜਿੰਦਰ ਨੂੰ ਕਾਹਨੂੰਵਾਨ ਦੇ ਮੁਢਲੇ ਸਿਹਤ ਕੇਂਦਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪਾਹੜਾ ਤੇ ਬੱਬੇਹਾਲੀ ਦੇ ਪੋਲਿੰਗ ਬੂਥਾਂ ‘ਤੇ ਝੜਪ
ਗੁਰਦਾਸਪੁਰ : ਵਿਧਾਨ ਸਭਾ ਹਲਕਾ (ਗੁਰਦਾਸਪੁਰ) ਦੇ ਪਿੰਡ ਪਾਹੜਾ ਤੇ ਬੱਬੇਹਾਲੀ ਵਿੱਚ ਪੋਲਿੰਗ ਬੂਥਾਂ ‘ਤੇ ਦੋ ਧਿਰਾਂ ਵਿਚਾਲੇ ਝੜਪ ਹੋ ਗਈ, ਜਿਸ ਕਾਰਨ ਪਾਹੜਾ ਬਲਾਕ ਸਮਿਤੀ ਦੇ ਚੇਅਰਮੈਨ ਸਮੇਤ ਚਾਰ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਜ਼ੇਰੇ ਇਲਾਜ ਬਲਾਕ ਸਮਿਤੀ ਦੇ ਚੇਅਰਮੈਨ ਹਰਵਿੰਦਰ ਸਿੰਘ ਉਰਫ਼ ਹੈਪੀ ਪਾਹੜਾ ਨੇ ਦੱਸਿਆ ਕਿ ਉਹ ਅਕਾਲੀ-ਭਾਜਪਾ ਦੇ ਹਮਾਇਤੀ ਹਨ। ਉਹ ਸਵੇਰੇ ਪੋਲਿੰਗ ਬੂਥ ‘ਤੇ ਪੋਲਿੰਗ ਏਜੰਟ ਬਣਨ ਲਈ ਗਏ ਹੋਏ ਸਨ। ਇਸ ਦੌਰਾਨ ਬਾਹਰੋਂ ਕੁਝ ਵਿਅਕਤੀ ਆਏ ਤੇ ਉਨ੍ਹਾਂ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਸਮੇਤ ਚਾਰ ਜਣੇ ਜ਼ਖ਼ਮੀ ਹੋ ਗਏ। ਇਸੇ ਤਰ੍ਹਾਂ ਬੱਬੇਹਾਲੀ ਵਿੱਚ ਪੋਲਿੰਗ ਬੂਥ ਨੰਬਰ 11 ‘ਤੇ ਦੋ ਧਿਰਾਂ ਵਿਚਾਲੇ ਝੜਪ ਹੋ ਗਈ ਤੇ ਮੌਕੇ ‘ਤੇ ਮੌਜੂਦ ਸੁਰੱਖਿਆ ਕਰਮੀਆਂ ਨੇ ਬਚਾਅ ਕੀਤਾ।