ਨਾਮਧਾਰੀ ਧੜੇ ਵਲੋਂ ਆਗੂ ਦੀ ਆਰਤੀ ਉਤਾਰਣ ਸਬੰਧੀ ਅਕਾਲ ਤਖ਼ਤ ਵੱਲੋਂ ਸਖ਼ਤ ਤਾੜਨਾ

ਨਾਮਧਾਰੀ ਧੜੇ ਵਲੋਂ ਆਗੂ ਦੀ ਆਰਤੀ ਉਤਾਰਣ ਸਬੰਧੀ ਅਕਾਲ ਤਖ਼ਤ ਵੱਲੋਂ ਸਖ਼ਤ ਤਾੜਨਾ

ਅੰਮ੍ਰਿਤਸਰ/ਬਿਊਰੋ ਨਿਊਜ਼ :
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆਰਤੀ ਨੂੰ ਨਾਮਧਾਰੀ ਸੰਪਰਦਾ ਦੇ ਇੱਕ ਧੜੇ ਦੇ ਆਗੂ ਦੀ ਆਰਤੀ ਕਰਨ ਲਈ ਵਰਤੇ ਜਾਣ ਅਤੇ ਇਸ ਦੀ ਵੀਡਿਓ ਵਾਇਰਲ ਹੋਣ ‘ਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਖ਼ਤ ਇਤਰਾਜ਼ ਦਾ ਪ੍ਰਗਟਾਵਾ ਕਰਦਿਆਂ ਤਾੜਨਾ ਕੀਤੀ ਹੈ ਕਿ ਅਜਿਹੀਆਂ ਹਰਕਤਾਂ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਭੜਕ ਸਕਦੀਆਂ ਹਨ।
ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਇਸ ਸਬੰਧੀ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਨਾਮਧਾਰੀ ਸੰਪਰਦਾ ਦੇ ਇਕ ਧੜੇ ਦੇ ਆਗੂ ਠਾਕੁਰ ਦਲੀਪ ਸਿੰਘ ਬੈਠੇ ਹਨ ਅਤੇ ਕੁਝ ਔਰਤਾਂ ਉਨ੍ਹਾਂ ਦੀ ਆਰਤੀ ਉਤਾਰ ਰਹੀਆਂ ਹਨ। ਇਹ ਔਰਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆਰਤੀ ਨੂੰ ਸੰਪਰਦਾ ਦੇ ਮੁਖੀ ਦੀ ਆਰਤੀ ਉਤਾਰਨ ਲਈ ਵਰਤ ਰਹੀਆਂ ਹਨ, ਜੋ ਘੋਰ ਮਨਮਤ ਹੈ। ਇਸ ਵੀਡੀਓ ਨੂੰ ਦੇਖਣ ਮਗਰੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਅਜਿਹੀਆਂ ਮਨਮਤ ਕਾਰਵਾਈਆਂ ਦੀ ਗੁਰਬਾਣੀ ਵਿੱਚ ਨਿਖੇਧੀ ਕੀਤੀ ਗਈ ਹੈ ਅਤੇ ਇਹ ਕਾਰਵਾਈ ਗੁਰਬਾਣੀ ਦਾ ਨਿਰਾਦਰ ਹੈ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਪਹਿਲਾਂ ਹੀ ਕਈ ਮੁਸ਼ਕਲਾਂ ਵਿੱਚੋਂ ਲੰਘ ਰਹੀ ਹੈ ਅਤੇ ਅਜਿਹੇ ਸਮੇਂ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਨੁਕਸਾਨਦੇਹ ਸਾਬਿਤ ਹੋ ਸਕਦੀ ਹੈ। ਉਨ੍ਹਾਂ ਸ਼ੰਕਾ ਪ੍ਰਗਟਾਈ ਕਿ ਅਜਿਹੀ ਵੀਡੀਓ ਵਾਇਰਲ ਕਰਨਾ  ਸਾਜ਼ਿਸ਼ ਦਾ  ਹਿੱਸਾ ਵੀ ਹੋ ਸਕਦਾ ਹੈ। ਉਨ੍ਹਾਂ ਆਖਿਆ ਕਿ ਨਾਮਧਾਰੀ ਸੰਪਰਦਾ ਨੇ ਸਿੱਖ ਕੌਮ ਲਈ ਸਮੇਂ-ਸਮੇਂ ਕਈ ਕੁਰਬਾਨੀਆਂ ਕੀਤੀਆਂ ਸਨ ਪਰ ਇਸ ਤਰ੍ਹਾਂ ਦੀ ਕਾਰਵਾਈ ਸੰਪਰਦਾ ਨੂੰ ਸ਼ੋਭਾ ਨਹੀਂ ਦਿੰਦੀ।