ਗ੍ਰਿਫ਼ਤਾਰੀ ਦੇ ਡਰੋਂ ‘ਪਾਪਾ ਦੀ ਪਰੀ’ ਨੇ ਮਾਰੀ ਉਡਾਰੀ

ਗ੍ਰਿਫ਼ਤਾਰੀ ਦੇ ਡਰੋਂ ‘ਪਾਪਾ ਦੀ ਪਰੀ’ ਨੇ ਮਾਰੀ ਉਡਾਰੀ

ਹਨੀਪ੍ਰੀਤ ਅਤੇ ਅਦਿੱਤਿਆ ਅਰੋੜਾ ਇੰਸਾਂ ਦੇ ਵਿਦੇਸ਼ ਭੱਜਣ ਦਾ ਅੰਦੇਸ਼ਾ
ਬਠਿੰਡਾ/ਬਿਊਰੋ ਨਿਊਜ਼ :
ਹਰਿਆਣਾ ਪੁਲੀਸ ਵੱਲੋਂ ਲੁੱਕ ਆਊਟ ਨੋਟਿਸ ਜਾਰੀ ਕਰਨ ਤੋਂ ਪਹਿਲਾਂ ਹੀ ‘ਪਾਪਾ ਦੀ ਦੂਤ’ ਅਖਵਾਉਂਦੀ ਹਨੀਪ੍ਰੀਤ ਇੰਸਾਂ ਪਿੰਡ ਗੁਰੂਸਰ ਮੋਡੀਆ (ਹਨੂੰਮਾਨਗੜ੍ਹ) ਤੋਂ ਰਫੂਚੱਕਰ ਹੋ ਗਈ ਹੈ। ਹਨੀਪ੍ਰੀਤ ਦੇ ਨਾਲ ਹੀ ਅਦਿੱਤਿਆ ਇੰਸਾਂ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਹੋਇਆ ਹੈ ਕਿਉਂਕਿ ਪੁਲੀਸ ਨੂੰ ਖ਼ਦਸ਼ਾ ਹੈ ਕਿ ਇਹ ਦੋਵੇਂ ਵਿਦੇਸ਼ ਭੱਜ ਸਕਦੇ ਹਨ। ਦੋਹਾਂ ਖ਼ਿਲਾਫ਼ ਦੇਸ਼ਧ੍ਰੋਹ ਦਾ ਮਾਮਲਾ ਦਰਜ ਹੈ। ਸੂਤਰਾਂ ਅਨੁਸਾਰ ਡੇਰਾ ਸਿਰਸਾ ਤੋਂ ਇਕ ਇਨੋਵਾ ਗੱਡੀ ਗੁਰੂਸਰ ਮੋਡੀਆ ਪੁੱਜੀ ਸੀ, ਜਿਸ ਵਿੱਚ ਸਵਾਰ ਹੋ ਕੇ ਹਨੀਪ੍ਰੀਤ ਇੰਸਾਂ ਕਿਤੇ ਚਲੀ ਗਈ। ਡੇਰਾ ਮੁਖੀ ਦੀਆਂ ਦੋਵੇਂ ਧੀਆਂ ਵੀ ਗੁਰੂਸਰ ਮੋਡੀਆ ਤੋਂ ਚਲੀਆਂ ਗਈਆਂ ਹਨ। ਹੁਣ ਜੱਦੀ ਘਰ ਵਿੱਚ ਡੇਰਾ ਮੁਖੀ ਦੀ ਮਾਂ ਨਸੀਬ ਕੌਰ, ਪਤਨੀ ਹਰਜੀਤ ਕੌਰ, ਲੜਕਾ ਜਸਮੀਤ ਇੰਸਾਂ ਤੇ ਉਸ ਦੀ ਪਤਨੀ ਰਹਿ ਰਹੇ ਹਨ। ਡੇਰਾ ਮੁਖੀ ਵੱਲੋਂ ਗੋਦ ਲਈ ਧੀ ਹਨੀਪ੍ਰੀਤ ਇੰਸਾਂ ਟਵਿੱਟਰ ਖਾਤੇ ‘ਤੇ ਆਪਣੇ ਆਪ ਨੂੰ ‘ਪਾਪਾ ਦੀ ਦੂਤ’ ਲਿਖ ਕੇ ਪੇਸ਼ ਕਰਦੀ ਰਹੀ ਹੈ। ਸੂਤਰ ਦੱਸਦੇ ਹਨ ਕਿ ਹਰਿਆਣਾ ਪੁਲੀਸ ਦੇ ਡਰੋਂ ਉਸ ਨੇ ਪਾਸਾ ਵੱਟਣਾ ਬਿਹਤਰ ਸਮਝਿਆ। ਇਸ ਦੌਰਾਨ ਪਤਾ ਲੱਗਾ ਹੈ ਕਿ ਡੇਰਾ ਮੁਖੀ ਦੇ ਟਵਿੱਟਰ ਖ਼ਾਤੇ ਨੂੰ ਹਟਾ ਦਿੱਤਾ ਗਿਆ ਹੈ। ਉਧਰ ਰਾਜਸਥਾਨ ਪੁਲੀਸ ਨੇ ਪਿੰਡ ਗੁਰੂਸਰ ਮੋਡੀਆ ‘ਚੋਂ ਪੁਲੀਸ ਪਹਿਰਾ ਹਟਾ ਲਿਆ ਹੈ ਜਦੋਂ ਕਿ ਡੇਰਾ ਪੈਰੋਕਾਰਾਂ ਵੱਲੋਂ ਡੇਰਾ ਮੁਖੀ ਦੇ ਪਰਿਵਾਰ ਦੀ ਸੁਰੱਖਿਆ ਕੀਤੀ ਜਾ ਰਹੀ ਹੈ।
ਸੂਤਰਾਂ ਮੁਤਾਬਕ ਡੇਰਾ ਮੁਖੀ ਦੇ ਰਿਸ਼ਤੇਦਾਰ ਅਤੇ ਸਾਬਕਾ ਕਾਂਗਰਸੀ ਮੰਤਰੀ ਹਰਮਿੰਦਰ ਸਿੰਘ ਜੱਸੀ ਨੇ ਪਿੰਡ ਪਹੁੰਚ ਕੇ ਡੇਰਾ ਮੁਖੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਂਜ ਉਹ ਰਾਤ ਵੇਲੇ ਹੀ ਪਰਤ ਆਏ। ਪਤਾ ਲੱਗਾ ਹੈ ਕਿ ਪਰਿਵਾਰ ਨੇ ਗੱਦੀਨਸ਼ੀਨੀ ਨੂੰ ਲੈ ਕੇ ਵਿਚਾਰ ਵਟਾਂਦਰਾ ਸ਼ੁਰੂ ਕੀਤਾ ਹੋਇਆ ਹੈ। ਸੂਤਰਾਂ ਅਨੁਸਾਰ ਡੇਰਾ ਸਿਰਸਾ ਦੇ ਦੋ ਸੀਨੀਅਰ ਵਕੀਲਾਂ ਨੇ ਵੀ ਵੀਰਵਾਰ ਨੂੰ ਡੇਰਾ ਮੁਖੀ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਕੇਸ ਦੀ ਜਾਣਕਾਰੀ ਲਈ। ਇਨ੍ਹਾਂ ਵਿਚੋਂ ਇੱਕ ਵਕੀਲ ਤਾਂ ਡੇਰਾ ਮੁਖੀ ਦਾ ਰਿਸ਼ਤੇਦਾਰ ਹੀ ਹੈ।