ਕੈਨੇਡਾ ਪੁਲਿਸ ਵੱਲੋਂ ਪੰਜਾਬੀ ਨੌਜਵਾਨ ਤੋਂ ਬਚ ਕੇ ਰਹਿਣ ਦੀ ਚੇਤਾਵਨੀ

ਕੈਨੇਡਾ ਪੁਲਿਸ ਵੱਲੋਂ ਪੰਜਾਬੀ ਨੌਜਵਾਨ ਤੋਂ ਬਚ ਕੇ ਰਹਿਣ ਦੀ ਚੇਤਾਵਨੀ

ਐਬਟਸਫੋਰਡ/ਬਿਊਰੋ ਨਿਊਜ਼ :

ਪੰਜਾਬੀ ਗੱਭਰੂ ਵਰਿੰਦਰਪਾਲ ਸਿੰਘ ਗਿੱਲ-ਉਮਰ 19 ਸਾਲ-ਕੱਦ 6’2” ਇੰਚ, ਕੈਨੇਡਾ ਦੇ ਐਬਟਸਫੋਰਡ ਸ਼ਹਿਰ ਦੀ ਪੁਲਿਸ ਲਈ ਸਿਰਦਰਦੀ ਬਣਿਆ ਹੋਇਆ ਹੈ। ਕੈਨੇਡਾ ਦੀ ਪੁਲਿਸ ਨੇ ਆਮ ਲੋਕਾਂ ਨੂੰ ਇਸ ਪੰਜਾਬੀ ਨੌਜਵਾਨ ਤੋਂ ਬਚ ਕੇ ਰਹਿਣ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਸ ਨੌਜਵਾਨ ਦੀ ਕਿਤੇ ਵੀ ਮੌਜੂਦਗੀ ਦੂਜੇ ਲੋਕਾਂ ਲਈ ਗੰਭੀਰ ਖ਼ਤਰਾ ਬਣ ਸਕਦੀ ਹੈ। ਵਰਿੰਦਰਪਾਲ ਗਿੱਲ ਨੂੰ ਮੁੰਡਿਆਂ ਵਿਚ ਵੀਪੀ ਨੂੰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਵੀਪੀ ਐਬਟਸਫੋਰਡ ਅਤੇ ਲੋਅਰ ਮੇਨਲੈਂਡ ਵਿਚ ਜਾਰੀ ਗੈਂਗਵਾਰ ਵਿਚ ਸ਼ਾਮਿਲ ਹੈ।
ਪੁਲਿਸ ਵੱਲੋਂ ਜਾਰੀ ਇਕ ਪ੍ਰੈਸ ਰਿਲੀਜ਼ ਵਿਚ ਦੱਸਿਆ ਗਿਆ ਹੈ ਕਿ, ਜ਼ਿਆਦਾਤਰ ਗੋਲ਼ੀ ਚੱਲਣ ਦੀਆਂ ਵਾਰਦਾਤਾਂ ਜਨਤਕ ਥਾਵਾਂ ‘ਤੇ ਹੀ ਹੁੰਦੀਆਂ ਹਨ, ਇਸੇ ਲਈ ਵਰਿੰਦਰਪਾਲ ਗਿੱਲ ਦੀ ਕਿਤੇ ਵੀ ਮੌਜੂਦਗੀ ਲੋਕਾਂ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾ ਸਕਦੀ ਹੈ। ਐਬਟਸਫੋਰਡ ਪੁਲਿਸ ਦਾ ਇਹ ਵੀ ਮੰਨਣਾ ਹੈ ਕਿ ਗਿੱਲ ਕਰਕੇ ਹੋਰ ਗੈਂਗ ਦੇ ਲੋਕਾਂ ਲਈ ਵੀ ਖ਼ਤਰਾ ਹੈ ਅਤੇ ਉਹ ਖੁਦ ਵੀ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਗੈਂਗਵਾਰ ਦੀਆਂ ਘਟਨਾਵਾਂ ਵਧ ਰਹੀਆਂ ਹਨ ਤੇ ਇਨ੍ਹਾਂ ਵਿਚ ਪੰਜਾਬੀਆਂ ਦੀ ਸ਼ਮੂਲੀਅਤ ਵੀ ਕਾਫੀ ਵਧ ਗਈ ਹੈ।